ਪਰਿਵਾਰਕ ਕਲੇਸ਼ ਨੇ ਲਈ ਜਾਨ : ਨਾਭਾ ਦੇ ਪਿੰਡ ਜੱਸੋਮਾਜਰਾ 'ਚ ਵੱਡੇ ਨੇ ਕੀਤਾ ਛੋਟੇ ਭਰਾ ਦਾ ਕਤਲ, ਘਰ 'ਚੋਂ ਮਿਲੀ ਲਾਸ਼
Patiala Murder Case : ਭਾਦਸੋਂ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਨਾਲ ਜੁੜੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਜਾਰੀ ਹੈ।
Publish Date: Wed, 21 Jan 2026 02:57 PM (IST)
Updated Date: Wed, 21 Jan 2026 03:39 PM (IST)
ਮਹਿੰਦਰਪਾਲ ਬੱਬੀ, ਭਾਦਸੋਂ : ਪਟਿਆਲਾ ਜ਼ਿਲ੍ਹੇ ਦੀ ਨਾਭਾ ਤਹਿਸੀਲ ਦੇ ਪਿੰਡ ਜੱਸੋਮਾਜਰਾ 'ਚ ਪਰਿਵਾਰਕ ਵਿਵਾਦ ਕਾਰਨ ਇਕ ਸਨਸਨੀਖੇਜ਼ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵੱਡੇ ਭਰਾ 'ਤੇ ਆਪਣੇ ਛੋਟੇ ਭਰਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦੇ ਦੋਸ਼ ਲੱਗੇ ਹਨ। ਘਟਨਾ 20 ਅਤੇ 21 ਜਨਵਰੀ ਦੀ ਦਰਮਿਆਨੀ ਰਾਤ ਦੀ ਦੱਸੀ ਜਾ ਰਹੀ ਹੈ ਜਿਸ ਕਾਰਨ ਪੂਰੇ ਪਿੰਡ ਵਿਚ ਦਹਿਸ਼ਤ ਤੇ ਸੋਗ ਦਾ ਮਾਹੌਲ ਹੈ।
ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਉਰਫ਼ ਦੀਪੂ (32) ਪੁੱਤਰ ਬਲਵਿੰਦਰ ਸਿੰਘ, ਵਾਸੀ ਪਿੰਡ ਜੱਸੋਮਾਜਰਾ, ਥਾਣਾ ਭਾਦਸੋਂ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਦੀਪੂ ਦੀ ਲਾਸ਼ ਉਸ ਦੇ ਘਰ ਦੇ ਅੰਦਰ ਸ਼ੱਕੀ ਹਾਲਤ 'ਚ ਪਈ ਮਿਲੀ। ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਪਾਏ ਗਏ ਹਨ ਜਿਸ ਨਾਲ ਕਤਲ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਦੀਪੂ ਕੁਆਰਾ ਸੀ ਅਤੇ ਪਰਿਵਾਰ ਨਾਲ ਹੀ ਰਹਿੰਦਾ ਸੀ।
ਮ੍ਰਿਤਕ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਆਪਣੇ ਵੱਡੇ ਪੁੱਤਰ ਪਰਵਿੰਦਰ ਸਿੰਘ 'ਤੇ ਕਤਲ ਦਾ ਸ਼ੱਕ ਜਤਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਰਿਵਾਰਕ ਕਾਰਨਾਂ ਕਰਕੇ ਦੋਵਾਂ ਭਰਾਵਾਂ ਵਿੱਚ ਅਕਸਰ ਵਿਵਾਦ ਰਹਿੰਦਾ ਸੀ ਅਤੇ ਇਸੇ ਰੰਜਿਸ਼ ਕਾਰਨ ਪਰਵਿੰਦਰ ਸਿੰਘ ਨੇ ਆਪਣੇ ਛੋਟੇ ਭਰਾ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਰਵਿੰਦਰ ਸਿੰਘ ਸ਼ਾਦੀਸ਼ੁਦਾ ਹੈ ਅਤੇ ਪਰਿਵਾਰ ਸਮੇਤ ਪਿੰਡ ਵਿੱਚ ਹੀ ਰਹਿੰਦਾ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਭਾਦਸੋਂ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਨਾਭਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਹੋ ਸਕੇਗੀ।
ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਸ਼ੁਰੂ ਕੀਤੀ ਕਾਰਵਾਈ
ਭਾਦਸੋਂ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਨਾਲ ਜੁੜੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।