ਸ਼ਰਾਬ ਪੀ ਕੇ ਸਕੂਲ ਦੀ ਗੱਡੀ ਚਲਾਉਣ ਤੇ ਬਿਨਾਂ ਕਾਗਜ਼ਾਤ ’ਤੇ ਬੱਸ ਜ਼ਬਤ
ਸ਼ਰਾਬ ਪੀ ਕੇ ਸਕੂਲ ਦੀ ਗੱਡੀ ਚਲਾਉਣ ਅਤੇ ਬਿਨਾਂ ਕਾਗਜਾਤ ਤੇ ਇੱਕ ਬੱਸ ਜਬਤ
Publish Date: Sat, 18 Apr 2026 07:07 PM (IST)
Updated Date: Sun, 19 Apr 2026 04:13 AM (IST)

ਐੱਚਐੱਸਸੈਣੀ, ਪੰਜਾਬੀ ਜਾਗਰਣ, ਰਾਜਪੁਰਾ: ਟਰੈਫਿਕ ਪੁਲਿਸ ਰਾਜਪੁਰਾ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੋ ਦਰਜਨ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ ਅਤੇ ਨਾਲ ਹੀ ਸ਼ਰਾਬ ਪੀ ਕੇ ਸਕੂਲ ਦੀ ਬੱਸ ਚਲਾਉਣ ਵਾਲੇ ਡਰਾਈਵਰ ਅਤੇ ਬਿਨਾਂ ਕਾਗਜ਼ਾਂ ਦੇ ਬੱਸ ਜ਼ਬਤ ਕੀਤੀ ਗਈ। ਟਰੈਫਿਕ ਪੁਲਿਸ ਰਾਜਪੁਰਾ ਦੇ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐੱਸਪੀ ਟ੍ਰੈਫਿਕ ਪੁਲਿਸ ਹਰਿੰਦਰ ਸਿੰਘ ਮਾਨ ਤੇ ਡੀਐੱਸਪੀ ਪੁਨੀਤ ਸਿੰਘ ਚਹਿਲ ਦੀ ਅਗਵਾਈ ’ਚ ਉਨ੍ਹਾਂ ਵੱਲੋਂ ਏਐੱਸਆਈ ਮਨਜੀਤ ਸਿੰਘ ਤੇ ਹੌਲਦਾਰ ਨਰਿੰਦਰਪਾਲ ਸਿੰਘ ਨਾਲ ਰਾਜਪੁਰਾ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ਤੇ ਸਕੂਲਾਂ ਦੇ ਬਾਹਰ ਨਾਕਾਬੰਦੀ ਕਰ ਕੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਲਾਨ ਕੱਟੇ ਗਏ। ਉਨ੍ਹਾਂ ਦੱਸਿਆ ਕਿ ਸਕੂਲ ਦੀ ਬੱਸ ਦੇ ਡਰਾਈਵਰ ਨੂੰ ਜਦੋਂ ਬੱਸ ਸਬੰਧੀ ਕਾਗਜ਼ਾਤ ਦਿਖਾਉਣ ਲਈ ਕਿਹਾ ਗਿਆ ਤਾਂ ਮੌਕੇ ’ਤੇ ਉਹ ਕੋਈ ਵੀ ਕਾਗਜ਼ਾਤ ਨਹੀਂ ਦਿਖਾ ਸਕਿਆ ਤੇ ਉਸ ਨੇ ਡਰਾਈਵਿੰਗ ਦੌਰਾਨ ਸ਼ਰਾਬ ਪੀਤੀ ਹੋਈ ਸੀ, ਜਿਸ ਦੇ ਚੱਲਦਿਆਂ ਇਸ ਸਕੂਲ ਬੱਸ ਨੂੰ ਬਾਊਂਡ ਕੀਤਾ ਗਿਆ। ਇਸ ਤੋਂ ਇਲਾਵਾ ਸੜਕ ਕਿਨਾਰੇ ਗਲਤ ਪਾਰਕਿੰਗ ਦੇ 15 ਚਲਾਨ, ਪ੍ਰੈਸ਼ਰ ਹੋਰਨ ਦੇ 2 ਚਲਾਨ ਤੇ ਬਿਨਾਂ ਪਰਮਿਟ 1 ਚਲਾਨ ਸਮੇਤ ਕੁੱਲ ਚਲਾਨ 24 ਕੀਤੇ ਗਏ। ਟਰੈਫਿਕ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਤੇ ਉਲੰਘਣਾ ਕਰਨ ਵਾਲਿਆਂ ਖਿਲਾਫ ਟਰੈਫਿਕ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।