ਬਲਜੀਤ ਕੌਰ ਕਤਲ ਮਾਮਲਾ : ਛੇ ਦਿਨ ਬਾਅਦ ਵੀ ਮੁਲਜ਼ਮ ਨਾ ਹੋਏ ਗ੍ਰਿਫਤਾਰ, ਪੀੜਤ ਪਰਿਵਾਰ ਵਲੋਂ ਪੁਲਿਸ ਖਿਲਾਫ ਮੁੜ ਧਰਨੇ ਦਾ ਐਲਾਨ
ਛੇ ਦਿਨਾਂ ਤੋਂ ਸੰਘਰਸ਼ ਕਰ ਰਹੇ ਪਰਿਵਾਰ ਨੇ ਕਿਹਾ ਕਿ ਪਿੰਡ ਦੇ ਸਰਪੰਚ ਦੇ ਪੁੱਤਰ ਗੋਲਡੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬਜ਼ੁਰਗ ਮਾਤਾ ਬਲਜੀਤ ਕੌਰ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
Publish Date: Wed, 25 Feb 2026 12:05 PM (IST)
Updated Date: Wed, 25 Feb 2026 12:07 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਿੰਡ ਰੌਂਗਲਾ ਦੀ ਬਜ਼ੁਰਗ ਮਹਿਲਾ ਬਲਜੀਤ ਕੌਰ ਦੇ ਕਤਲ ਦੇ ਮੁੱਖ ਮੁਲਜ਼ਮਾਂ ਸਰਪੰਚ ਦੇ ਪੁੱਤਰ ਤੇ ਹੋਰਨਾਂ ਦੀ ਗ੍ਰਿਫ਼ਤਾਰੀ ਨਾ ਹੋਣ ਦੇ ਵਿਰੋਧ ਵਿਚ ਪਰਿਵਾਰ ਅੱਜ ਪੱਕਾ ਧਰਨਾ ਲਾਵੇਗਾ। ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਿੰਡ ਵਾਸੀ ਅਤੇ ਕਿਸਾਨ ਜਥੇਬੰਦੀਆਂ ਮਿਲ ਕੇ ਸੰਗਰੂਰ ਰੋਡ 'ਤੇ ਪਹੁੰਚਣਗੀਆਂ, ਜਿੱਥੇ ਸਵੇਰੇ 11 ਵਜੇ ਸੰਗਰੂਰ-ਭਵਾਨੀਗੜ੍ਹ ਬਾਈਪਾਸ ਜਾਮ ਕਰ ਦਿੱਤਾ ਜਾਵੇਗਾ। ਪਰਿਵਾਰ ਨੇ ਪੁਲਿਸ ਦੀ ਢਿੱਲੀ ਕਾਰਵਾਈ ਖ਼ਿਲਾਫ਼ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਬਾਹਰ ਬੀਤੇ ਐਤਵਾਰ ਦੁਪਹਿਰ ਕਰੀਬ 12 ਵਜੇ ਧਰਨਾ ਦਿੱਤਾ ਸੀ।
ਪਰਿਵਾਰ ਦਾ ਕਹਿਣਾ ਹੈ ਕਿ ਛੇ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਨਾਕਾਮ ਰਹੀ ਹੈ। ਕਤਲ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੇ ਬੀਤੇ ਦਿਨ ਰਾਜਿੰਦਰਾ ਹਸਪਤਾਲ ਦੇ ਬਾਹਰ ਸੜਕ ਜਾਮ ਕਰ ਦਿੱਤੀ ਸੀ। ਛੇ ਦਿਨਾਂ ਤੋਂ ਸੰਘਰਸ਼ ਕਰ ਰਹੇ ਪਰਿਵਾਰ ਨੇ ਕਿਹਾ ਕਿ ਪਿੰਡ ਦੇ ਸਰਪੰਚ ਦੇ ਪੁੱਤਰ ਗੋਲਡੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬਜ਼ੁਰਗ ਮਾਤਾ ਬਲਜੀਤ ਕੌਰ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਇਹ ਹਮਲਾ ਪੁਰਾਣੀ ਰੰਜਿਸ਼ ਅਤੇ ਡੇਢ ਲੱਖ ਰੁਪਏ ਦੇ ਲੈਣ-ਦੇਣ ਦੇ ਵਿਵਾਦ ਕਾਰਨ ਹੋਇਆ, ਜੋ ਕਾਫ਼ੀ ਸਮੇਂ ਤੋਂ ਚੱਲ ਰਿਹਾ ਸੀ। ਪੀੜਤ ਪਰਿਵਾਰ ਨੇ ਦੱਸਿਆ ਕਿ ਮੁਲਜ਼ਮ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਮੁਲਜ਼ਮ ਗ੍ਰਿਫ਼ਤਾਰ ਨਹੀਂ ਹੁੰਦੇ, ਉਹ ਨਾ ਤਾਂ ਅੰਤਿਮ ਸਸਕਾਰ ਕਰਨਗੇ ਅਤੇ ਨਾ ਹੀ ਧਰਨਾ ਖ਼ਤਮ ਕਰਨਗੇ।