- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸੀਆਂ ਦੀਆਂ ਸਟੇਜਾਂ ਤੇ ਆਪਣੇ ਆਪ ਨੂੰ ਅਤੇ ਕੁਰਸੀਆਂ ਨੂੰ ਬਚਾਉਣ ਦੀਆਂ ਗੱਲਾਂ ਹੁੰਦੀਆਂ ਹਨ ਉੱਥੇ ਹੀ ਸਾਡੀ ਸਟੇਜ ਤੋਂ ਲੋਕ ਭਲਾਈ ਦੀਆਂ ਗੱਲਾਂ ਹੁੰਦੀਆਂ ਹਨ।
ਨਵਦੀਪ ਢੀਂਗਰਾ,ਪੰਜਾਬੀ ਜਾਗਰਣ,ਪਟਿਆਲਾ/ਸਨੌਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪਟਿਆਲਾ ਦੇ ਹਲਕਾ ਸਨੌਰ ਵਿਖੇ ਕਰੀਬ 100 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪਹੁੰਚੇ। ਇਸ ਮੌਕੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਰਵਾਇਤੀ ਸਿਆਸੀ ਪਾਰਟੀਆਂ 'ਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਜਨਤਾ ਦੀ ਤਾਕਤ ਦਾ ਅਹਿਸਾਸ ਕਰਵਾਇਆ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਜਨਤਾ ਸਭ ਤੋਂ ਵੱਧ ਤਾਕਤਵਰ ਹੈ; ਜਦੋਂ ਲੋਕ ਹਿਸਾਬ-ਕਿਤਾਬ ਕਰਨ 'ਤੇ ਆਉਂਦੇ ਹਨ, ਤਾਂ ਉਹ ਵੱਡੇ-ਵੱਡੇ ਸਿਆਸੀ ਦਿੱਗਜਾਂ ਨੂੰ ਵੀ ਘਰ ਬਿਠਾ ਦਿੰਦੇ ਹਨ।
ਮੁੱਖ ਮੰਤਰੀ ਨੇ ਪਿਛਲੇ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਆਮ ਆਦਮੀ ਪਾਰਟੀ’ ਦੀ ਸਰਕਾਰ ਨੇ ਸੂਬੇ ਵਿੱਚ ਸਿਹਤ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਇਤਿਹਾਸਕ ਕਦਮ ਚੁੱਕੇ ਹਨ। ਉਨ੍ਹਾਂ ਕਿਹਾ, "ਅਸੀਂ ਨੌਜਵਾਨਾਂ ਨੂੰ ਸਿਫ਼ਾਰਸ਼ ਦੀ ਬਜਾਏ ਮੈਰਿਟ ਦੇ ਅਧਾਰ 'ਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ, ਤਾਂ ਜੋ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ।" ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਵਿਕਾਸ ਦੀ ਗੱਡੀ ਹੁਣ ਲੀਹ 'ਤੇ ਪੈ ਚੁੱਕੀ ਹੈ ਅਤੇ ਹੁਣ ਸਮਾਂ ਇਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨ ਦਾ ਹੈ, ਜਿਸ ਲਈ ਜਨਤਾ ਦਾ ਸਾਥ ਬਹੁਤ ਜ਼ਰੂਰੀ ਹੈ।
ਪਾਣੀਆਂ ਦੇ ਗੰਭੀਰ ਮੁੱਦੇ 'ਤੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਪਟਿਆਲਾ ਵਿੱਚੋਂ ਲੰਘਦੀ ਭਾਖੜਾ ਨਹਿਰ ਦੇ 25 ਪ੍ਰਤੀਸ਼ਤ ਪਾਣੀ 'ਤੇ ਇਸੇ ਇਲਾਕੇ ਦਾ ਹੱਕ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਨੇ ਇਸ ਹੱਕ ਨੂੰ ਅਣਗੌਲਿਆ ਕਰਕੇ ਸਾਰਾ ਪਾਣੀ ਹਰਿਆਣਾ ਨੂੰ ਦਿੱਤਾ, ਜਿਸ ਕਾਰਨ ਪੰਜਾਬ ਰੇਗਿਸਤਾਨ ਬਣਨ ਦੀ ਕਗਾਰ 'ਤੇ ਪਹੁੰਚ ਗਿਆ ਸੀ। "ਪਿਛਲੇ ਹਾਕਮਾਂ ਨੇ ਪੰਜਾਬ ਦਾ ਪਾਣੀ ਲੁਟਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਸੀ, ਪਰ ਜਨਤਾ ਨੇ ਸਹੀ ਸਮੇਂ 'ਤੇ ਬਦਲਾਅ ਲਿਆਂਦਾ। ਅਸੀਂ ਦਿਨ-ਰਾਤ ਇੱਕ ਕਰਕੇ ਆਪਣੇ ਹਿੱਸੇ ਦਾ ਪਾਣੀ ਬਚਾਇਆ ਹੈ ਅਤੇ ਭਵਿੱਖ ਵਿੱਚ ਵੀ ਇੱਕ ਬੂੰਦ ਪਾਣੀ ਕਿਸੇ ਹੋਰ ਨੂੰ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।"
ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸੀਆਂ ਦੀਆਂ ਸਟੇਜਾਂ ਤੇ ਆਪਣੇ ਆਪ ਨੂੰ ਅਤੇ ਕੁਰਸੀਆਂ ਨੂੰ ਬਚਾਉਣ ਦੀਆਂ ਗੱਲਾਂ ਹੁੰਦੀਆਂ ਹਨ ਉੱਥੇ ਹੀ ਸਾਡੀ ਸਟੇਜ ਤੋਂ ਲੋਕ ਭਲਾਈ ਦੀਆਂ ਗੱਲਾਂ ਹੁੰਦੀਆਂ ਹਨ।
ਮੁੱਖ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਦੇ ਕੁਦਰਤੀ ਸਾਧਨਾਂ ਦੀ ਯੋਗ ਵਰਤੋਂ ਕਰਕੇ ਸੂਬੇ ਨੂੰ ਮੁੜ 'ਰੰਗਲਾ ਪੰਜਾਬ' ਬਣਾਉਣ ਲਈ ਵਚਨਬੱਧ ਹੈ।