ਹਰਿੰਦਰ ਸ਼ਾਰਦਾ, ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਵ-ਨਿਯੁਕਤ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਸੋਮਵਾਰ ਨੂੰ ਯੂਨੀਵਰਸਿਟੀ ਵਿਚ ਧਰਨਾਕਾਰੀਆਂ ਨੁੂੰ ਭਰੋਸਾ ਦੇਣ ਤੋਂ ਬਾਅਦ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਯੂਨੀਵਰਸਿਟੀ ਦੀ ਬਿਹਤਰੀ ਲਈ ਹਰ ਮੁਮਕਿਨ ਕੋਸ਼ਿਸ਼ ਕਰਨਗੇ ਤੇ ਇਸ ਮਕਸਦ ਲਈ ਜ਼ਰੂਰਤ ਮੁਤਾਬਕ ਕੰਮ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਯੂਨੀਵਰਸਿਟੀ ਨੂੰ ਅੱਗੇ ਵਧਾਉਣ ਲਈ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲਣਗੇ।

ਪੰਜਾਬੀ ਯੂਨੀਵਰਸਿਟੀ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਵੱਕਾਰੀ ਅਦਾਰਾ ਹੈ ਜਿੱਥੇ ਗਿਆਨ ਦੇ ਅਥਾਹ ਖਜ਼ਾਨੇ ਮੌਜੂਦ ਹਨ। ਯੂਨੀਵਰਸਿਟੀ ਨੂੰ 21ਵੀਂ ਸਦੀ ਦੇ ਨਵੇਂ ਗਲੋਬਲੀ ਅਕਾਦਮਿਕ ਰੁਝਾਨਾਂ ਵਿਚ ਢਾਲ਼ਦਿਆਂ ਨਵੀਂ ਤਰਜ਼ ਦੇ ਕੋਰਸ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇ ਅਸੀਂ ਆਪਣੀ ਮਾਂ ਬੋਲੀ ਤੇ ਮਾਣ ਮਹਿਸੂਸ ਨਹੀਂ ਕਰਦੇ ਤਾਂ ਅਸੀਂ ਕਿਸੇ ਵੀ ਹਾਲਤ ਵਿਚ ਵਿਕਾਸ ਨਹੀਂ ਕਰ ਸਕਾਂਗੇ। ਪੰਜਾਬੀ ਭਾਸ਼ਾ ਨੂੰ ਵਿਗਿਆਨ ਤੇ ਇੰਜੀਨੀਅਰਿੰਗ ਆਦਿ ਸਮੇਤ ਸਾਰੇ ਵਿਸ਼ਿਆਂ ਲਈ ਸਮਰੱਥ ਭਾਸ਼ਾ ਬਣਾਉਣ ਹਿਤ ਇਸ ਦੇ ਤਕਨੀਕੀ ਪੱਖ ਨੂੰ ਹੋਰ ਮਜ਼ਬੂਤ ਕਰਨ ਲਈ ਉਹ ਕੁਝ ਪ੍ਰਾਜੈਕਟ ਉਲੀਕਣਗੇ। ਇਸ ਖੇਤਰ ਵਿਚ ਕੰਮ ਕਰਦੀਆਂ ਵਖ-ਵਖ ਸੰਸਥਾਵਾਂ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਦੇ ਖੇਤਰ ਵਿਚ ਮਸ਼ੀਨ ਲਰਨਿੰਗ, ਮਸ਼ੀਨੀ ਅਨੁਵਾਦ, ਆਰਟੀਫੀਸ਼ੀਅਲ ਇੰਟੈਲੀਜੰਸ ਜਿਹੇ ਸੰਕਲਪਾਂ ਨਾਲ ਜੋੜ ਕੇ ਵੱਡੇ ਪ੍ਰਾਜੈਕਟ ਉਲੀਕੇ ਜਾਣ ਦਾ ਯਤਨ ਕੀਤਾ ਜਾਵੇਗਾ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਅਜਿਹਾ ਕਰਨ ਨਾਲ ਯੂਨੀਵਰਸਿਟੀ ਲਈ ਨਵੇਂ ਵਿੱਤੀ ਵਸੀਲੇ ਪੈਦਾ ਹੋ ਸਕਦੇ ਹਨ। ਯੂਨੀਵਰਸਿਟੀ ਦੇ ਵਿੱਤੀ ਸੰਕਟ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸੰਕਟ ਦਾ ਹੱਲ ਕਰਨ ਲਈ ਸਰਕਾਰ ਸਮੇਤ ਬਾਕੀ ਸਾਰੀਆਂ ਧਿਰਾਂ ਨੂੰ ਮਿਲ ਕੇ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਹਰ ਪੰਜਾਬੀ ਦੀ ਯੂਨੀਵਰਸਿਟੀ ਹੈ।

ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਪੁਸ਼ਪਿੰਦਰ ਗਿੱਲ, ਰਜਿਸਟਰਾਰ ਡਾ. ਵਰਿੰਦਰ ਕੌਸ਼ਿਕ, ਡੀਨ ਖੋਜ ਡਾ. ਗੁਰਦੀਪ ਸਿੰਘ ਬਤਰਾ, ਡਾਇਰੈਕਟਰ ਯੋਜਨਾ ਤੇ ਨਿਰੀਖਣ ਡਾ. ਅਸ਼ੋਕ ਮਲਿਕ, ਡੀਨ ਕਾਲਜ ਵਿਕਾਸ ਕੌਂਸਲ ਡਾ. ਸੁਖਵਿੰਦਰ ਕੌਰ ਬਾਠ, ਵਧੀਕ ਡੀਨ ਵਿਦਿਆਰਥੀ ਭਲਾਈ, ਡਾ. ਪਰਮਜੀਤ ਕੌਰ ਗਿੱਲ, ਪ੍ਰੋਫ਼ੈਸਰ ਇੰਚਾਰਜ ਵਿੱਤ ਡਾ. ਰਾਕੇਸ਼ ਖੁਰਾਣਾ, ਡਾਇਰੈਕਟਰ ਲੋਕ ਸੰਪਰਕ ਡਾ. ਹੈਪੀ ਜੇਜੀ, ਕੰਟਰੋਲਰ ਪ੍ਰੀਖਿਆਵਾਂ ਡਾ. ਜੇ.ਆਈ.ਐੱਸ. ਖੱਟੜ, ਡਾਇਰੈਕਟਰ, ਆਈਏਐੱਸ ਸਿਖਲਾਈ ਕੇਂਦਰ ਡਾ. ਅਮਰਇੰਦਰ ਸਿੰਘ ਆਦਿ ਹਾਜ਼ਰ ਰਹੇ।

ਸੰਕਟ ਵਿਚੋਂ ਕੱਢਣ ਲਈ ਸਰਕਾਰ ਦੀ ਲਵਾਂਗੇ ਮਦਦ

ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਇਕ ਵਾਰ ਇਸ ਸੰਕਟ ਵਿਚੋਂ ਕੱਢਣ ਲਈ ਉਹ ਸਰਕਾਰ ਦੀ ਮਦਦ ਲੈਣਗੇ ਪਰ ਯੂਨੀਵਰਸਿਟੀ ਦੀਆਂ ਵਿੱਤੀ ਲੋੜਾਂ ਦੀ ਪੂਰਤੀ ਦੇ ਲੰਬੇ ਸਮੇਂ ਦੇ ਹੱਲ ਲਈ ਹੋਰ ਬਦਲਵੇਂ ਢੰਗ ਸੋਚਣੇ ਪੈਣਗੇ। ਵਿੱਤੀ ਸੰਕਟ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸੰਕਟ ਨੂੰ ਸਾਕਾਰਾਤਮਕ ਰੂਪ ਵਿਚ ਲੈ ਕੇ ਸਾਨੂੰ ਯੂਨੀਵਰਸਿਟੀ ਦੇ ਪੁਨਰਗਠਨ ਸਬੰਧੀ ਲਗਾਤਾਰ ਕੋਸ਼ਿਸ਼ ਕਰਨੀ ਹੋਵੇਗੀ ਤੇ ਇਸ ਨਾਲ਼ ਯੂਨੀਵਰਸਿਟੀ ਦਾ ਨਵਾਂ ਸਰੂਪ ਹੋਂਦ ਵਿਚ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਹੌਲ਼ੀ ਹੌਲ਼ੀ ਸਮੁੱਚੇ ਵਰਤਾਰੇ ਨੂੰ ਸਮਝ ਕੇ ਆਉਣ ਵਾਲੇ ਦਿਨਾਂ ਵਿਚ ਭਵਿੱਖੀ ਨੀਤੀਆਂ ਉਲੀਕਣਗੇ। ਇਸ ਪਿੱਛੋਂ ਉਨ੍ਹਾਂ ਵੱਲੋਂ ਵੱਖ-ਵੱਖ ਯੂਨੀਵਰਸਿਟੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਜਿਸ ਵਿਚ ਯੂਨੀਵਰਸਿਟੀ ਬਾਰੇ ਵੱਖ-ਵੱਖ ਪਹਿਲੂਆਂ ਤੋਂ ਜਾਣਕਾਰੀ ਹਾਸਿਲ ਕੀਤੀ।

Posted By: Jagjit Singh