ਉਤਰਾਖੰਡ ਦੇ ਰਾਜਪਾਲ ਨੇ ਗੁਰਦੁਆਰਾ ਗੁਰੂਆਣਾ ਸਾਹਿਬ ਵਿਖੇ ਮੱਥਾ ਟੇਕਿਆ
ਉਤਰਾਖੰਡ ਦੇ ਰਾਜਪਾਲ ਨੇ ਗੁਰਦੁਆਰਾ ਗੁਰੂਆਣਾ ਸਾਹਿਬ ਵਿਖੇ ਮੱਥਾ ਟੇਕਿਆ
Publish Date: Sat, 18 Apr 2026 07:57 PM (IST)
Updated Date: Sun, 19 Apr 2026 04:16 AM (IST)

ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਉੱਤਰਾਖੰਡ ਦੇ ਰਾਜਪਾਲ ਗੁਰਮੀਤ ਸਿੰਘ ਸੇਵਾ ਮੁਕਤ ਲੈਫਟੀਨੈਂਟ ਕਰਨਲ ਨੇ ਬਟਾਲਾ ਦੇ ਨਜ਼ਦੀਕੀ ਪਿੰਡ ਵੈਰੋਨੰਗਲ ਦੇ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਗੁਰੂਆਣਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਰਾਜਪਾਲ ਲੈਫਟੀਨੈਂਟ ਕਰਨਲ ਗੁਰਮੀਤ ਸਿੰਘ ਨੂੰ ਗੁਰਦੁਆਰਾ ਸਾਹਿਬ ਵੱਲੋਂ ਸ੍ਰੀ ਸਾਹਿਬ, ਦੁਸ਼ਾਲਾ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੇਵਾ ਮੁਕਤ ਲੈਫਟੀਨੈਂਟ ਕਰਨਲ ਅਤੇ ਮੌਜੂਦਾ ਰਾਜਪਾਲ ਉਤਰਾਖੰਡ ਗੁਰਮੀਤ ਸਿੰਘ ਬਟਾਲਾ ਦੇ ਨਜ਼ਦੀਕੀ ਪਿੰਡ ਜਲਾਲ ਉਸਮਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਹਨ। ਰਾਜਪਾਲ ਬਣਨ ਉਪਰੰਤ ਉਹ ਪਹਿਲੀ ਵਾਰ ਪਿੰਡ ਪਹੁੰਚੇ, ਜਿੱਥੇ ਉਹਨਾਂ ਦਾ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਉਪਰੰਤ ਰਾਜਪਾਲ ਨੇ ਇਤਿਹਾਸਿਕ ਗੁਰਦੁਆਰਾ ਗੁਰੂਆਣਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਮੱਥਾ ਟੇਕਿਆ। ਰਾਜਪਾਲ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਆਤਮਿਕ ਸਕੂਨ ਮਿਲਿਆ ਹੈ। ਉਹਨਾਂ ਕਿਹਾ ਕਿ ਉਹ ਆਪਣੀ ਜਨਮ ਭੂਮੀ ਵਿਖੇ ਪਹੁੰਚ ਕੇ ਬਹੁਤ ਖੁਸ਼ ਹਨ। ਇਸ ਮੌਕੇ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਅਕਾਲੀ ਦਲ ਦੇ ਇੰਚਾਰਜ ਰਾਜਨਬੀਰ ਸਿੰਘ ਘੁਮਾਣ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ, ਨਿਗਰਾਨ ਸਤਨਾਮ ਸਿੰਘ ਰਿਆੜ, ਬਾਬਾ ਮਹਿਲ ਸਿੰਘ, ਬਾਬਾ ਬਲਬੀਰ ਸਿੰਘ ਹੈਡ ਗ੍ਰੰਥੀ ਗੁਰੂਆਣਾ ਸਾਹਿਬ, ਗੁਰਪ੍ਰੀਤ ਸਿੰਘ ਜਲਾਲ ਉਸਮਾ ਵੱਲੋਂ ਸਾਂਝੇ ਤੌਰ ’ਤੇ ਰਾਜਪਾਲ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਰਾਜਨਬੀਰ ਘੁਮਾਣ ਵੱਲੋਂ ਰਾਜਪਾਲ ਨਾਲ ਇਲਾਕੇ ਦੀਆਂ ਕੁਝ ਮੰਗਾਂ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ।