Punjab Crime : ਪਟਿਆਲਾ ਪੁਲਿਸ ਤੇ ਗੋਲਡੀ ਢਿੱਲੋਂ ਗੈਂਗ ਦੇ ਸ਼ੂਟਰਾਂ ਵਿਚਾਲੇ ਮੁਕਾਬਲਾ; 2 ਜ਼ਖ਼ਮੀ, ਹਥਿਆਰ ਬਰਾਮਦ
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹਨਾਂ ਸ਼ੂਟਰਾਂ ਨੇ ਹੀ 12 ਦਸੰਬਰ 2025 ਨੂੰ ਪਿੰਡ ਗੋਂਦੋਮਾਜਰਾ ਦੇ ਰਹਿਣ ਵਾਲੇ ਦਰਸ਼ਨ ਸਿੰਘ 'ਤੇ ਜਾਨਲੇਵਾ ਹਮਲਾ ਕੀਤਾ ਸੀ। ਦਰਸ਼ਨ ਸਿੰਘ ਦਾ ਲੜਕਾ ਅਮਰੀਕਾ ਵਿੱਚ ਰਹਿੰਦਾ ਹੈ। ਗੋਲਡੀ ਢਿੱਲੋਂ ਉਸ ਪਾਸੋਂ ਫਿਰੌਤੀ ਦੀ ਮੰਗ ਕਰ ਰਿਹਾ ਸੀ।
Publish Date: Mon, 12 Jan 2026 03:55 PM (IST)
Updated Date: Mon, 12 Jan 2026 03:58 PM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ,ਪਟਿਆਲਾ : ਪਟਿਆਲਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਖ਼ਤਰਨਾਕ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਢਿੱਲੋਂ (ਬਰਾੜ) ਗੈਂਗ ਦੇ ਦੋ ਸ਼ੂਟਰਾਂ ਨੂੰ ਪੁਲਿਸ ਮੁਠਭੇੜ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਵਿੱਚ ਦੋਵੇਂ ਸ਼ੂਟਰ ਜ਼ਖਮੀ ਹੋ ਗਏ ਹਨ।
ਐਸ.ਐਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੋਲਡੀ ਢਿੱਲੋਂ ਗੈਂਗ ਦੇ ਦੋ ਸ਼ੂਟਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ। ਜਦੋਂ ਪੁਲਿਸ ਪਾਰਟੀ ਨੇ ਮੋਟਰਸਾਈਕਲ ਸਵਾਰ ਸ਼ੱਕੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਪੁਲਿਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਦੋਵੇਂ ਦੋਸ਼ੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਸ਼ੂਟਰ ਦਵਿੰਦਰ ਸਿੰਘ ਵਾਸੀ ਚਮਕੌਰ ਸਾਹਿਬ, ਰੋਪੜ ਅਤੇ ਅਨੁਜ ਕੁਮਾਰ (ਉਮਰ 21 ਸਾਲ) ਵਾਸੀ ਪਿੰਡ ਮਾਜੇਮਾਜਰਾ, ਚਮਕੌਰ ਸਾਹਿਬ ਤੋਂ ਇੱਕ .30 ਬੋਰ ਦਾ ਪਿਸਤੌਲ, ਇੱਕ .32 ਬੋਰ ਦਾ ਪਿਸਤੌਲ, ਕੁੱਲ 07 ਖੋਲ ਅਤੇ 03 ਜ਼ਿੰਦਾ ਕਾਰਤੂਸ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹਨਾਂ ਸ਼ੂਟਰਾਂ ਨੇ ਹੀ 12 ਦਸੰਬਰ 2025 ਨੂੰ ਪਿੰਡ ਗੋਂਦੋਮਾਜਰਾ ਦੇ ਰਹਿਣ ਵਾਲੇ ਦਰਸ਼ਨ ਸਿੰਘ 'ਤੇ ਜਾਨਲੇਵਾ ਹਮਲਾ ਕੀਤਾ ਸੀ। ਦਰਸ਼ਨ ਸਿੰਘ ਦਾ ਲੜਕਾ ਅਮਰੀਕਾ ਵਿੱਚ ਰਹਿੰਦਾ ਹੈ। ਗੋਲਡੀ ਢਿੱਲੋਂ ਉਸ ਪਾਸੋਂ ਫਿਰੌਤੀ ਦੀ ਮੰਗ ਕਰ ਰਿਹਾ ਸੀ।
ਫਿਰੌਤੀ ਵਸੂਲਣ ਲਈ ਦਬਾਅ ਬਣਾਉਣ ਦੇ ਮਕਸਦ ਨਾਲ ਗੋਲਡੀ ਨੇ ਸਪੇਨ ਵਿੱਚ ਬੈਠੇ ਆਪਣੇ ਸਾਥੀ ਮਨਦੀਪ ਸਰਪੰਚ ਰਾਹੀਂ ਭਾਰਤ ਵਿੱਚ ਹਥਿਆਰ ਅਤੇ ਪੈਸੇ ਮੁਹੱਈਆ ਕਰਵਾ ਕੇ ਦਰਸ਼ਨ ਸਿੰਘ 'ਤੇ ਗੋਲੀਆਂ ਚਲਵਾਈਆਂ ਸਨ। ਪੁਲਿਸ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਖਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਇਸ ਤਾਜ਼ਾ ਮਾਮਲੇ ਸਬੰਧੀ ਥਾਣਾ ਸਦਰ ਪਟਿਆਲਾ ਵਿਖੇ ਇਰਾਦਾ-ਏ-ਕਤਲ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।