ਭਾਜਪਾ ਖ਼ਿਲਾਫ਼ ਪਟਿਆਲਾ ਵਿੱਚ ‘ਆਪ’ ਵੱਲੋਂ ਰੋਸ ਪ੍ਰਦਰਸ਼ਨ

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, •ਪਟਿਆਲਾ : ਭਾਜਪਾ ਦੀਆਂ ਧੱਕੇਸ਼ਾਹੀਆਂ ਤੇ ਪੰਜਾਬ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਐਤਵਾਰ ਨੂੰ ਪਟਿਆਲਾ ਵਿਖੇ ਭਾਜਪਾ ਦੇ ਅਰਨਾ ਬਰਨਾ ਚੌਕ ਵਿਖੇ ਸਥਿਤ ਦਫਤਰ ਅੱਗੇ ਆਮ ਆਦਮੀ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਈਡੀ ਵੱਲੋਂ ਹਿਰਾਸਤ ਵਿਚ ਲੈਣ ਦੇ ਵਿਰੋਧ ਵਿਚ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਹਲਕਾ ਸਮਾਣਾ ਦੇ ਐੱਮਐੱਲਏ ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਪਾਰਟੀ ਦੇ ਅਹੁਦੇਦਾਰਾਂ, ਵਰਕਰਾਂ ਅਤੇ ਸਮੂਹ ਆਗੂਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਭਾਜਪਾ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਇਸ ਮੌਕੇ ਪੰਜਾਬ ਐਗਰੋ ਦੇ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ, ਨਗਰ ਸੁਧਾਰ ਟਰਸਟ ਦੇ ਚੇਅਰਮੈਨ ਹਰਪਾਲ ਸਿੰਘ ਵਿਰਕ ,ਵਾਈਸ ਚੇਅਰਮੈਨ ਵਿੱਕੀ ਘਨੌਰ, ਨਾਭਾ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਅਮਰੀਕ ਸਿੰਘ ਬੰਗੜ ਐਸਸੀ ਵਿੰਗ ਇੰਚਾਰਜ ਈਸਟ ਮਾਲਵਾ ਜੋਨ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਈਡੀ ਅਤੇ ਸੀਬੀਆਈ ਵੱਲੋਂ ਕੇਂਦਰੀ ਜਾਂਚ ਏਜੰਸੀਆਂ ਦਾ ਇਸਤੇਮਾਲ ਕਰਕੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬ ਦੇ ਲੋਕ ’ਤੇ ਭਾਜਪਾ ਸਰਕਾਰ ਦੀਆਂ ਇਨ੍ਹਾਂ ਤਾਨਾਸ਼ਾਹੀ ਅਤੇ ਮਨਮਾਨੀ ਨੀਤੀਆਂ ਦਾ ਕੋਈ ਅਸਰ ਨਹੀ ਪਵੇਗਾ ਕਿਉਂਕਿ ਪੰਜਾਬ ਦੇ ਲੋਕ ਕੇਂਦਰ ਸਰਕਾਰ ਦੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਡਾ. ਬਲਬੀਰ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾਂ ਲੋਕਤੰਤਰ ਅਤੇ ਪੰਜਾਬ ਦੇ ਹੱਕਾਂ ਦੀ ਰੱਖਿਆ ਲਈ ਡਟ ਕੇ ਖੜ੍ਹੀ ਰਹੇਗੀ। ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਬੀਜੇਪੀ ਹਮੇਸ਼ਾ ਹੀ ਪੰਜਾਬ ਵਿਰੋਧੀ ਰਹੀ ਹੈ, ਜਿਸਦਾ ਪੰਜਾਬੀ 2027 ਦੀਆਂ ਚੋਣਾਂ ਵਿਚ ਮੂਹ ਤੋੜਵਾ ਜਵਾਬ ਦੇਣਗੇ। ਚੇਅਰਮੈਨ ਬਲਜਿੰਦਰ ਢਿੱਲੋਂ ਨੇ ਕਿਹਾ ਕਿ ਭਾਜਪਾ ਸਰਕਾਰ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਅਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੰਜਾਬ ਦੇ ਲੋਕ ਇਸ ਤਰ੍ਹਾਂ ਦੀਆਂ ਧੱਕੇਸ਼ਾਹੀਆਂ ਅੱਗੇ ਕਦੇ ਨਹੀਂ ਝੁਕਣਗੇ। ਇਸ ਮੌਕੇ ਬਲਕਾਰ ਸਿੰਘ ਗੱਜੂ ਮਾਜਰਾ ਚੇਅਰਮੇਨ ਮਾਰਕੀਟ ਕਮੇਟੀ ਸਮਾਣਾ, ਅਸ਼ੋਕ ਸਿਰਸਵਾਲ ਚੇਅਰਮੈਨ ਮਾਰਕੀਟ ਕਮੇਟੀ ਪਟਿਆਲਾ, ਗ਼ਜਨ ਸਿੰਘ ਮੀਡੀਆ ਸਕੱਤਰ, ਪ੍ਰਿੰਸ ਲਾਂਭਾ ਜ਼ਿਲ੍ਹਾ ਮੀਡੀਆ ਇੰਚਾਰਜ, ਸੰਦੀਪ ਬੰਧੂ ਹਲਕਾ ਮੀਡੀਆ ਕੋਆਰਡੀਨੇਟ, ਜਗਤਾਰ ਜੱਗੀ, ਸਾਗਰ ਧਾਰੀਵਾਲ, ਰੁਪਾਲੀ ਗਰਗ, ਜਤਿੰਦਰ ਕੌਰ ਐਸ ਕੇ, ਮੁਕਤਾ ਗੁਪਤਾ, ਸ਼ਿਵਰਾਜ ਵਿਰਕ, ਗਿਆਨ ਚੰਦ ਸਾਰੇ ਐੱਮਸੀ ਤੇ ਪ੍ਰਦੀਪ ਗਰਗ,ਗੁਰਧਿਆਨ ਖਰੋੜ ਜ਼ਿਲ੍ਹਾ ਇੰਚਾਰਜ ਕਿਸਾਨ ਵਿੰਗ, ਵਿਨੋਦ ਸਿੰਗਲਾ ਜ਼ਿਲ੍ਹਾ ਸ਼ਹਿਰੀ ਇੰਚਾਰਜ ਟ੍ਰੇਡ ਵਿੰਗ, ਮੋਨਿਕਾ ਸ਼ਰਮਾ, ਓਮ ਪ੍ਰਕਾਸ਼, ਹਰਜੀਤ ਸਿੰਘ ਆਦਿ ਵੀ ਹਾਜ਼ਰ ਸਨ।