ਨਾਬਾਲਿਗ ਲੜਕੀ ਨਾਲ ਦਰਿੰਦਗੀ ਦੇ ਮਾਮਲੇ 'ਚ ਤਿੰਨ ਕਾਬੂ
ਨਾਬਾਲਿਗ ਲੜਕੀ ਨਾਲ ਦਰਿੰਦਗੀ
Publish Date: Tue, 17 Mar 2026 05:53 PM (IST)
Updated Date: Tue, 17 Mar 2026 05:55 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਪਠਾਨਕੋਟ : ਪਠਾਨਕੋਟ ਵਿੱਚ ਨਾਬਾਲਿਗ ਲੜਕੀ ਨਾਲ ਜਬਰਦਸਤੀ ਅਤੇ ਅਸ਼ਲੀਲ ਹਰਕਤਾਂ ਕਰਨ ਦੇ ਸੰਵੇਦਨਸ਼ੀਲ ਮਾਮਲੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਪੁਲਿਸ ਅਨੁਸਾਰ ਪੀੜਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪਠਾਨਕੋਟ ਦੀ ਰਹਿਣ ਵਾਲੀ 16 ਸਾਲਾ ਲੜਕੀ ਨੇ ਦੱਸਿਆ ਕਿ ਉਹ ਦੁਪਹਿਰ ਸਮੇਂ ਆਪਣੇ ਘਰ ਦੇ ਨੇੜੇ ਗਲੀ ਵਿੱਚ ਖੜੀ ਸੀ।ਇਸ ਦੌਰਾਨ ਗੁਆਂਢ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਸੋਨੂੰ ਨੇ ਉਸਨੂੰ ਆਵਾਜ਼ ਮਾਰ ਕੇ ਦੁਕਾਨ ਤੋਂ ਸਮਾਨ ਲਿਆਉਣ ਲਈ ਕਿਹਾ ਅਤੇ ਆਪਣੇ ਨਾਲ ਲੈ ਗਿਆ। ਪੀੜਤਾ ਦੇ ਅਨੁਸਾਰ ਉਹ ਉਸਨੂੰ ਜ਼ਬਰਦਸਤੀ ਅਣੂ ਦੀ ਪੁਰਾਣੀ ਹਵੇਲੀ ਵਿੱਚ ਲੈ ਗਿਆ, ਜਿੱਥੇ ਪਹਿਲਾਂ ਤੋਂ ਹੀ ਉਸਦਾ ਆਟੋ ਖੜ੍ਹਾ ਸੀ ਅਤੇ ਦੋ ਹੋਰ ਵਿਅਕਤੀ ਵੀ ਮੌਜੂਦ ਸਨ।ਦੋਸ਼ ਹੈ ਕਿ ਉਨ੍ਹਾਂ ਤਿੰਨਾਂ ਨੇ ਲੜਕੀ ਨੂੰ ਡਰਾ-ਧਮਕਾ ਕੇ ਚੁੱਪ ਰਹਿਣ ਲਈ ਮਜਬੂਰ ਕੀਤਾ ਅਤੇ ਜ਼ਬਰਦਸਤੀ ਉਸਨੂੰ ਆਪਣੇ ਕਬਜ਼ੇ ਵਿੱਚ ਰੱਖਿਆ। ਪੀੜਤਾ ਦੇ ਮੁਤਾਬਕ ਉਸਨੇ ਬਹੁਤ ਬੇਨਤੀ ਕੀਤੀ ਕਿ ਉਸਨੂੰ ਛੱਡ ਦਿੱਤਾ ਜਾਵੇ, ਪਰ ਆਰੋਪੀਆਂ ਨੇ ਉਸਦੀ ਇੱਕ ਨਾ ਸੁਣੀ ਅਤੇ ਹਵੇਲੀ ਚ ਬਣੀ ਕੁੱਲੀ ਵਿਚ ਲਿਜਾ ਕੇ ਉਸ ਨਾਲ ਜ਼ਬਰਦਸਤੀ ਕੀਤੀ ਗਈ। ਘਟਨਾ ਤੋਂ ਬਾਅਦ ਲੜਕੀ ਕਿਸੇ ਤਰ੍ਹਾਂ ਆਪਣੇ ਘਰ ਪਹੁੰਚੀ ਅਤੇ ਆਪਣੇ ਪਰਿਵਾਰ ਨੂੰ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਪਰਿਵਾਰ ਵੱਲੋਂ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੀੜਤਾ ਦਾ ਮੈਡੀਕਲ ਕਰਵਾਇਆ ਅਤੇ ਪੀੜਤਾ ਦੇ ਬਿਆਨਾਂ ਦੇ ਆਧਾਰ ਤੇ ਤਿੰਨਾਂ ਵਿਅਕਤੀਆਂ ਸੋਨੂੰ, ਅਣੂ ਅਤੇ ਸੰਜੀਵ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਆਰੋਪੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।