ਪਸ਼ੂਆਂ ’ਚ ਮੂੰਹ ਖੁਰ ਬਿਮਾਰੀ ਦੀ ਰੋਕਥਾਮ ਲਈ ਟੀਕਾਕਰਨ ਮੁਹਿੰਮ ਸ਼ੁਰੂ
ਪਸ਼ੂਆਂ ਵਿੱਚ ਮੂੰਹ ਖੁਰ ਬਿਮਾਰੀ ਦੀ ਰੋਕਥਾਮ ਲਈ ਟੀਕਾਕਰਨ ਮੁਹਿੰਮ ਸ਼ੁਰੂ
Publish Date: Thu, 16 Oct 2025 06:00 PM (IST)
Updated Date: Thu, 16 Oct 2025 06:02 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਪਟਿਆਲਾ ਜ਼ਿਲ੍ਹੇ ’ਚ ਪਸ਼ੂ ਪਾਲਣ ਵਿਭਾਗ ਵੱਲੋਂ ਗਠਿਤ ਕੀਤੀਆਂ 44 ਟੀਮਾਂ ਰਾਹੀਂ ਜ਼ਿਲ੍ਹੇ ’ਚ 3,57,915 ਗਾਵਾਂ/ਮੱਝਾਂ ਨੂੰ ਮੂੰਹ ਖੁਰ ਬਿਮਾਰੀ ਦੀ ਰੋਕਥਾਮ ਲਈ ਵੈਕਸੀਨ ਘਰ-ਘਰ ਜਾ ਕੇ ਲਗਾਉਣ ਦਾ ਆਗਾਜ਼ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਹਰਿਆਣਾ ਦੇ ਸਰਹੱਦੀ ਜ਼ਿਲ੍ਹੇ ਪਟਿਆਲਾ ਅਧੀਨ ਆਉਂਦੀਆਂ 6 ਤਹਿਸੀਲਾਂ ਜਿਨ੍ਹਾਂ ’ਚ ਪਟਿਆਲਾ, ਰਾਜਪੁਰਾ, ਨਾਭਾ, ਦੁਧਨਸਾਧਾਂ, ਸਮਾਣਾ ਅਤੇ ਪਾਤੜਾਂ ਅਧੀਨ ਪਿੰਡਾਂ ’ਚ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੱਲੋਂ 7ਵੇਂ ਗੇੜ ’ਚ ਮੂੰਹ ਖੁਰ ਦੀ ਰੋਕਥਾਮ ਲਈ ਵੈਕਸੀਨ ਲਗਾਉਣ ਦਾ ਕੰਮ 15 ਅਕਤੂਬਰ ਤੋਂ ਸ਼ੂਰੂ ਕੀਤਾ ਗਿਆ ਹੈ ਜੋ 29 ਨਵੰਬਰ ਤੱਕ ਪੂਰਾ ਕਰ ਦਿੱਤਾ ਜਾਵੇਗਾ। ਡਿਪਟੀ ਡਾਇਰੈਕਟਰ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪੰਜਾਬ ਭਰ ’ਚ 15 ਅਕਤੂਬਰ ਤੋਂ ਮੂੰਹ ਖੁਰ ਦੀ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਇਸ ਤਹਿਤ ਜ਼ਿਲ੍ਹੇ ਦੇ ਸਮੂਹ ਪਸ਼ੂ ਪਾਲਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੂੰਹ ਖੁਰ ਦੀ ਬਿਮਾਰੀ ਤੋਂ ਪਸ਼ੂ ਧਨ ਨੂੰ ਬਚਾਉਣ ਲਈ ਸਮੇਂ ਸਿਰ ਮੂੰਹ ਖੁਰ ਦੀ ਵੈਕਸੀਨੇਸ਼ਨ ਲਗਵਾਉਣੀ ਚਾਹੀਦੀ ਹੈ।