ਪਾਣੀ ਦੀ ਬਚਤ ਲਈ ਕਿਸਾਨਾਂ ਵਿੱਚ ਕੰਪਿਊਟਰ ਕਰਾਹੇ ਨਾਲ ਜ਼ਮੀਨਾਂ ਪੱਧਰੀਆਂ ਕਰਨ ਦਾ ਰੁਝਾਨ ਵਧਿਆ

ਜੀਆਰਪੀ- ਪਿੰਡ ਨਿੱਜਰਪੁਰ ਵਿਖੇ ਕੰਪਿਊਟਰ ਕਰਾਹੇ ਨਾਲ ਜ਼ਮੀਨਾਂ ਪੱਧਰੀਆਂ ਕਰਦੇ ਹੋਏ ਕਿਸਾਨ।
ਜੀਆਰਪੀ- ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਠਾਕੁਰ ਰਣਧੀਰ ਸਿੰਘ।
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਪਾਣੀ ਦੇ ਘੱਟ ਰਹੇ ਪੱਧਰ ਤੋਂ ਚਿੰਤਤ ਸਰਕਾਰ, ਖੇਤੀਬਾੜੀ ਵਿਭਾਗ ਅਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਪਾਣੀ ਦੀ ਬੂੰਦ-ਬੂੰਦ ਬਚਾਉਣ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉੱਥੇ ਹੀ ਦੇਸ਼ ਦੇ ਅੰਨਦਾਤਾ ਕਿਸਾਨਾਂ ਵੱਲੋਂ ਵੀ ਪਾਣੀ ਦੇ ਸੋਮਿਆਂ ਨੂੰ ਬਚਾਉਣ ਲਈ ਆਪਣੇ ਖੇਤਾਂ ਵਿੱਚ ਅੰਡਰਗਰਾਊਂਡ ਪਾਈਪ ਲਾਈਨਾਂ ਪਾਉਣ ਤੋਂ ਇਲਾਵਾ ਉੱਚੇ-ਨੀਵੇਂ ਖੇਤਾਂ ਵਿੱਚ ਖੜ੍ਹੇ ਹੋਣ ਵਾਲੇ ਪਾਣੀ ਦੀ ਸੰਭਾਲ ਲਈ ਕੰਪਿਊਟਰ ਕਰਾਹੇ (ਲੇਜ਼ਰ ਵਾਲੀ ਮਸ਼ੀਨ) ਨਾਲ ਜ਼ਮੀਨਾਂ ਦਾ ਲੈਵਲ ਪੱਧਰਾ ਕਰਨ ਦਾ ਰੁਝਾਨ ਵਧਾਇਆ ਹੈ।
ਖੇਤਾਂ ਵਿੱਚ ਪਾਣੀ ਦੀ ਫਜ਼ੂਲ ਵਰਤੋਂ ਨੂੰ ਰੋਕਣ ਲਈ ਕੰਪਿਊਟਰ ਕਰਾਹੇ ਨਾਲ ਜ਼ਮੀਨਾਂ ਦਾ ਲੈਵਲ ਕਰਨ ਵਾਲੇ ਕਿਸਾਨ ਪਲਵਿੰਦਰ ਸਿੰਘ, ਕਰਤਾਰ ਸਿੰਘ, ਮਨਜਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਅਵਤਾਰ ਸਿੰਘ ਅਤੇ ਮਨਦੀਪ ਸਿੰਘ ਨੇ ਦੱਸਿਆ ਕਿ ਪਹਿਲਾਂ ਖੇਤ ਉੱਚੇ-ਨੀਵੇਂ ਹੋਣ ਕਾਰਨ ਝੋਨੇ ਅਤੇ ਕਣਕ ਦੀ ਬਿਜਾਈ ਦੌਰਾਨ ਪਾਣੀ ਦੇਣ ਸਮੇਂ ਵੱਡੀ ਮੁਸ਼ਕਲ ਆਉਂਦੀ ਸੀ। ਉੱਚੀਆਂ ਥਾਵਾਂ ’ਤੇ ਪਾਣੀ ਝੱਟ ਕੇ ਦੇਣਾ ਪੈਂਦਾ ਸੀ ਅਤੇ ਪਾਣੀ ਪੂਰੀ ਮਾਤਰਾ ਵਿੱਚ ਨਾ ਮਿਲਣ ਕਾਰਨ ਉਸ ਥਾਂ ’ਤੇ ਫ਼ਸਲ ਦਾ ਝਾੜ ਵੀ ਘੱਟ ਨਿਕਲਦਾ ਸੀ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਕੰਪਿਊਟਰ ਕਰਾਹੇ ਨਾਲ ਖੇਤ ਪੱਧਰੇ ਕਰਕੇ ਝੋਨੇ ਦੀ ਲੁਆਈ ਕਰਨ ਨਾਲ ਪਾਣੀ ਬਰਾਬਰ ਲੱਗਦਾ ਹੈ, ਜਿਸ ਕਾਰਨ ਝੋਨਾ ਪੱਕਣ ਤੱਕ 25 ਫੀਸਦੀ ਪਾਣੀ ਦੀ ਬਚਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਹੜ੍ਹਾਂ ਕਾਰਨ ਪ੍ਰਭਾਵਿਤ ਖੇਤਾਂ ਨੂੰ ਇਸ ਵਾਰ ਝੋਨੇ ਦੀ ਬਿਜਾਈ ਤੋਂ ਪਹਿਲਾਂ ਵੱਡੇ ਪੱਧਰ ’ਤੇ ਕੰਪਿਊਟਰ ਕਰਾਹੇ ਨਾਲ ਪੱਧਰਾ ਕਰਵਾਇਆ ਜਾ ਰਿਹਾ ਹੈ। ਕਿਸਾਨਾਂ ਅਨੁਸਾਰ ਕੰਪਿਊਟਰ ਕਰਾਹੇ ਤੋਂ ਬਿਨਾਂ ਖੇਤ ਵਿੱਚ ਚਾਰ ਤੋਂ ਪੰਜ ਘੰਟੇ ਟਿਊਬਵੈੱਲ ਚਲਾਉਣਾ ਪੈਂਦਾ ਹੈ, ਜਦੋਂ ਕਿ ਕੰਪਿਊਟਰ ਕਰਾਹੇ ਨਾਲ ਖੇਤ ਪੱਧਰਾ ਹੋਣ ਕਾਰਨ ਦੋ ਘੰਟਿਆਂ ਵਿੱਚ ਹੀ ਖੇਤ ਪਾਣੀ ਨਾਲ ਭਰ ਜਾਂਦਾ ਹੈ। ਡੂੰਘੇ ਟੋਇਆਂ-ਟਿੱਬਿਆਂ ਵਿੱਚ ਫਜ਼ੂਲ ਖੜ੍ਹੇ ਹੋਣ ਵਾਲੇ ਪਾਣੀ ਦੀ ਵੀ ਬਚਤ ਹੋ ਜਾਂਦੀ ਹੈ।
ਕੰਪਿਊਟਰ ਕਰਾਹਾ ਚਲਾ ਰਹੇ ਨੌਜਵਾਨ ਹਰਪਾਲ ਸਿੰਘ ਅਤੇ ਗੁਰਮੁਖ ਸਿੰਘ ਨੇ ਦੱਸਿਆ ਕਿ ਇਸ ਵਾਰ ਕਿਸਾਨਾਂ ਵੱਲੋਂ ਵੱਡੇ ਪੱਧਰ ’ਤੇ ਖੇਤ ਪੱਧਰੇ ਕਰਵਾਏ ਜਾ ਰਹੇ ਹਨ, ਜਿਸ ਕਾਰਨ ਕੰਪਿਊਟਰ ਕਰਾਹਾ ਚਲਾਉਣ ਵਾਲਿਆਂ ਦੀ ਚਾਂਦੀ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਜੇਕਰ ਖੇਤ ਦੇ ਲੈਵਲ ਵਿੱਚ 8 ਤੋਂ 10 ਸੈਂਟੀਮੀਟਰ ਦਾ ਫਰਕ ਹੈ ਤਾਂ ਇਸ ਨੂੰ ਪੱਧਰਾ ਕਰਨ ਲਈ ਡੇਢ ਤੋਂ ਢਾਈ ਘੰਟੇ ਦਾ ਸਮਾਂ ਲੱਗਦਾ ਹੈ। 800 ਰੁਪਏ ਪ੍ਰਤੀ ਘੰਟੇ ਦੇ ਹਿਸਾਬ ਨਾਲ ਜ਼ਮੀਨਾਂ ਨੂੰ ਪੱਧਰਾ ਕੀਤਾ ਜਾ ਰਿਹਾ ਹੈ।
ਕਿਸਾਨ ਜਸਕਰਨ ਸਿੰਘ ਭੰਗੂ ਨੇ ਦੱਸਿਆ ਕਿ ਪਹਿਲਾਂ ਕੰਪਿਊਟਰ ਕਰਾਹਿਆਂ ਦੀ ਗਿਣਤੀ ਘੱਟ ਸੀ, ਜਿਸ ਕਾਰਨ ਕਿਸਾਨਾਂ ਨੂੰ ਕੰਪਿਊਟਰ ਕਰਾਹਾ ਮਾਰਨ ਲਈ ਤਰਲੇ ਕਰਨੇ ਪੈਂਦੇ ਸਨ। ਇਸ ਵਾਰ ਵੱਡੀ ਗਿਣਤੀ ਵਿੱਚ ਕੰਪਿਊਟਰ ਕਰਾਹੇ ਹੋਣ ਕਾਰਨ ਡੀਜ਼ਲ ਮਹਿੰਗਾ ਹੋਣ ਦੇ ਬਾਵਜੂਦ ਵੀ ਪੁਰਾਣਾ ਰੇਟ ਹੀ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਕੰਪਿਊਟਰ ਕਰਾਹੇ ਨਾਲ ਜ਼ਮੀਨਾਂ ਦਾ ਲੈਵਲ ਕਰਨ ਵਾਲੇ ਨੌਜਵਾਨਾਂ ਨੂੰ ਵੱਡੇ ਪੱਧਰ ’ਤੇ ਰੋਜ਼ਗਾਰ ਵੀ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਠਾਕੁਰ ਰਣਧੀਰ ਸਿੰਘ ਨੇ ਕਿਹਾ ਕਿ ਕੰਪਿਊਟਰ ਕਰਾਹੇ ਨਾਲ ਖੇਤਾਂ ਵਿੱਚ ਲੈਵਲ ਪੱਧਰਾ ਕਰਵਾਉਣ ਨਾਲ ਪਾਣੀ ਦੀ ਵੱਡੀ ਬਚਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ 250 ਦੇ ਕਰੀਬ ਕੰਪਿਊਟਰ ਕਰਾਹੇ ਸਬਸਿਡੀ ’ਤੇ ਦਿੱਤੇ ਗਏ ਸਨ, ਪਰ ਦੋ ਸਾਲ ਤੋਂ ਕੰਪਿਊਟਰ ਕਰਾਹਿਆਂ ’ਤੇ ਸਬਸਿਡੀ ਨਹੀਂ ਦਿੱਤੀ ਜਾ ਰਹੀ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕਰੀਬ 1600 ਕੰਪਿਊਟਰ ਕਰਾਹੇ ਨਾਲ ਜ਼ਮੀਨਾਂ ਦਾ ਲੈਵਲ ਪੱਧਰਾ ਕੀਤਾ ਜਾ ਰਿਹਾ ਹੈ, ਜਿਸ ਨਾਲ ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਹੈ, ਉੱਥੇ ਕਿਸਾਨਾਂ ਦਾ ਸਮਾਂ ਵੀ ਬਚ ਰਿਹਾ ਹੈ ਅਤੇ ਪਾਣੀ ਦੀ ਵੱਡੀ ਬਚਤ ਹੋ ਰਹੀ ਹੈ।