ਪਠਾਨਕੋਟ ਵਿੱਚ ਗੈਸ ਤੇ ਪੈਟਰੋਲ ਦੀ ਕੋਈ ਕਮੀ ਨਹੀਂ : ਕਟਾਰੂਚੱਕ
ਪਠਾਨਕੋਟ ਵਿੱਚ ਗੈਸ ਤੇ ਪੈਟਰੋਲ ਦੀ ਕੋਈ ਕਮੀ ਨਹੀਂ, ਜਮਾਖੋਰੀ ਤੇ ਕਾਲਾਬਜ਼ਾਰੀ ਕਰਨ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ
Publish Date: Sat, 04 Apr 2026 06:01 PM (IST)
Updated Date: Sun, 05 Apr 2026 04:05 AM (IST)
- ਜਮ੍ਹਾਂਖੋਰੀ ਤੇ ਕਾਲਾਬਜ਼ਾਰੀ ਕਰਨ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ
ਅੰਕੁਰ ਮਹਾਜਨ, ਪੰਜਾਬੀ ਜਾਗਰਣ, ਪਠਾਨਕੋਟ ਕੈਂਟ : ਦੇਸ਼ ਵਿੱਚ ਪੈਟਰੋਲੀਅਮ ਪਦਾਰਥਾਂ ਸੰਬੰਧੀ ਬਣ ਰਹੀ ਸਥਿਤੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਗੈਸ ਏਜੰਸੀ ਮਾਲਕਾਂ ਅਤੇ ਵੱਖ-ਵੱਖ ਪੈਟਰੋਲੀਅਮ ਕੰਪਨੀਆਂ ਦੇ ਅਧਿਕਾਰੀਆਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਹੋਈ। ਮੀਟਿੰਗ ਵਿੱਚ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂ ਚੱਕ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਗੈਸ ਅਤੇ ਪੈਟਰੋਲ-ਡੀਜ਼ਲ ਦੀ ਕਿਸੇ ਤਰ੍ਹਾਂ ਦੀ ਘਾਟ ਨਹੀਂ ਹੈ ਅਤੇ ਲੱਗਭੱਗ ਡੇਢ ਮਹੀਨੇ ਲਈ ਸਟਾਕ ਉਪਲੱਬਧ ਹੈ। ਇਸ ਲਈ ਆਮ ਜਨਤਾ ਨੂੰ ਘਬਰਾਉਣ ਜਾਂ ਬਿਨਾਂ ਲੋੜ ਵਧੇਰੇ ਸਟਾਕ ਇਕੱਠਾ ਕਰਨ ਦੀ ਕੋਈ ਲੋੜ ਨਹੀਂ ਹੈ।
ਉਨ੍ਹਾਂ ਗੈਸ ਏਜੰਸੀ ਮਾਲਕਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਮ੍ਹਾਂਖੋਰੀ ਕਾਲਾਬਜ਼ਾਰੀ ਜਾਂ ਉੱਚੇ ਰੇਟਾਂ ‘ਤੇ ਗੈਸ ਦੀ ਵਿਕਰੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਗਤੀਵਿਧੀ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਸਰਹੱਦੀ ਇਲਾਕਿਆਂ ਵਿੱਚ ਆ ਰਹੀਆਂ ਸਪਲਾਈ ਸੰਬੰਧੀ ਸਮੱਸਿਆਵਾਂ ’ਤੇ ਵੀ ਚਰਚਾ ਕੀਤੀ ਗਈ ਅਤੇ ਸਬੰਧਿਤ ਏਜੰਸੀਆਂ ਨੂੰ ਉਥੇ ਸਪਲਾਈ ਨੂੰ ਤਰਜੀਹ ਦੇਣ ਦੀ ਹਦਾਇਤ ਦਿੱਤੀ ਗਈ। ਇਸ ਤੋਂ ਇਲਾਵਾ ਗੈਸ ਦੀ ਹੋਮ ਡਿਲੀਵਰੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ’ਤੇ ਵੀ ਜ਼ੋਰ ਦਿੱਤਾ ਗਿਆ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ।
ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਪਠਾਨਕੋਟ ਡਾ. ਪੱਲਵੀ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਰਾਜ ਰਿਸ਼ੀ ਮਹਿਰਾ, ਜ਼ਿਲ੍ਹਾ ਮਾਲ ਅਫ਼ਸਰ ਸੰਜੀਵ ਪਠਾਨੀਆਂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਗੈਸ ਏਜੰਸੀ ਮਾਲਕ ਵੀ ਮੌਜ਼ੂਦ ਸਨ।