ਮਾਂ ਨੂੰ ਕੁੱਟ ਰਹੇ ਨਸ਼ੇੜੀ ਨੇ ਮੌਕੇ ’ਤੇ ਪੁੱਜੇ ਐੱਸਾਈ ਨੂੰ ਪਹਿਲੀ ਮੰਜ਼ਲ ਤੋਂ ਹੇਠਾਂ ਸੁੱਟਿਆ
ਜ਼ਿਲ੍ਹੇ ਦੇ ਪਿੰਡ ਬੀਬੀਪੁਰ ’ਚ ਨਸ਼ੇ ਦੇ ਆਦੀ ਨੌਜਵਾਨ ਵੱਲੋਂ ਆਪਣੀ ਮਾਂ ਦੀ ਕੁੱਟਮਾਰ ਕੀਤੇ ਜਾਣ ਦੀ ਸ਼ਿਕਾਇਤ ਮਿਲਣ ’ਤੇ ਮੌਕੇ ’ਤੇ ਪੁੱਜੇ ਸਬ ਇੰਸਪੈਕਟਰ ਨੂੰ ਨਸ਼ੇੜੀ ਨੇ ਧੱਕਾ ਮਾਰ ਕੇ ਛੱਤ ਤੋਂ ਹੇਠਾਂ ਸੁੱਟ ਦਿੱਤਾ। ਜ਼ਮੀਨ ’ਤੇ ਡਿੱਗ ਕੇ ਗੰਭੀਰ ਜ਼ਖ਼ਮੀ ਸਬ-ਇੰਸਪੈਕਟਰ ਨੂੰ ਤੁਰੰਤ ਰਾਜਿੰਦਰਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੇ ਸਿਰ ਤੇ ਸਰੀਰ ’ਤੇ ਗੰਭੀਰ ਸੱਟਾਂ ਲੱਗੀਆਂ ਹਨ।
Publish Date: Thu, 05 Mar 2026 10:52 AM (IST)
Updated Date: Thu, 05 Mar 2026 11:37 AM (IST)

ਸੀਨੀਅਰ ਰਿਪਰੋਟਰ, ਪੰਜਾਬੀ ਜਾਗਰਣ, ਪਟਿਆਲਾ : ਜ਼ਿਲ੍ਹੇ ਦੇ ਪਿੰਡ ਬੀਬੀਪੁਰ ’ਚ ਨਸ਼ੇ ਦੇ ਆਦੀ ਨੌਜਵਾਨ ਵੱਲੋਂ ਆਪਣੀ ਮਾਂ ਦੀ ਕੁੱਟਮਾਰ ਕੀਤੇ ਜਾਣ ਦੀ ਸ਼ਿਕਾਇਤ ਮਿਲਣ ’ਤੇ ਮੌਕੇ ’ਤੇ ਪੁੱਜੇ ਸਬ ਇੰਸਪੈਕਟਰ ਨੂੰ ਨਸ਼ੇੜੀ ਨੇ ਧੱਕਾ ਮਾਰ ਕੇ ਛੱਤ ਤੋਂ ਹੇਠਾਂ ਸੁੱਟ ਦਿੱਤਾ। ਜ਼ਮੀਨ ’ਤੇ ਡਿੱਗ ਕੇ ਗੰਭੀਰ ਜ਼ਖ਼ਮੀ ਸਬ-ਇੰਸਪੈਕਟਰ ਨੂੰ ਤੁਰੰਤ ਰਾਜਿੰਦਰਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੇ ਸਿਰ ਤੇ ਸਰੀਰ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਮੌਕੇ ’ਤੇ ਮੌਜੂਦ ਏਐੱਸਆਈ ਕਰਮ ਚੰਦ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਬਲਵਿੰਦਰ ਸਿੰਘ (25 ਸਾਲ) ਵਾਸੀ ਪਿੰਡ ਬੀਬੀਪੁਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਮੁਤਾਬਕ ਪਹਿਲੀ ਮਾਰਚ ਨੂੰ ਮੁਲਜ਼ਮ ਬਲਵਿੰਦਰ ਸਿੰਘ ਖ਼ਿਲਾਫ਼ ਉਸ ਦੀ ਮਾਂ ਅਮਰਜੀਤ ਕੌਰ ਨੇ ਥਾਣੇ ’ਚ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਬਲਵਿੰਦਰ ਸਿੰਘ ਨਸ਼ੇ ਲਈ ਉਸ ਨਾਲ ਕੁੱਟਮਾਰ ਕਰਦਾ ਹੈ। ਇਸ ’ਤੇ ਪੁਲਿਸ ਨੇ ਦੋਵਾਂ ਧਿਰਾਂ ਨੂੰ ਥਾਣੇ ਆਉਣ ਲਈ ਕਿਹਾ ਸੀ। ਮੁਲਜ਼ਮ ਬਲਵਿੰਦਰ ਕਈ ਵਾਰ ਬੁਲਾਉਣ ’ਤੇ ਵੀ ਥਾਣੇ ਨਹੀਂ ਆਇਆ। ਚਾਰ ਮਾਰਚ ਨੂੰ ਅਮਰਜੀਤ ਕੌਰ ਨੇ ਫ਼ੋਨ ਕਰ ਕੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਬਲਵਿੰਦਰ ਸਿੰਘ ਨਸ਼ੇ ਦੀ ਹਾਲਤ ’ਚ ਉਸ ਨਾਲ ਝਗੜਾ ਕਰ ਰਿਹਾ ਹੈ ਤੇ ਗੈਸ ਸਿਲੰਡਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਸੂਚਨਾ ਮਿਲਣ ’ਤੇ ਚੌਕੀ ਇੰਚਾਰਜ ਸਬ ਇੰਸਪੈਕਟਰ ਸੁਖਦੇਵ ਸਿੰਘ ਏਐੱਸਆਈ ਕਰਮਚੰਦ ਤੇ ਹੋਮਗਾਰਡ ਕੌਰ ਪਾਲ ਨਾਲ ਮੁਲਜ਼ਮ ਦੇ ਘਰ ਪੁੱਜੇ। ਮੁਲਜ਼ਮ ਪਰਿਵਾਰ ਸਮੇਤ ਪਹਿਲੀ ਮੰਜ਼ਿਲ ’ਤੇ ਰਹਿੰਦਾ ਸੀ। ਜਿਵੇਂ ਹੀ ਚੌਕੀ ਇੰਚਾਰਜ ਸੁਖਦੇਵ ਸਿੰਘ ਨੇ ਮੁਲਜ਼ਮ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਮੁਲਜ਼ਮ ਨੇ ਉਨ੍ਹਾਂ ਨੂੰ ਧੱਕਾ ਦੇ ਕੇ ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਸਿਰ ਦੇ ਭਾਰ ਹੇਠਾਂ ਡਿੱਗਣ ਕਾਰਨ ਚੌਕੀ ਇੰਚਾਰਜ ਗੰਭੀਰ ਜ਼ਖ਼ਮੀ ਹੋ ਗਏ। ਐੱਸਆਈ ਨੂੰ ਫੌਰੀ ਤੌਰ ’ਤੇ ਹਸਪਤਾਲ ਦਾਖ਼ਲ ਕਰਵਾਇਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉੱਥੇ ਹੀ ਪੁਲਿਸ ਨੇ ਮੁਲਜ਼ਮ ਨੂੰ ਗਿ੍ਰਫ਼ਤਾਰ ਕਰ ਕੇ ਉਸ ਖ਼ਿਲਾਪ਼ ਮਾਮਲਾ ਦਰਜ ਕਰ ਲਿਆ ਹੈ।
ਨੁਕੀਲੀ ਚੀਜ਼ ਨਾਲ ਮੁਲਜ਼ਮ ਨੇ ਆਪਣੇ ਸਰੀਰ ’ਤੇ ਲਗਾਏ ਕੱਟ
ਮੁਲਜ਼ਮ ਬਲਵਿੰਦਰ ਸਿੰਘ ਨੇ ਪੁਲਿਸ ਨੂੰ ਦੇਖ ਕੇ ਨੁਕੀਲੀ ਚੀਜ਼ ਨਾਲ ਆਪਣੇ ਸਰੀਰ ’ਤੇ ਕਈ ਥਾਂ ਕੱਟ ਲਗਾ ਲਏ। ਉਸ ਨੇ ਪੁਲਿਸ ਦੇ ਸਾਹਮਣੇ ਹੀ ਸਿਲੰਡਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਨੇ ਉਸ ਨੂੰ ਰੋਕ ਰਹੇ ਪਰਿਵਾਰਕ ਮੈਂਬਰਾਂ ਨੂੰ ਵੀ ਲੱਤ ਮਾਰੀ। ਇਸ ਤੋਂ ਬਾਅਦ ਮੁਲਜ਼ਮ ਨੇ ਐੱਸਆਈ ਨੂੰ ਪਹਿਲੀ ਮੰਜ਼ਿਲ ਤੋਂ ਸੁੱਟ ਦਿੱਤਾ।