ਕੁੱਤਿਆਂ ਦੀ ਨਸਬੰਦੀ ਲਈ ਜ਼ਿਲ੍ਹਾ ਗੁਰਦਾਸਪੁਰ 'ਚ ਸਟਰਲਾਈਜੇਸ਼ਨ ਸੈਂਟਰ ਦੀ ਵੱਡੀ ਘਾਟ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਸੁਪਰੀਮ ਕੋਰਟ ਵੱਲੋਂ ਦੇਸ਼ ਭਰ ਵਿੱਚ ਅਵਾਰਾ ਕੁੱਤਿਆਂ ਦੇ ਵਧਦੇ ਖ਼ਤਰੇ ਨੂੰ ਰੋਕਣ ਲਈ ਖੂੰਖਾਰ ਅਤੇ ਹਲਕਾਏ ਕੁੱਤਿਆਂ (ਰੈਬੀਜ਼ ਪੀੜਤ ) ਕੁੱਤਿਆਂ ਨੂੰ ਮਾਰਨ ਦੇ ਆਦੇਸ਼ ਦਿੱਤੇ ਗਏ ਹਨ। ਉਥੇ ਪੰਜਾਬ ਭਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖ਼ਤਰਨਾਕ ਕੁੱਤਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਪਰੰਤੂ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਦਿਨੋਂ ਦਿਨ ਵੱਧ ਰਹੀ ਅਵਾਰਾ ਕੁੱਤਿਆਂ ਦੀ ਆਬਾਦੀ ਨੂੰ ਰੋਕਣ ਲਈ ਮੌਜੂਦਾ ਹਾਲਾਤਾਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਵਿੱਚ ਕੁੱਤਿਆਂ ਦੀ ਨਸਬੰਦੀ ਲਈ ਇੱਕ ਵੀ ਐਨੀਮਲ ਬਰਥ ਕੰਟਰੋਲ ਸਟਰਲਾਈਜੇਸ਼ਨ ਨਹੀਂ ਹੈ। ਇੱਥੇ ਦੱਸਣ ਯੋਗ ਹੈ ਕਿ ਪਿਛਲੇ ਸਾਲ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਦੇ ਮਨੋਰਥ ਨਾਲ ਜ਼ਿਲ੍ਹਾ ਗੁਰਦਾਸਪੁਰ ਦੀਆ ਵੱਖ-ਵੱਖ ਨਗਰ ਕੌਂਸਲਾਂ ਵੱਲੋਂ ਕੁੱਤਿਆ ਦੀ ਨਸਬੰਦੀ ਲਈ ਬਲਾਕ ਕਲਾਨੌਰ ਦੇ ਪਿੰਡ ਖੁਸ਼ੀਪੁਰ ਦੇ ਇੱਕ ਬੰਦ ਪ੍ਰਾਈਵੇਟ ਸਕੂਲ ਦੀ ਇਮਾਰਤ ਵਿੱਚ ਕੁੱਤਿਆਂ ਦੀ ਨਸਬੰਦੀ ਲਈ ਐਨੀਮਲ ਬਰਥ ਕੰਟਰੋਲ ਸਟਰਲਾਈਜੇਸ਼ਨ ਖੋਲਿਆ ਗਿਆ ਸੀ। ਸੈਂਟਰ ਐਨੀਮਲ ਵੈਲਫੇਅਰ ਬੋਰਡ ਦੀਆਂ ਸ਼ਰਤਾਂ ਪੂਰੀਆਂ ਨਾ ਹੋਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 26.6.2025 ਨੂੰ ਬੰਦ ਕਰਵਾ ਦਿੱਤਾ ਗਿਆ ਸੀ ਜਦਕਿ ਇਸ ਤੋਂ ਬਾਅਦ ਅਜੇ ਤੱਕ ਜ਼ਿਲ੍ਹੇ ਵਿੱਚ ਕੁੱਤਿਆਂ ਦੀ ਨਸਬੰਦੀ ਲਈ ਕੋਈ ਵੀ ਸਟਰਲਾਈਜੇਸ਼ਨ ਨਹੀਂ ਖੋਲਿਆ ਗਿਆ। ਇਸ ਸਬੰਧੀ ਸਟਰੀਟ ਡੌਗ ਦੀ ਪਾਲਣਹਾਰ ਵੱਜੋਂ ਪ੍ਰਸਿੱਧ ਸੁਖਬੀਰ ਕੌਰ ਗੁਰਾਇਆ ਮੈਂਬਰ ਐੱਸਪੀਸੀਏ, ਪਰਗਣ ਸਿੰਘ , ਸੁਖਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਅਵਾਰਾ ਅਤੇ ਸਟਰੀਟ ਡੌਗ ਦੀ ਨਸਬੰਦੀ ਕਰਵਾਉਣ ਅਤੇ ਐਨੀਮਲ ਬਰਥ ਕੰਟਰੋਲ ਸਟਰਲਾਈਜੇਸ਼ਨ ਖੋਲਣ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਦਿਤਿਆ ਉਪਲ ਨੂੰ ਲਿਖਤੀ ਤੌਰ ਤੇ ਜਾਣੂ ਕਰਵਾ ਚੁੱਕੇ ਹਨ ਪਰੰਤੂ ਅਜੇ ਤੱਕ ਸਟਰਲਾਈਜੇਸ਼ਨ ਨਹੀਂ ਖੋਲਿਆ ਗਿਆ। ਉਹਨਾਂ ਵੱਲੋਂ ਨਿੱਜੀ ਖਰਚੇ ਤੇ ਹੁਣ ਤੱਕ 325 ਦੇ ਕਰੀਬ ਸਟਰੀਟ ਡੌਗ ਦੀ ਨਸਬੰਦੀ ਕਰਵਾਈ ਜਾ ਚੁੱਕੀ ਹੈ। ਉਹਨਾਂ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਕੇਵਲ ਰੈਬੀਜ਼ (ਹਲਕਾਏ) ਅਤੇ ਬਹੁਤ ਖੂੰਖਾਰ ਖਤਰਨਾਕ ਕੁੱਤਿਆਂ ਨੂੰ ਮਾਰਨ ਦੇ ਆਦੇਸ਼ ਕੀਤੇ ਹੋਏ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੁੱਤਿਆਂ ਨੂੰ ਮਾਰਨ ਦੀ ਪ੍ਰਕਿਰਿਆ ਦਾ ਉਹ ਸਖ਼ਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਨ। ਉਹਨਾਂ ਕਿਹਾ ਕਿ ਸਰਕਾਰ ਦੇ ਕੁੱਤਿਆਂ ਦੇ ਮਾਰਨੇ ਦੇ ਵਿਰੋਧ ਵਿੱਚ ਉਹ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਵੀ ਆਪਣੇ ਸਾਥੀਆਂ ਸਮੇਤ ਡੱਟ ਕੇ ਵਿਰੋਧ ਕਰਨ ਲਈ ਰੋਸ ਧਰਨੇ ਵਿੱਚ ਪਹੁੰਚੇ ਹੋਏ ਹਨ।
---ਸਟਰਲਾਈਜੇਸ਼ਨ ਸੈਂਟਰ ਵੈਰੀਫਿਕੇਸ਼ਨ ਨਾ ਹੋਣ ਕਰਕੇ ਕੀਤਾ ਗਿਆ ਸੀ ਬੰਦ---
ਪਿੰਡ ਖੁਸ਼ੀਪੁਰ ਵਿੱਚ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਲਈ ਬਣਾਏ ਗਏ ਸਟਰਲਾਈਜੇਸ਼ਨ ਸੈਂਟਰ ਜਿਸ ਨੂੰ ਪਿਛਲੇ ਸਾਲ ਐਨੀਮਲ ਵੈਲਫੇਅਰ ਬੋਰਡ ਦੀਆਂ ਸ਼ਰਤਾਂ ਪੂਰੀਆਂ ਨਾ ਹੋਣ ਤੇ ਬੰਦ ਕਰ ਦਿੱਤਾ ਗਿਆ ਦੇ ਪ੍ਰਬੰਧਕ ਨੈਨ ਫਾਊਂਡੇਸ਼ਨ ਦੇ ਡਾਇਰੈਕਟਰ ਸੱਭਿਆ ਪ੍ਰਕਾਸ਼ ਨੇ ਕਿਹਾ ਕਿ ਇਸ ਸਟਰਲਾਈਜੇਸ਼ਨ ਸੈਂਟਰ ਦੀ ਵੈਰੀਫਿਕੇਸ਼ਨ ਨਾ ਕਰਨ ਕਰਕੇ ਸੈਂਟਰ ਨੂੰ ਬੰਦ ਕਰ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ ਜੇਕਰ ਇਹ ਸੈਂਟਰ ਖੁੱਲਾ ਹੁੰਦਾ ਤਾਂ ਸੈਂਕੜੇ ਅਵਾਰਾ ਕੁੱਤਿਆਂ ਦੀ ਨਸਬੰਦੀ ਹੋ ਜਾਣੀ ਸੀ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਵਲੋਂ ਖ਼ੂੰਖ਼ਾਰ ਅਤੇ ਹਲਕਾਏ ਕੁੱਤਿਆਂ ਨੂੰ ਮਾਰਨ ਲਈ ਤਿੰਨ ਮੈਂਬਰੀ ਕਮੇਟੀ ਦੀ ਪ੍ਰਵਾਨਗੀ ਤੋਂ ਬਾਅਦ ਹੀ ਮਾਰਨ ਦੇ ਆਦੇਸ਼ ਹਨ। ਉਹਨਾਂ ਕਿਹਾ ਕਿ ਇਸੇ ਕਮੇਟੀ ਵਿੱਚ ਪਸ਼ੂ ਪਾਲਣ ਵਿਭਾਗ ਜੂਡੀਸ਼ੀਅਲ ਵੈਟਰਨਰੀ ਅਤੇ ਕੇਂਦਰੀ ਐਨੀਮਲ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਦੀ ਪ੍ਰਵਾਨਗੀ ਤੋਂ ਬਾਅਦ ਹੀ ਕੁੱਤਿਆਂ ਨੂੰ ਮਾਰਨ ਦੀ ਆਗਿਆ ਹੋਵੇਗੀ।
ਇਸ ਸਬੰਧੀ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਅਦਿਤਿਆ ਉਪਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸੁਪਰੀਮ ਕੋਰਟ ਅਤੇ ਪੰਜਾਬ ਸਰਕਾਰ ਦੇ ਖੂੰਖਾਰ ਕੁੱਤਿਆਂ ਸਬੰਧੀ ਦਿੱਤੇ ਗਏ ਆਦੇਸ਼ਾਂ ਦੀ ਪ੍ਰਸ਼ਾਸਨ ਵੱਲੋਂ ਪਾਲਣਾ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਐਨੀਮਲ ਬਰਥ ਕੰਟਰੋਲ ਸਟਰਲਾਈਜੇਸ਼ਨ ਸੈਂਟਰ ਯਕੀਨੀ ਬਣਾਇਆ ਜਾਵੇਗਾ।