ਅਨਾਜ ਮੰਡੀਆਂ ’ਚ ਨੀਲੇ ਅਸਮਾਨ ਹੇਠਾਂ ਲੱਗੇ ਕਣਕ ਦੇ ਅੰਬਾਰ
ਅਨਾਜ਼ ਮੰਡੀਆਂ ਵਿੱਚ ਨੀਲੇ ਅਸਮਾਨ ਹੇਠਾਂ ਲੱਗੇ ਕਣਕ ਦੇ ਅੰਬਾਰ, ਅਸਮਾਨ ਵਿੱਚ ਛਾਏ ਬੱਦਲਾਂ ਕਾਰਨ ਆੜ੍ਹਤੀ ਤੇ ਕਿਸਾਨ ਚਿੰਤਤ
Publish Date: Tue, 28 Apr 2026 05:33 PM (IST)
Updated Date: Wed, 29 Apr 2026 04:08 AM (IST)

ਅਸਮਾਨ ’ਚ ਛਾਏ ਬੱਦਲਾਂ ਕਾਰਨ ਆੜ੍ਹਤੀ ਤੇ ਕਿਸਾਨ ਚਿੰਤਤ ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਕਣਕ ਦੀ ਖੇਤੀ ’ਚ ਮੋਹਰੀ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਜਿੱਥੇ ਖੇਤੀਬਾੜੀ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਵਾਰ 1 ਲੱਖ 84 ਹਜ਼ਾਰ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਹੋਈ ਹੈ ਅਤੇ ਕਿਸਾਨਾਂ ਵੱਲੋਂ ਮੌਸਮ ਤੋਂ ਡਰਦਿਆਂ ਹੋਇਆਂ ਤੇਜ਼ੀ ਨਾਲ ਕਟਾਈ ਕਰਦਿਆਂ ਹੋਇਆਂ ਮੰਡੀਆਂ ਵਿੱਚ ਨੀਲੇ ਅਸਮਾਨ ਹੇਠਾਂ ਕਣਕ ਦੇ ਅੰਬਾਰ ਲਗਾ ਦਿੱਤੇ ਗਏ ਹਨ ਪਰੰਤੂ ਮੰਗਲਵਾਰ ਸਵੇਰੇ ਹੋਈ ਬਾਰਿਸ਼ ਅਤੇ ਅਸਮਾਨ ਵਿੱਚ ਛਾਏ ਬੱਦਲਾਂ ਕਾਰਨ ਨੀਲੇ ਅਸਮਾਨ ਹੇਠਾਂ ਲੱਗੇ ਕਣਕ ਦੀਆਂ ਬੋਰੀਆਂ ਅਤੇ ਕਣਕ ਦੇ ਢੇਰਾਂ ਕਾਰਨ ਆੜ੍ਹਤੀਆਂ ਦੇ ਸਾਹ ਸੁੱਕੇ ਹੋਏ ਹਨ। ਮੰਗਲਵਾਰ ਨੂੰ ਜਦੋਂ ਬਾਰਡਰ ਏਰੀਏ ਦੀ ਪ੍ਰਮੁੱਖ ਅਨਾਜ਼ ਮੰਡੀ ਕਲਾਨੌਰ, ਵਡਾਲਾ ਬਾਂਗਰ, ਭਿਖਾਰੀਵਾਲ, ਦੋਸਤਪੁਰ, ਡੇਰਾ ਬਾਬਾ ਨਾਨਕ ਆਦਿ ਮੰਡੀਆਂ ਅਤੇ ਖਰੀਦ ਕੇਂਦਰਾਂ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਅਸਮਾਨ ਵਿੱਚ ਛਾਏ ਕਾਲੇ ਬੱਦਲਾਂ ਤੋਂ ਡਰੇ ਆੜ੍ਹਤੀਆਂ ਵੱਲੋਂ ਮੰਡੀਆਂ ਵਿੱਚ ਨੀਲੇ ਅਸਮਾਨ ਹੇਠਾਂ ਲੱਗੇ ਕਣਕ ਦੇ ਅੰਬਾਰਾਂ ਨੂੰ ਤਰਪਾਲਾਂ ਨਾਲ ਢੱਕਿਆ ਹੋਇਆ ਸੀ। ਇਸ ਤੋਂ ਇਲਾਵਾ ਲਿਫਟਿੰਗ ਦੀ ਰਫਤਾਰ ਢਿੱਲੀ ਹੋਣ ਕਾਰਨ ਮੰਡੀਆਂ ਵਿੱਚ ਵੱਖ-ਵੱਖ ਏਜੰਸੀਆਂ ਵੱਲੋਂ ਖਰੀਦ ਕੀਤੀ ਕਣਕ ਦੀਆਂ ਬੋਰੀਆਂ ਦੀਆਂ ਧਾਂਕਾਂ ਵੀ ਲੱਗੀਆਂ ਹੋਈਆਂ ਸਨ। ਇਸ ਮੌਕੇ ਆੜ੍ਹਤੀ ਗੁਰਪਿੰਦਰ ਸਿੰਘ, ਆੜ੍ਹਤੀ ਐਸੋਸੀਏਸ਼ਨ ਕਲਾਨੌਰ ਦੇ ਮੀਤ ਪ੍ਰਧਾਨ ਗੁਰਦੀਪ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਸਾਲ ਵੀ ਬਾਰਿਸ਼ਾਂ ਕਾਰਨ ਨੀਲੇ ਅਸਮਾਨ ਹੇਠਾਂ ਲੱਗੀਆਂ ਕਣਕ ਦੀਆਂ ਬੋਰੀਆਂ ਖਰਾਬ ਹੋਣ ਕਾਰਨ ਆੜ੍ਹਤੀਆਂ ਦਾ ਲੱਖਾਂ ਦਾ ਨੁਕਸਾਨ ਹੋਇਆ ਸੀ ਜਦੋਂਕਿ ਇਸ ਵਾਰ ਵੀ ਨੀਲੇ ਅਸਮਾਨ ਹੇਠਾਂ ਕਣਕ ਦੇ ਅੰਬਾਰ ਲੱਗੇ ਹੋਏ ਹਨ। ਉਸ ਨੇ ਦੱਸਿਆ ਕਿ ਜਿੱਥੇ ਪਿਛਲੇ ਸਾਲ 7 ਹਜ਼ਾਰ ਰੁਪਏ ਦੀ ਤਰਪਾਲ ਮਿਲਦੀ ਸੀ ਇਸ ਵਾਰ ਤਰਪਾਲਾਂ ਦਾ ਭਾਅ ਤੇਜ ਹੋਣ ਕਾਰਨ 40 ਫੁੱਟ ਚੌੜੀ ਅਤੇ 80 ਫੁੱਟ ਲੰਮੀ ਤਰਪਾਲ 15 ਹਜ਼ਾਰ ਦੀ ਮਿਲ ਰਹੀ ਹੈ। -ਲਿਫਟਿੰਗ ਦੀ ਢਿੱਲੀ ਰਫਤਾਰ ਕਾਰਨ ਆੜ੍ਹਤੀ ਪਰੇਸ਼ਾਨ : ਗੁਰਦੀਪ ਸਿੰਘ ਮਾਰਕੀਟ ਕਮੇਟੀ ਕਲਾਨੌਰ ਦੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਆੜ੍ਹਤੀ ਗੁਰਦੀਪ ਸਿੰਘ ਨੇ ਦੱਸਿਆ ਕਿ ਕਣਕ ਦੀ ਲਿਫਟਿੰਗ ਢਿੱਲੀ ਰਫਤਾਰ ਵਿੱਚ ਹੋਣ ਕਾਰਨ ਮੰਡੀ ਦੇ ਫੜਾਂ ਵਿੱਚ ਖੁੱਲੀ ਕਣਕ ਅਤੇ ਬੋਰੀਆਂ ਦੇ ਢੇਰ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਲਿਫਟਿੰਗ ਨਾ ਹੋਣ ਕਰ ਕੇ ਮੰਡੀਆਂ ਵਿੱਚ ਕਣਕ ਦੀ ਭਰਾਈ ਵੀ ਰੁਕੀ ਹੋਈ ਹੈ। ਉਹਨਾਂ ਕਿਹਾ ਕਿ ਮੌਸਮ ਵਿਭਾਗ ਦੀਆਂ ਭਵਿੱਖ ਬਾਣੀਆਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਬਾਰਿਸ਼ ਹੋਣ ਦੇ ਅਨੁਮਾਨ ਹਨ ਉਹਨਾਂ ਕਿਹਾ ਕਿ ਜੇਕਰ ਬਾਰਿਸ਼ ਹੋ ਜਾਂਦੀ ਹੈ ਤਾਂ ਆੜ੍ਹਤੀਆਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਆੜ੍ਹਤੀਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਅਨਾਜ਼ ਮੰਡੀਆਂ ਵਿੱਚੋਂ ਕਣਕ ਦੀ ਲਿਫਟਿੰਗ ਵਿੱਚ ਤੇਜੀ ਲਿਆਂਦੀ ਜਾਵੇ। ਮੰਡੀ ਬੋਰਡ ਦੇ ਡੀਐੱਮ ਜਸਵਿੰਦਰ ਸਿੰਘ ਰਿਆੜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਅਧੀਨ ਆਉਂਦੀਆਂ 10 ਮਾਰਕੀਟ ਕਮੇਟੀਆਂ ਵਿੱਚ 92 ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਹੁਣ ਤੱਕ 4 ਲੱਖ 55 ਹਜਾਰ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ ਸਰਕਾਰੀ ਖਰੀਦ ਏਜੰਸੀਆਂ ਵੇਅਰ ਹਾਊਸ, ਪਨਸਪ, ਪਨਗਰੇਨ, ਵੇਅਰ ਹਾਊਸ, ਮਾਰਕਫੈੱਡ ਤੇ ਐੱਫਸੀਆਈ ਵੱਲੋਂ 4 ਲੱਖ 23 ਹਜ਼ਾਰ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਵਿੱਚ ਹੁਣ ਤੱਕ 1 ਲੱਖ 5 ਹਜਾਰ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ। ਮੰਡੀਆਂ ’ਚ ਲਿਫਟਿੰਗ ਚ ਤੇਜ਼ੀ ਲਿਆਉਣ ਲਈ ਟੈਂਡਰ ਮਾਲਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।