Batala News : ਫਾਈਨਾਂਸਰ ਤੋਂ ਫਿਰੌਤੀ ਮੰਗਣ ਤੇ ਦਫ਼ਤਰ ’ਤੇ ਗੋਲ਼ੀਆਂ ਚਲਾਉਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਅਸਲੇ ਸਣੇ ਗ੍ਰਿਫ਼ਤਾਰ
ਬਟਾਲਾ ਪੁਲਿਸ ਨੇ ਫਾਈਨਾਂਸਰ ਕੋਲੋਂ 50 ਲੱਖ ਦੀ ਫਿਰੌਤੀ ਮੰਗਣ ਤੇ ਉਸ ਦੇ ਦਫ਼ਤਰ ’ਤੇ ਗੋਲੀਆਂ ਚਲਾਉਣ ਵਾਲੇ ਇਕ ਗਿਰੋਹ ਦੇ 3 ਮੈਂਬਰਾਂ ਨੂੰ ਅਸਲੇ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ .32 ਪਿਸਤੌਲ, 10 ਰੌਂਦ ਤੇ ਇਕ ਕਾਰ ਤੇ ਇਕ ਐਕਟਿਵਾ ਵੀ ਲਈ ਕਬਜ਼ੇ ’ਚ ਲੈ ਲਈ ਹੈ। ਫੜ੍ਹੇ ਗਏ ਮੁਲਜ਼ਮਾਂ ’ਚੋਂ ਇਕ ਵਿਅਕਤੀ ਪੁਲਿਸ ਮੁਲਾਜ਼ਮ ਹੈ।
Publish Date: Wed, 24 Jan 2024 07:08 PM (IST)
Updated Date: Wed, 24 Jan 2024 11:41 PM (IST)
ਸੁਖਦੇਵ ਸਿੰਘ, ਬਟਾਲਾ: ਬਟਾਲਾ ਪੁਲਿਸ ਨੇ ਫਾਈਨਾਂਸਰ ਕੋਲੋਂ 50 ਲੱਖ ਦੀ ਫਿਰੌਤੀ ਮੰਗਣ ਤੇ ਉਸ ਦੇ ਦਫ਼ਤਰ ’ਤੇ ਗੋਲੀਆਂ ਚਲਾਉਣ ਵਾਲੇ ਇਕ ਗਿਰੋਹ ਦੇ 3 ਮੈਂਬਰਾਂ ਨੂੰ ਅਸਲੇ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ .32 ਪਿਸਤੌਲ, 10 ਰੌਂਦ ਤੇ ਇਕ ਕਾਰ ਤੇ ਇਕ ਐਕਟਿਵਾ ਵੀ ਲਈ ਕਬਜ਼ੇ ’ਚ ਲੈ ਲਈ ਹੈ। ਫੜ੍ਹੇ ਗਏ ਮੁਲਜ਼ਮਾਂ ’ਚੋਂ ਇਕ ਵਿਅਕਤੀ ਪੁਲਿਸ ਮੁਲਾਜ਼ਮ ਹੈ।
ਇਸ ਸਬੰਧੀ ਐੱਸਐੱਸਪੀ ਬਟਾਲਾ ਅਸ਼ਵਿਨੀ ਗੋਟਿਆਲ ਨੇ ਦੱਸਿਆ ਕਿ 22 ਜਨਵਰੀ ਦੀ ਦਰਮਿਆਨੀ ਰਾਤ ਨੂੰ ਬਟਾਲਾ ਸ਼ਹਿਰ ਦੇ ਜਲੰਧਰ ਰੋਡ ’ਤੇ ਸਥਿਤ ਪੰਜਾਬ ਫਾਈਨਾਂਸਰ ਦੇ ਬੰਦ ਦਫ਼ਤਰ ’ਤੇ ਫਾਇਰਿੰਗ ਹੋਈ ਸੀ। ਗੋਲ਼ੀਆਂ ਚਲਾਉਣ ਵਾਲਿਆਂ ਨੂੰ ਫੜਨ ਲਈ ਐੱਸਪੀ ਇਨਵੈੱਸਟੀਗੇਸ਼ਨ ਗੁਰਪ੍ਰੀਤ ਸਿੰਘ ਗਿੱਲ ਦੀ ਸੁਪਰਵਿਜ਼ਨ ਹੇਠ ਡੀਐੱਸਪੀ ਸਿਟੀ ਲਲਿਤ ਕੁਮਾਰ, ਐੱਸਐੱਚਓ ਸਿਟੀ ਅਤੇ ਸੀਆਈਏ ਸਟਾਫ਼ ’ਤੇ ਆਧਾਰਤ ਟੀਮ ਬਣਾਈ ਗਈ, ਜਿਸ ਨੇ 24 ਘੰਟੇ ਦੇ ਅੰਦਰ-ਅੰਦਰ ਵਾਰਦਾਤ ਕਰਨ ਵਾਲੇ 3 ਨੌਜਵਾਨਾਂ ਸੌਰਵ ਪੁੱਤਰ ਸੁਰਿੰਦਰ ਕੁਮਾਰ ਵਾਸੀ ਭੰਡਾਰੀ ਮੁਹੱਲਾ ਬਟਾਲਾ, ਸਰਤਾਜ ਸਿੰਘ ਪੁੱਤਰ ਸਵ. ਜਤਿੰਦਰ ਸਿੰਘ ਵਾਸੀ ਮਾੜੀਆਂਵਾਲ ਹਾਲ ਨਿਊ ਮਾਡਲ ਟਾਊਨ ਬਟਾਲਾ ਅਤੇ ਜਸ਼ਨਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਬਾਉਲੀ ਇੰਦਰਜੀਤ ਸਿੰਘ ਬਟਾਲਾ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਸਾਰਿਆਂ ਦੀ ਉਮਰ 20 ਤੋਂ 22 ਸਾਲ ਦੀ ਹੈ। ਤਫਤੀਸ਼ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਫਾਈਨਾਂਸਰ ਦਫ਼ਤਰ ਦੇ ਨਜ਼ਦੀਕ ਸ਼ੋਅਰੂਮ ਵਿਚ ਕੰਮ ਕਰਦੇ ਨੌਜਵਾਨ ਸੌਰਵ ਨੇ ਇਹ ਯੋਜਨਾ ਬਣਾਈ ਸੀ। ਇਸ ’ਚ ਉਸ ਨੇ ਆਪਣੇ ਸਾਥੀ ਸਰਤਾਜ ਸਿੰਘ ਤੇ ਜਸ਼ਨਪ੍ਰੀਤ ਸਿੰਘ ਹਨ, ਜੋ ਇਹ ਤਿੰਨੋਂ ਬਚਪਨ ਦੇ ਦੋਸਤ ਹਨ, ਨੂੰ ਨਾਲ ਮਿਲਾ ਲਿਆ। ਸਰਤਾਜ ਸਿੰਘ ਜ਼ਿਲ੍ਹਾ ਕਪੂਰਥਲਾ ਵਿਖੇ ਬਤੌਰ ਕਾਂਸਟੇਬਲ ਦੀ ਨੌਕਰੀ ਕਰਦਾ ਹੈ। ਯੋਜਨਾ ਤਹਿਤ ਮੁਲਜ਼ਮਾਂ ਨੇ ਸਰਤਾਜ ਸਿੰਘ ਦੇ ਰਿਸ਼ਤੇਦਾਰ ਸਤਨਾਮ ਸਿੰਘ ਵਾਸੀ ਕੰਡਿਆਲਾ ਜੋ ਵਿਦੇਸ਼ ਵਿਚ ਰਹਿੰਦਾ ਹੈ ਅਤੇ ਦੀਪਿੰਦਰ ਸਿੰਘ ਵਾਸੀ ਯੂਐੱਸਏ ਕੋਲੋਂ ਫਾਈਨਾਂਸਰ ਨੂੰ ਫਿਰੌਤੀ ਲਈ ਧਮਕੀ ਭਰੀਆਂ ਕਾਲਾਂ ਕਰਵਾਈਆਂ ਸਨ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਐੱਸਐੱਸਪੀ ਨੇ ਦੱਸਿਆ ਕਿ ਜਲਦ ਹੀ ਅਮਰੀਕਾ ’ਚ ਰਹਿੰਦੇ ਮੁਲਜ਼ਮਾਂ ਦੇ ਚੌਥੇ ਸਾਥੀ ਨੂੰ ਵੀ ਇਸ ਮਾਮਲੇ ’ਚ ਨਾਮਜ਼ਦ ਕੀਤਾ ਜਾਵੇਗਾ।