ਕੇਂਦਰੀ ਰਾਜ ਮੰਤਰੀ ਬੰਦੀ ਸੰਜੇ ਕੁਮਾਰ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ
ਕੇਂਦਰੀ ਰਾਜ ਮੰਤਰੀ ਬੰਦੀ ਸੰਜੇ ਕੁਮਾਰ ਵੱਲੋਂ ਸਰਹੱਦੀ ਪਿੰਡ ਘਣੀਏ ਕੇ ਬੇਟ ਅਤੇ ਪਿੰਡ ਨੰਗਲੀ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ
Publish Date: Sat, 18 Oct 2025 07:12 PM (IST)
Updated Date: Sun, 19 Oct 2025 04:03 AM (IST)

ਸੱਤ ਪਾਲ ਜ਼ਖ਼ਮੀ, ਪੰਜਾਬੀ ਜਾਗਰਣ ਡੇਰਾ ਬਾਬਾ ਨਾਨਕ : ਪਿਛਲੇ ਦਿਨੀ ਰਾਵੀ ਦਰਿਆ ਵਿੱਚ ਆਏ ਹੜ੍ਹ ਕਾਰਨ ਜਿੱਥੇ ਪੰਜਾਬ ਸਰਕਾਰ ਦੇ ਵੱਖ-ਵੱਖ ਨੁਮਾਇੰਦੇ ਪਹੁੰਚ ਰਹੇ ਹਨ ਅਤੇ ਉਥੇ ਹੀ ਕੇਂਦਰ ਦੀ ਭਾਜਪਾ ਸਰਕਾਰ ਦੇ ਵੱਖ ਵੱਖ ਮੰਤਰੀ ਸਰਹੱਦੀ ਖੇਤਰ ਵਿੱਚ ਪਹੁੰਚ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲ ਨੂੰ ਜਾਣ ਰਹੇ ਹਨ ਤੇ ਕੇਂਦਰੀ ਰਾਜ ਮੰਤਰੀ (ਗ੍ਰਹਿ ਵਿਭਾਗ) ਬੰਦੀ ਸੰਜੇ ਕੁਮਾਰ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡ ਘਣੀਏ ਕੇ ਬੇਟ ਅਤੇ ਪਿੰਡ ਨੰਗਲੀ ਵਿੱਚ ਦੌਰਾ ਕਰਕੇ ਸਰਹੱਦੀ ਇਲਾਕੇ ਦੀ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ। ਇਸ ਮੌਕੇ ਹਲਕਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਰਵੀਕਰਨ ਸਿੰਘ ਕਾਹਲੋਂ, ਬਾਬਾ ਪਰਮੀਤ ਸਿੰਘ ਬੇਦੀ, ਡੀਸੀ ਗੁਰਦਾਸਪੁਰ, ਐੱਸਐੱਸਪੀ ਬਟਾਲਾ ਸਹੇਲ ਕਾਸਿਮ ਮੀਰ, ਐੱਸਡੀਐੱਮ ਅਦਿਤਿਆ ਸ਼ਰਮਾ ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਅਧਿਕਾਰੀ ਮੌਜੂਦ ਸਨ। ਇਸ ਮੌਕੇ ਸਰਹੱਦੀ ਕਸਬੇ ਦੇ ਕਿਸਾਨਾਂ ਨੇ ਕੇਂਦਰੀ ਰਾਜ ਮੰਤਰੀ ਨੂੰ ਮੁੱਖ ਮੰਗਾਂ ਬਾਰੇ ਦੱਸਦੇ ਹੋਏ ਕਿਹਾ ਕਿ ਸਾਰੇ ਬਾਰਡਰ ਦੇ ਧੁੱਸੀ ਬੰਨਾਂ ਨੂੰ ਮਜ਼ਬੂਤ ਬਣਾ ਕੇ ਉਹਨਾਂ ਦੇ ਨਾਲ ਨਾਲ ਪੱਥਰ ਲਗਾਏ ਜਾਣ ਅਤੇ ਦਰਿਆ ਪਾਣੀ ਨਾਲ ਜੋ ਸੜਕ ਰੁੜ ਚੁੱਕੀ ਹੈ, ਉਸਨੂੰ ਦੁਬਾਰਾ ਬਣਾਇਆ ਜਾਵੇ। ਕਿਸਾਨਾਂ ਨੇ ਕਿਹਾ ਕਿ ਮੰਤਰੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਵਾਇਆ ਹੈ ਕਿ ਇਹ ਜੋ ਮੰਗਾਂ ਹਨ, ਇਹ ਪ੍ਰਧਾਨ ਮੰਤਰੀ ਸਾਹਮਣੇ ਰੱਖੀਆਂ ਜਾਣਗੀਆਂ ਤੇ ਜਲਦੀ ਹੀ ਉਹਨਾਂ ਵੱਲੋਂ ਪ੍ਰਵਾਨ ਵੀ ਕੀਤੀਆਂ ਜਾਣਗੀਆਂ। ਇਸ ਮੌਕੇ ਜਦੋਂ ਪੱਤਰਕਾਰਾਂ ਵੱਲੋਂ ਕੇਂਦਰੀ ਰਾਜ ਮੰਤਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਮੀਡੀਆ ਕੈਮਰੇ ਸਾਹਮਣੇ ਬੋਲਣ ਤੋਂ ਮਨਾ ਕਰ ਦਿੱਤਾ ਗਿਆ। ਇਸ ਮੌਕੇ ਹਲਕਾ ਡੇਰਾ ਬਾਬਾ ਨਾਨਕ ਤੋਂ ਭਾਜਪਾ ਦੇ ਹਲਕਾ ਇੰਚਾਰਜ ਰਵੀਕਰਨ ਸਿੰਘ ਕਾਹਲੋ ਵੱਲੋਂ ਕੇਂਦਰੀ ਰਾਜ ਮੰਤਰੀ ਬੰਦੀ ਸੰਜੇ ਕੁਮਾਰ ਦਾ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਸਾਹਿਬ ਅਤੇ ਸ੍ਰੀ ਸਾਹਿਬ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਰਪੰਚ ਸੁਖਦੇਵ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ, ਮਨਦੀਪ ਸਿੰਘ, ਪੂਰਨ ਸਿੰਘ, ਬਲਵਿੰਦਰ ਸਿੰਘ,ਬਾਬਾ ਸੋਨੂ, ਕੁਲਬੀਰ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਕਿਸਾਨ ਹਾਜ਼ਰ ਸਨ।