ਮ੍ਰ਼ਿਤਕ ਏਐਸਆਈ ਦੀ ਪਤਨੀ ਰੋ ਰੋ ਕੇ ਪੁੱਛ ਰਹੀ ਹੈ ਕਿ ਉਸ ਦੇ ਸਾਧ ਪਤੀ ਨੂੰ ਕਿਉਂ ਗੋਲੀਆਂ ਮਾਰ ਦਿੱਤੀਆਂ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਬਟਾਲਾ: ਬਟਾਲਾ ਦੇ ਪਿੰਡ ਘਣੀਏ-ਕੇ-ਬਾਂਗਰ ਦੇ ਰਹਿਣ ਵਾਲੇ ਏਐੱਸਆਈ ਜੋਗਾ ਸਿੰਘ ਦੀ ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਐਤਵਾਰ ਨੂੰ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਏਐੱਸਆਈ ਉਸ ਵੇਲੇ ਘਰੋਂ ਆਪਣੀ ਡਿਊਟੀ ’ਤੇ ਜਾ ਰਿਹਾ ਸੀ ਕਿ ਮਜੀਠਾ ਨੇੜੇ ਉਸ ਉੱਤੇ ਹਮਲਾ ਕਰਕੇ ਉਸ ਨੂੰ ਗੋਲ਼ੀਆਂ ਮਾਰ ਕੇ ਮਾਰ ਦਿੱਤਾ ਗਿਆ। ਜੋਗਾ ਸਿੰਘ ਦੇ ਕਤਲ ਤੋਂ ਬਾਅਦ ਉਸਦੇ ਪਿੰਡ ਘਣੀਏ ਕੇ ਬਾਂਗਰ ਅਤੇ ਇਲਾਕੇ ਵਿੱਚ ਮਾਤਮ ਛਾਇਆ ਹੋਇਆ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਜੋਗਾ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਰੋਂਦੀ-ਵਿਲਕਦੀ ਹੋਈ ਕਾਤਲਾਂ ਨੂੰ ਇਹੀ ਸਵਾਲ ਕਰਦੀ ਦਿਖੀ ਕਿ ਮੇਰੇ ‘ਸਾਧ’ (ਸਿੱਧੇ-ਸਾਧੇ ਪਤੀ) ਨੂੰ ਕਿਉਂ ਮਾਰ ਦਿੱਤਾ, ਕੋਈ ਜੋਗਾ ਸਿੰਘ ਦਾ ਕੋਈ ਕਸੂਰ ਤਾਂ ਦੱਸ ਦਿਓ, ਉਨ੍ਹਾਂ ਦਾ ਕਤਲ ਕਿਉਂ ਕੀਤਾ ਹੈ। ਜੇਕਰ ਕਾਤਲਾਂ ਨੂੰ ਜੋਗਾ ਸਿੰਘ ਦੀ ਪੁਲਿਸ ਦੀ ਨੌਕਰੀ ਤੋਂ ਕੋਈ ਪਰੇਸ਼ਾਨੀ ਸੀ ਤਾਂ ਉਹ ਇੱਕ ਵਾਰ ਦੱਸ ਦਿੰਦੇ, ਜੋਗਾ ਸਿੰਘ ਖੁਦ ਨੌਕਰੀ ਛੱਡ ਦਿੰਦੇ। ਮੇਰਾ ਹੱਸਦਾ-ਖੇਡਦਾ ਪਰਿਵਾਰ ਕਾਤਲਾਂ ਨੇ ਉਜਾੜ ਦਿੱਤਾ। ਮੇਰੇ ਬੱਚਿਆਂ ਦਾ ਪਿਓ ਖੋਹ ਲਿਆ ਗਿਆ। ਜੇਕਰ ਕਾਤਲ ਮੇਰੀ ਗੱਲ ਸੁਣ ਰਹੇ ਹਨ ਅਤੇ ਜੇਕਰ ਉਹ ਛੋਟੀ ਉਮਰ ਦੇ ਹਨ ਤਾਂ ਉਹ ਮੇਰੇ ਭਰਾ ਹਨ ਜਾਂ ਫਿਰ ਪੁੱਤ ਹਨ, ਉਨ੍ਹਾਂ ਨੂੰ ਉਨ੍ਹਾਂ ਦੀ ਮਾਂ ਦਾ ਵਾਸਤਾ, ਉਹ ਮੈਨੂੰ ਫ਼ੋਨ ਕਰਕੇ ਹੀ ਦੱਸ ਦੇਣ ਕਿ ਜੋਗਾ ਸਿੰਘ ਦਾ ਕਸੂਰ ਕੀ ਸੀ।
ਜੋਗਾ ਸਿੰਘ ਤਾਂ ਆਪਣੇ ਖੁਦ ਦੇ ਪੈਸਿਆਂ ਨਾਲ ਲੋਕਾਂ ਨੂੰ ਚਾਹ ਤੱਕ ਪਿਲਾਉਂਦੇ ਸਨ। ਅੱਜ ਤੱਕ ਉਨ੍ਹਾਂ ਨੇ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ । ਉਸ ਨੇ ਕਿਹਾ ਕਿ ਪਹਿਲਾਂ ਉਸ ਦਾ ਪਤੀ ਕਾਰ ਚ ਡਿਊਟੀ ਤੇ ਜਾਂਦਾ ਸੀ ਅੱਜ ਸਾਢੇ ਪੰਜ ਵਜੇ ਸਵੇਰੇ ਉਹ ਘਰੋਂ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਡਿਊਟੀ ਲਈ ਨਿਕਲਿਆ ਸੀ। ਉਸਦੀ ਪਤਨੀ ਨੇ ਦੱਸਿਆ ਕਿ ਉਸ ਨੇ ਖੁਦ ਜੋਗਾ ਸਿੰਘ ਨੂੰ ਘਰੋਂ ਤੋਰਿਆ ਸੀ। ਪਤਾ ਨਹੀਂ ਸੀ ਕਿ ਉਸ ਦੇ ਪਤੀ ਦਾ ਕਤਲ ਕਰ ਦਿੱਤਾ ਜਾਵੇਗਾ। ਰਾਜਵਿੰਦਰ ਕੌਰ ਨੇ ਭਟਕ ਚੁੱਕੇ ਨੌਜਵਾਨਾਂ ਨੂੰ ਰੋਂਦੇ ਹੋਏ ਅਪੀਲ ਕੀਤੀ ਕਿ ਸਮਾਜ ਵਿਰੋਧੀ ਅਨਸਰਾਂ ਦੇ ਹੱਥੇ ਚੜ੍ਹ ਕੇ ਲੋਕਾਂ ਦੇ ਹੱਸਦੇ-ਖੇਡਦੇ ਪਰਿਵਾਰਾਂ ਨੂੰ ਨਾ ਉਜਾੜਨ। ਮ੍ਰਿਤਕ ਏਐਸਆਈ ਜੋਗਾ ਸਿੰਘ ਦੇ ਭਰਾ ਦਲਜੀਤ ਸਿੰਘ ਨੇ ਦੱਸਿਆ ਕਿ ਜੋਗਾ ਸਿੰਘ ਰੋਜ਼ਾਨਾ ਹੀ ਅੰਮ੍ਰਿਤਸਰ ਡਿਊਟੀ ਕਰਨ ਲਈ ਕਾਰ ਵਿੱਚ ਜਾਂਦੇ ਸਨ। ਐਤਵਾਰ ਸਵੇਰੇ ਕਰੀਬ ਸਾਢੇ ਪੰਜ ਵਜੇ ਜਦੋਂ ਉਹ ਡਿਊਟੀ ’ਤੇ ਜਾਣ ਲਈ ਗੱਡੀ ਕੱਢਣ ਲੱਗੇ ਤਾਂ ਟਾਇਰ ਪੰਕਚਰ ਮਿਲਿਆ। ਇਸ ਦੇ ਚਲਦਿਆਂ ਉਹ ਘਰੋਂ ਸਕੂਟਰੀ ਲੈ ਕੇ ਗਏ ਸਨ। ਰਸਤੇ ਵਿੱਚ ਹੀ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।ਮ੍ਰਿਤਕ ਜੋਗਾ ਸਿੰਘ ਦੇ ਪਰਿਵਾਰ ਵਿੱਚ ਪਤਨੀ ,ਬਜ਼ੁਰਗ ਮਾਤਾ ,ਇੱਕ ਪੁੱਤਰ ਅਤੇ ਧੀ ਹੈ, ਜੋ ਵਿਦੇਸ਼ ਵਿੱਚ ਰਹਿੰਦੇ ਹਨ। ਬੱਚਿਆਂ ਦੇ ਆਉਣ ਤੋਂ ਬਾਅਦ ਹੀ ਜੋਗਾ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਘਣੀਏ-ਕੇ-ਬਾਂਗਰ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਧਰ ਏਐਸਆਈ ਦੀ ਮੌਤ ਦੇ ਨਾਲ ਪਿੰਡ ਅਤੇ ਇਲਾਕੇ ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਵੱਖ ਵੱਖ ਸਮਾਜ ਸੇਵੀਆਂ ਰਾਜਨੀਤਿਕ ਆਗੂਆਂ ਅਤੇ ਪੁਲਿਸ ਦੇ ਅਧਿਕਾਰੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।