ਬੱਚਿਆਂ ਦੇ ਮਾਮੂਲੀ ਝਗੜੇ 'ਚ ਦੋ ਨੌਜਵਾਨਾਂ ਨੂੰ ਸ਼ਰ੍ਹੇਆਮ ਮਾਰੀਆਂ ਗੋਲੀਆਂ, ਇੱਕ ਗੰਭੀਰ ਜ਼ਖਮੀ
ਬੱਚਿਆਂ ਦੇ ਮਾਮੂਲੀ ਝਗੜੇ 'ਚ ਦੋ ਨੌਜਵਾਨਾਂ ਨੂੰ ਸ਼ਰ੍ਹੇਆਮ ਮਾਰੀਆਂ ਗੋਲੀਆਂ, ਇੱਕ ਗੰਭੀਰ ਜ਼ਖਮੀ
Publish Date: Wed, 06 May 2026 04:18 PM (IST)
Updated Date: Wed, 06 May 2026 04:20 PM (IST)

-ਪਿੰਡ ਦੇਵੀਦਾਸ ਦੀ ਘਟਨਾ, ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਸ਼ੁਰੂ ਆਕਾਸ਼, ਪੰਜਾਬੀ ਜਾਗਰਣ ਰਿਪੋਰਟਰ ਗੁਰਦਾਸਪੁਰ: ਜ਼ਿਲ੍ਹੇ ਦੇ ਥਾਣਾ ਧਾਰੀਵਾਲ ਅਧੀਨ ਆਉਂਦੇ ਪਿੰਡ ਦੇਵੀਦਾਸ ਵਿੱਚ ਬੱਚਿਆਂ ਦੇ ਮਾਮੂਲੀ ਝਗੜੇ ਨੇ ਖੂਨੀ ਰੂਪ ਧਾਰ ਲਿਆ। ਇਸ ਦੌਰਾਨ ਇੱਕ ਧਿਰ ਦੇ ਲੋਕਾਂ ਨੇ ਬਾਹਰੋਂ ਬਦਮਾਸ਼ ਬੁਲਾ ਕੇ ਦੋ ਨੌਜਵਾਨਾਂ ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਵਿੱਚ ਇੱਕ ਨੌਜਵਾਨ ਨੂੰ ਤਿੰਨ ਗੋਲੀਆਂ ਲੱਗੀਆਂ, ਜਦੋਂ ਕਿ ਦੂਜਾ ਲੱਤ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖਮੀਆਂ ਵਿੱਚ ਸੁਖਦੇਵ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਦੇਵੀਦਾਸ ਸ਼ਾਮਲ ਹੈ, ਜਿਸ ਦੀ ਪਿੱਠ ਵਿੱਚ ਦੋ ਅਤੇ ਚੂਲੇ ਵਿੱਚ ਇੱਕ ਗੋਲੀ ਲੱਗੀ ਹੈ। ਦੂਜੇ ਜ਼ਖਮੀ ਸਟੀਫਨ ਪੁੱਤਰ ਹੇਮਾ ਮਸੀਹ ਦੀ ਲੱਤ ਵਿੱਚ ਗੋਲੀ ਲੱਗੀ ਹੈ। ਸਟੀਫਨ ਦੇ ਭਰਾ ਸੁਖਦੇਵ ਮਸੀਹ ਨੇ ਦੱਸਿਆ ਕਿ ਮਾਮਲਾ ਬੱਚਿਆਂ ਦੇ ਛੋਟੇ-ਮੋਟੇ ਝਗੜੇ ਦਾ ਸੀ, ਜਿਸ ਨੂੰ ਪਰਿਵਾਰ ਵਾਲਿਆਂ ਨੇ ਆਪਸ ਵਿੱਚ ਬੈਠ ਕੇ ਸੁਲਝਾ ਲਿਆ ਸੀ, ਪਰ ਦੂਜੀ ਧਿਰ ਨੇ ਬਾਹਰੋਂ ਕੁਝ ਅਣਪਛਾਤੇ ਲੋਕਾਂ ਨੂੰ ਬੁਲਾ ਕੇ ਉਨ੍ਹਾਂ ਤੇ ਗੋਲੀਆਂ ਚਲਾ ਦਿੱਤੀਆਂ। ਸੁਖਦੇਵ ਮਸੀਹ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਪਰਿਵਾਰ ਦੇ ਲੋਕ ਸਹਿਮੇ ਹੋਏ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਨਿਆਂ ਦੀ ਗੁਹਾਰ ਲਗਾਈ ਹੈ। ਡਾਕਟਰਾਂ ਅਨੁਸਾਰ ਦੋਵਾਂ ਜ਼ਖਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ। ਘਟਨਾ ਕਾਰਨ ਇਲਾਕੇ ਵਿੱਚ ਤਣਾਅ ਹੈ, ਪਰ ਪੁਲਿਸ ਨੇ ਸਥਿਤੀ ਨੂੰ ਕਾਬੂ ਕਰ ਲਿਆ ਹੈ। ਫਿਲਹਾਲ ਜ਼ਖਮੀਆਂ ਦੇ ਸਬੰਧੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ। ਉੱਧਰ ਮਾਮਲੇ ਨੂੰ ਲੈ ਕੇ ਐੱਸਐੱਸਪੀ ਆਦਿਤਿਆ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਕੀਮਤ ਤੇ ਅਪਰਾਧ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੋ ਵੀ ਕਾਨੂੰਨ ਆਪਣੇ ਹੱਥ ਵਿੱਚ ਲਵੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।