ਕਰਨਲ ਬਾਠ ਕੁੱਟਮਾਰ ਮਾਮਲਾ : ਪਤਨੀ ਨੇ ਇੰਸਪੈਕਟਰ ਨੂੰ ਮੋਹਾਲੀ ’ਚ ਨਿਯੁਕਤੀ ਦੇਣ ’ਤੇ ਚੁੱਕੇ ਸਵਾਲ
ਜਸਵਿੰਦਰ ਕੌਰ ਅਨੁਸਾਰ, ਇਹ ਨਿਯੁਕਤੀ ਇਸ ਲਈ ਕੀਤੀ ਗਈ ਹੈ ਤਾਂ ਜੋ ਮੁਲਜ਼ਮ ਮੋਹਾਲੀ ’ਚ ਰਹਿ ਕੇ ਕੇਸ ਨੂੰ ਕਮਜ਼ੋਰ ਕਰ ਸਕੇ। ਉਨ੍ਹਾਂ ਨੇ ਡੀਆਈਜੀ ਡਾ. ਨਾਨਕ ਸਿੰਘ ’ਤੇ ਐੱਫਆਈਆਰ ਦਰਜ ਕਰਨ ’ਚ ਦੇਰੀ ਕਰਨ ਅਤੇ ਮੁਲਜ਼ਮ ਨੂੰ ਮੋਹਾਲੀ ’ਚ ਪੋਸਟਿੰਗ ਦਿਵਾਉਣ ਦੇ ਦੋਸ਼ ਲਾਏ ਹਨ।
Publish Date: Fri, 27 Feb 2026 11:33 AM (IST)
Updated Date: Fri, 27 Feb 2026 02:54 PM (IST)
ਸੀਨੀਅਰ ਸਟਾਫ ਰਿਪੋਰਟਰ, ਪਟਿਆਲਾ: ਆਰਮੀ ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਹੋਈ ਕੁੱਟਮਾਰ ਦੇ ਮਾਮਲੇ ’ਚ ਸੀਬੀਆਈ ਵੱਲੋਂ ਅਦਾਲਤ ’ਚ ਚਾਲਾਨ ਪੇਸ਼ ਕੀਤੇ ਜਾਣ ਤੋਂ ਬਾਅਦ ਵਿਵਾਦ ਮੁੜ ਭਖ ਗਿਆ ਹੈ। ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਨੇ ਵੀਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਾਏ ਹਨ। ਜਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਸੀਬੀਆਈ ਦੇ ਚਾਲਾਨ ਦੀ ਕਾਪੀ ਹਾਸਲ ਕਰ ਲਈ ਹੈ, ਪਰ ਉਹ ਪੁਲਿਸ ਦੀ ਕਾਰਵਾਈ ਤੋਂ ਖੁਸ਼ ਨਹੀਂ ਹਨ। ਨ੍ਹਾਂ ਦੋਸ਼ ਲਾਇਆ ਕਿ ਕੁੱਟਮਾਰ ਦੇ ਮੁੱਖ ਮੁਲਜ਼ਮ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਨੂੰ ਮੁਅੱਤਲੀ ਤੋਂ ਬਾਅਦ ਮੁੜ ਬਹਾਲ ਕਰਕੇ ਮੋਹਾਲੀ ’ਚ ‘ਐਂਟੀ ਸਨੈਚਿੰਗ ਸੈੱਲ’ ਦਾ ਇੰਚਾਰਜ ਲਗਾ ਦਿੱਤਾ ਗਿਆ ਹੈ।
ਜਸਵਿੰਦਰ ਕੌਰ ਅਨੁਸਾਰ, ਇਹ ਨਿਯੁਕਤੀ ਇਸ ਲਈ ਕੀਤੀ ਗਈ ਹੈ ਤਾਂ ਜੋ ਮੁਲਜ਼ਮ ਮੋਹਾਲੀ ’ਚ ਰਹਿ ਕੇ ਕੇਸ ਨੂੰ ਕਮਜ਼ੋਰ ਕਰ ਸਕੇ। ਉਨ੍ਹਾਂ ਨੇ ਡੀਆਈਜੀ ਡਾ. ਨਾਨਕ ਸਿੰਘ ’ਤੇ ਐੱਫਆਈਆਰ ਦਰਜ ਕਰਨ ’ਚ ਦੇਰੀ ਕਰਨ ਅਤੇ ਮੁਲਜ਼ਮ ਨੂੰ ਮੋਹਾਲੀ ’ਚ ਪੋਸਟਿੰਗ ਦਿਵਾਉਣ ਦੇ ਦੋਸ਼ ਲਾਏ ਹਨ।
ਇਸ ਸਬੰਧੀ ਉਨ੍ਹਾਂ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਲ ਮੁਲਾਕਾਤ ਕਰਕੇ ਲਿਖਤੀ ਸ਼ਿਕਾਇਤ ਦਿੱਤੀ ਹੈ। ਡੀਜੀਪੀ ਨੇ ਭਰੋਸਾ ਦਿੱਤਾ ਹੈ ਕਿ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ, ਮੋਹਾਲੀ ਦੇ ਐੱਸਐੱਸਪੀ ਹਰਮਨਦੀਪ ਹੰਸ ਨੇ ਇਨ੍ਹਾਂ ਦੋਸ਼ਾਂ ਨੂੰ ਸਪੱਸ਼ਟ ਕਰਦਿਆਂ ਕਿਹਾ ਇੰਸਪੈਕਟਰ ਢਿੱਲੋਂ ਪਹਿਲਾਂ ਹੀ ਬਹਾਲ ਹੋ ਚੁੱਕੇ ਸਨ। ਉਨ੍ਹਾਂ ਨੂੰ ‘ਨਾਨ-ਪਬਲਿਕ ਡੀਲਿੰਗ’ (ਜਿੱਥੇ ਜਨਤਾ ਨਾਲ ਸਿੱਧਾ ਰਾਬਤਾ ਨਾ ਹੋਵੇ) ਵਾਲੀ ਪੋਸਟ ’ਤੇ ਲਗਾਇਆ ਗਿਆ ਸੀ। ਐਂਟੀ ਸਨੈਚਿੰਗ ਸੈੱਲ ਕੋਈ ਨਵਾਂ ਨਹੀਂ ਬਣਾਇਆ ਗਿਆ, ਇਹ ਪਹਿਲਾਂ ਤੋਂ ਹੀ ਕੰਮ ਕਰ ਰਿਹਾ ਸੀ।