ਬਿਜਲੀ ਦੇ ਲੰਮੇ ਲੰਮੇ ਕੱਟ ਕੱਢ ਰਹੇ ਲੋਕਾਂ ਦੇ ਵੱਟ…

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਅੱਤ ਦੀ ਗਰਮੀ ਦੌਰਾਨ ਪਿੰਡਾਂ ਵਿਚ ਲੱਗ ਰਹੇ ਬਿਜਲੀ ਦੇ ਲੰਮੇ ਲੰਮੇ ਕੱਟਾਂ ਤੋਂ ਲੋਕ ਡਾਹਢੇ ਪ੍ਰੇਸ਼ਾਨ ਹਨ। ਇੰਨਾਂ ਕੱਟਾਂ ਤੋਂ ਦੁਖੀ ਪਿੰਡ ਵਾਸੀ ਬੀਤੀ ਰਾਤ ਬਿਜਲੀ ਗਰਿੱਡ ਮੋਹੀ ਕਲਾਂ ਦਾ ਘਿਰਾਓ ਕਰਨ ਪੁੱਜੇ। ਪਿੰਡ ਵਾਸੀਆਂ ਨੂੰ ਵੱਡੀ ਗਿਣਤੀ ਵਿਚ ਆਉਂਦੇ ਵੇਖ ਮੌਕੇ ਤੇ ਮੌਜੂਦ ਮੁਲਜ਼ਮਾਂ ਆਪਾ ਬਚਾਉਂਦੇ ਹੋਏ ਤੁਰੰਤ ਬਿਜਲੀ ਸਪਲਾਈ ਬਹਾਲ ਕਰ ਦਿੱਤੀ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਭਟੇੜੀ ਕਲਾਂ ਦੇ ਜ਼ਿਲ੍ਹਾ ਪਟਿਆਲਾ ਦੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਰਾਮਪੁਰ, ਰਾਮਪੁਰ ਇਕਾਈ ਦੇ ਪ੍ਰਧਾਨ ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ, ਬਾਬੂ ਸਿੰਘ ਬਲਾਕ ਮੈਂਬਰ ਰਾਮਪੁਰ ਖੁਰਦ, ਸਿਮਰਨਜੀਤ ਸਿੰਘ, ਨੰਬਰਦਾਰ ਸਿਮਰਨਜੀਤ ਸਿੰਘ, ਖੇਮ ਸਿੰਘ ਰਾਮਨਗਰ, ਦਿਲਬਾਗ ਸਿੰਘ ਰਾਮ ਨਗਰ, ਗੁਰਜਿੰਦਰ ਸਿੰਘ, ਮੇਜਰ ਸਿੰਘ, ਮਨਜਿੰਦਰ ਸਿੰਘ, ਕਮਲਜੀਤ ਸਿੰਘ ਚੰਗੇਰਾ, ਦਲਬੀਰ ਸਿੰਘ ਚਗੇਰਾ, ਅਵਤਾਰ ਸਿੰਘ ਬੱਲ ਮਾਜਰਾ, ਮੋਹਨਜੀਤ ਸਿੰਘ, ਸੁਰਜੀਤ ਸਿੰਘ ਤੋਂ ਇਲਾਵਾ ਹੋਰ ਸੈਂਕੜੇ ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਅੱਤ ਦੀ ਗਰਮੀ ਪੈ ਰਹੀ ਹੈ। ਇਸ ਅੱਤ ਦੀ ਗਰਮੀ ਵਿੱਚ ਰੋਜ਼ਾਨਾ ਬਿਜਲੀ ਦੇ ਲੰਮੇ ਲੰਮੇ ਕੱਟ ਲਗਾਏ ਜਾ ਰਹੇ ਹਨ, ਜਿਸ ਕਾਰਨ ਪਿੰਡਾਂ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਜਦੋਂ ਬੀਤੀ ਰਾਤ ਬਿਜਲੀ ਦਾ ਕੱਟ ਲੱਗਾ ਹੋਇਆ ਸੀ ਤਾਂ ਪਿੰਡ ਰਾਮਪੁਰ, ਰਾਮ ਨਗਰ, ਚੰਗੇਰਾ ਅਤੇ ਬੱਲ ਮਾਜਰਾ ਦੇ ਵਸਨੀਕਾਂ ਨੇ ਦੁਖੀ ਹੋ ਕੇ ਗੁਰਦੁਆਰਾ ਸਾਹਿਬ ਵਿੱਚ ਅਨਾਉਂਸਮੈਂਟ ਕਰਵਾ ਕੇ ਪਿੰਡ ਮੋਹੀ ਕਲਾਂ ਵਿਖੇ ਸਥਿਤ ਬਿਜਲੀ ਗਰਿੱਡ ਦੇ ਘਰਾਓ ਕਰਨ ਦਾ ਐਲਾਨ ਕਰ ਦਿੱਤਾ। ਗੁਰਦੁਆਰਾ ਸਾਹਿਬ ਵਿੱਚ ਅਨਾਉਂਸਮੈਂਟ ਹੋਣ ਤੋਂ ਬਾਅਦ ਲੋਕ ਇਕੱਠੇ ਹੋ ਕੇ ਬਿਜਲੀ ਗਰਿੱਡ ਮੋਹੀ ਕਲਾਂ ਵਿਚ ਸਾਢੇ ਨੌਂ ਵਜੇ ਦੇ ਕਰੀਬ ਪਹੁੰਚੇ। ਜਿੱਥੇ ਤੁਰੰਤ ਅਧਿਕਾਰੀਆਂ ਨੇ ਪਿੰਡਾਂ ਦੀ ਬੰਦ ਕੀਤੀ ਹੋਈ ਬਿਜਲੀ ਸਪਲਾਈ ਬਹਾਲ ਕਰ ਦਿੱਤੀ। ਕਿਸਾਨ ਆਗੂ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਦੇ ਇਸ਼ਾਰੇ ਤੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਿੰਡਾਂ ਵਿਚ ਅੱਤ ਦੀ ਗਰਮੀ ਹੋਣ ਦੇ ਬਾਵਜੂਦ ਕਈ ਕਈ ਘੰਟੇ ਦੇ ਬਿਜਲੀ ਕੱਟ ਲਗਾਏ ਜਾ ਰਹੇ ਹਨ, ਪਰ ਇਸਦੇ ਬਾਵਜੂਦ ਬਾਸਮਾ, ਖੇੜੀ ਗੁਰਨਾ ਨੇੜੇ ਪਿੰਡਾਂ ਵਿੱਚ ਸਥਿਤ ਉਦਯੋਗਿਕ ਘਰਾਣਿਆਂ ਨੂੰ ਨਿਰੰਤਰ ਬਿਜਲੀ ਦਿੱਤੀ ਜਾ ਰਹੀ ਹੈ। ਜਦੋਂਕਿ ਇਸ ਵਿਭਾਗ ਵੱਲੋਂ ਬਿਜਲੀ ਦੇ ਖੰਭੇ ਤੇ ਬਿਜਲੀ ਗਰਿੱਡ ਲਈ ਜਮੀਨ ਪਿੰਡਾਂ ਦੇ ਲੋਕਾਂ ਵੱਲੋਂ ਦਿੱਤੀ ਜਾ ਰਹੀ ਹੈ। ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪਿੰਡਾਂ ਵਿਚ ਬਿਜਲੀ ਦੇ ਕੱਟ ਲਗਾਉਣੇ ਬੰਦ ਨਾ ਕੀਤੇ ਤਾਂ ਹੋਰ ਇਲਾਕੇ ਦੇ ਲੋਕਾਂ ਨੂੰ ਲੈ ਕੇ ਕੋਈ ਵੱਡਾ ਸੰਘਰਸ਼ ਵਿੱਢਿਆ ਜਾਵੇਗਾ, ਇਸਦੀ ਸਾਰੀ ਜਿੰਮੇਵਾਰੀ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ।