ਜੇਲ੍ਹ ਮੰਤਰੀ ਵੱਲੋਂ ਉਜਾਲਾ ਨਰਸਰੀ ਤੇ ਨਵੀਂ ਲਾਇਬ੍ਰੇਰੀ ਦਾ ਉਦਘਾਟਨ
ਜੇਲ੍ਹ ਮੰਤਰੀ ਵੱਲੋਂ ਸੈਂਟਰਲ ਜੇਲ੍ਹ ਪਟਿਆਲਾ ਵਿਖੇ “ਉਜਾਲਾ ਨਰਸਰੀ” ਅਤੇ ਨਵੀਂ ਲਾਇਬ੍ਰੇਰੀ ਦਾ ਉਦਘਾਟਨ
Publish Date: Fri, 24 Apr 2026 06:24 PM (IST)
Updated Date: Fri, 24 Apr 2026 06:28 PM (IST)

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ•, ਪਟਿਆਲਾ : ਪੰਜਾਬ ਦੇ ਸੰਸਦੀ ਮਾਮਲਿਆਂ, ਐੱਨਆਰਆਈ ਮਾਮਲਿਆਂ ਅਤੇ ਜੇਲ੍ਹਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਸ਼ੁੱਕਰਵਾਰ ਨੂੰ ਸੈਂਟਰਲ ਜੇਲ੍ਹ ਪਟਿਆਲਾ ਦਾ ਵਿਸ਼ੇਸ਼ ਦੌਰਾ ਕਰਦਿਆਂ ਜੇਲ੍ਹ ਪ੍ਰਬੰਧਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ‘ਉਜਾਲਾ ਨਰਸਰੀ’ ਅਤੇ ਨਵੀਂ ਤਿਆਰ ਕੀਤੀ ਗਈ ਜੇਲ੍ਹ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਉਜਾਲਾ ਨਰਸਰੀ ਦਾ ਮਕਸਦ ਕੈਦੀਆਂ ’ਚ ਵਾਤਾਵਰਣ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਉਨ੍ਹਾਂ ਨੂੰ ਰਚਨਾਤਮਕ ਗਤੀਵਿਧੀਆਂ ਨਾਲ ਜੋੜਨਾ ਹੈ। ਨਵੀਂ ਲਾਇਬ੍ਰੇਰੀ ਕੈਦੀਆਂ ਨੂੰ ਸਿੱਖਿਆ ਅਤੇ ਜਾਣਕਾਰੀ ਪ੍ਰਾਪਤ ਕਰਨ ਦੇ ਵਧੀਆ ਮੌਕੇ ਪ੍ਰਦਾਨ ਕਰੇਗੀ, ਜਿਸ ਨਾਲ ਉਹ ਆਪਣੇ ਜੀਵਨ ਵਿਚ ਸਕਾਰਾਤਮਕ ਬਦਲਾਅ ਲਿਆ ਸਕਣਗੇ। ਜੇਲ੍ਹ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਜੇਲ੍ਹਾਂ ਨੂੰ ਸੁਧਾਰ ਅਤੇ ਪੁਨਰਵਾਸ ਦੇ ਕੇਂਦਰਾਂ ਵਿਚ ਤਬਦੀਲ ਕਰਨ ਲਈ ਵਚਨਬੱਧ ਹੈ। ਦੌਰੇ ਦੌਰਾਨ ਮੰਤਰੀ ਨੇ ਜੇਲ੍ਹ ਹਸਪਤਾਲ, ਬੈਰਕਾਂ ਅਤੇ ਆਮ ਆਦਮੀ ਕਲੀਨਿਕ ਸਮੇਤ ਵੱਖ-ਵੱਖ ਇਕਾਈਆਂ ਦੀ ਜਾਂਚ ਕੀਤੀ ਅਤੇ ਕੈਦੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕੈਦੀਆਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਦੇ ਸਿਹਤ, ਸਿੱਖਿਆ ਅਤੇ ਪੁਨਰਵਾਸ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹਾਂ ਸਿਰਫ ਸਜ਼ਾ ਦੇਣ ਦੇ ਸਥਾਨ ਨਹੀਂ, ਸਗੋਂ ਸੁਧਾਰ ਅਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੇ ਕੇਂਦਰ ਹਨ। ਇਸ ਮੌਕੇ ਜੇਲ੍ਹ ਵਿਭਾਗ ਦੇ ਸਕੱਤਰ ਮੁਹੰਮਦ ਤਈਅਬ, ਜੇਲ੍ਹ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ, ਐਡੀਸ਼ਨਲ ਸੁਪਰਡੈਂਟ ਜੈਦੀਪ ਸਿੰਘ, ਐਡੀਸ਼ਨਲ ਸੁਪਰਡੈਂਟ ਅਰਪਣਜੋਤ ਸਿੰਘ, ਡਿਪਟੀ ਸੁਪਰਡੈਂਟ ਸਿਕਿਉਰਿਟੀ ਆਦਰਸ਼ਪਾਲ ਸਿੰਘ ਅਤੇ ਸਹਾਇਕ ਕਰਨਵੀਰ ਸਿੰਘ ਵੀ ਮੌਜੂਦ ਸਨ।