ਪਾਰਾ 42 ਡਿਗਰੀ ’ਤੇ ਪਹੁੰਚਿਆ, ਲੂ ਨੇ ਝੁਲਸਾਇਆ, ਰਾਹਤ ਦੀ ਸੰਭਾਵਨਾ ਨਹੀਂ
ਜ਼ਿਲ੍ਹੇ ਵਿੱਚ ਪਾਰਾ 42 ਡਿਗਰੀ ’ਤੇ ਪਹੁੰਚਿਆ, ਲੂ ਨੇ ਝੁਲਸਾਇਆ, ਰਾਹਤ ਦੀ ਸੰਭਾਵਨਾ ਨਹੀਂ
Publish Date: Mon, 18 May 2026 05:04 PM (IST)
Updated Date: Mon, 18 May 2026 05:06 PM (IST)

-ਰੋਜ਼ਾਨਾ ਲੱਗ ਰਹੇ ਤਿੰਨ ਤੋਂ ਚਾਰ ਘੰਟੇ ਦੇ ਬਿਜਲੀ ਕੱਟਾਂ ਨੇ ਲੋਕਾਂ ਦੀ ਮੁਸੀਬਤ ਵਧਾਈ ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਜ਼ਿਲ੍ਹੇ ’ਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਭਿਆਨਕ ਗਰਮੀ ਅਤੇ ਲੂ ਦੇ ਸੇਕ ਨੇ ਲੋਕਾਂ ਨੂੰ ਹਾਲੋਂ ਬੇਹਾਲ ਕਰ ਦਿੱਤਾ ਹੈ। ਐਤਵਾਰ ਨੂੰ ਜਿੱਥੇ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ, ਉੱਥੇ ਹੀ ਸੋਮਵਾਰ ਨੂੰ ਪਾਰਾ ਅਚਾਨਕ ਤਿੰਨ ਡਿਗਰੀ ਦੀ ਛਾਲ ਮਾਰ ਕੇ 42 ਡਿਗਰੀ ’ਤੇ ਜਾ ਪੁੱਜਾ। ਘੱਟ ਤੋਂ ਘੱਟ ਤਾਪਮਾਨ ਵਿੱਚ ਵੀ ਦੋ ਡਿਗਰੀ ਦਾ ਵਾਧਾ ਹੋਇਆ ਅਤੇ ਇਹ 28 ਡਿਗਰੀ ’ਤੇ ਪਹੁੰਚ ਗਿਆ। ਦੁਪਹਿਰ ਵੇਲੇ ਤਾਂ ਸੂਰਜ ਦੀ ਤਪਸ਼ ਕਾਰਨ ਸੜਕਾਂ ਸੁੰਨਸਾਨ ਕਰ ਦਿੱਤੀਆਂ। ਮੌਸਮ ਵਿਭਾਗ ਅਨੁਸਾਰ ਅਜੇ ਪੂਰੇ ਹਫ਼ਤੇ ਗਰਮੀ ਤੋਂ ਰਾਹਤ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ 43 ਡਿਗਰੀ ਤੱਕ ਪਹੁੰਚ ਸਕਦਾ ਹੈ। ਵਿਭਾਗ ਨੇ ਅਗਲੇ 48 ਘੰਟਿਆਂ ਲਈ ਤੇਜ਼ ਲੂ ਚੱਲਣ ਦੀ ਸੰਭਾਵਨਾ ਪ੍ਰਗਟਾਈ ਹੈ। ਦਿਨ ਭਰ ਕਰੀਬ ਚਾਰ ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲਣ ਵਾਲੀਆਂ ਗਰਮ ਹਵਾਵਾਂ ਦੇ ਝੱਖੜਾਂ ਨੇ ਲੋਕਾਂ ਨੂੰ ਝੁਲਸਾ ਕੇ ਰੱਖ ਦਿੱਤਾ ਹੈ। ਅਜਿਹੇ ’ਚ ਬਿਨਾਂ ਕਿਸੇ ਸੁਰੱਖਿਆ ਦੇ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਲੋਕ ਸਿਰਫ ਗਰਮੀ ਕਾਰਨ ਹੀ ਪਰੇਸ਼ਾਨ ਨਹੀਂ ਹਨ, ਬਲਕਿ ਰੋਜ਼ਾਨਾ ਤਿੰਨ ਤੋਂ ਚਾਰ ਘੰਟੇ ਦੇ ਬਿਜਲੀ ਕੱਟਾਂ ਨੇ ਵੀ ਜਿਊਣਾ ਮੁਹਾਲ ਕਰ ਦਿੱਤਾ ਹੈ। ਬਿਜਲੀ ਕਟੌਤੀ ਕਾਰਨ ਮੁਸੀਬਤਾਂ ਹੋਰ ਵੱਧ ਗਈਆਂ ਹਨ। ਬਿਨਾਂ ਬਿਜਲੀ ਦੇ ਘਰਾਂ ਵਿੱਚ ਰਹਿਣਾ ਵੀ ਮੁਸ਼ਕਲ ਹੋ ਗਿਆ ਹੈ। ਰਾਤ ਨੂੰ ਵੀ ਰਾਹਤ ਨਹੀਂ ਮਿਲਦੀ ਕਿਉਂਕਿ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਦੇ ਕਰੀਬ ਬਣਿਆ ਹੋਇਆ ਹੈ। ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਦੇ ਵਿਚਕਾਰ ਸ਼ਹਿਰ ਦੀਆਂ ਸੜਕਾਂ ਸੁੰਨੀਆਂ ਨਜ਼ਰ ਆ ਰਹੀਆਂ ਹਨ। ਜ਼ਿਲ੍ਹੇ ਦੇ ਹਸਪਤਾਲਾਂ ਵਿੱਚ ਪਿਛਲੇ ਤਿੰਨ ਦਿਨਾਂ ਦੌਰਾਨ ਲੂ ਲੱਗਣ ਅਤੇ ਉਲਟੀਆਂ-ਦਸਤ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਜ਼ਿਆਦਾਤਰ ਮਰੀਜ਼ ਬਜ਼ੁਰਗ ਤੇ ਬੱਚੇ ਹਨ। ਡਾਕਟਰਾਂ ਨੇ ਦੱਸਿਆ ਕਿ ਗਰਮੀ ਦੌਰਾਨ ਸਰੀਰ ’ਚ ਪਾਣੀ ਦੀ ਕਮੀ ਹੋਣਾ ਆਮ ਗੱਲ ਹੈ। ਉਨ੍ਹਾਂ ਲੋਕਾਂ ਨੂੰ ਦੁਪਹਿਰ ਵੇਲੇ ਘਰਾਂ ਵਿੱਚ ਰਹਿਣ, ਕਾਫ਼ੀ ਮਾਤਰਾ ਵਿੱਚ ਪਾਣੀ ਅਤੇ ਓਆਰਐੱਸ ਦਾ ਘੋਲ ਪੀਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਬੱਦਲਾਂ ਦੀ ਆਮਦ ਜਾਂ ਹਵਾ ਦੀ ਰਫਤਾਰ ਵਿੱਚ ਕੋਈ ਤਬਦੀਲੀ ਆਉਣ ਵਾਲੀ ਨਹੀਂ ਹੈ। ---ਸਿਹਤ ਵਿਭਾਗ ਦੀ ਐਡਵਾਈਜ਼ਰੀ-- •-ਘਰੋਂ ਬਾਹਰ ਦੇ ਕੰਮ ਦਿਨ ਦੇ ਠੰਢੇ ਸਮੇਂ ਜਿਵੇਂ ਕਿ ਸਵੇਰੇ ਤੇ ਸ਼ਾਮ ਨੂੰ ਕੀਤੇ ਜਾਣ। -ਪਿਆਸ ਨਾ ਲੱਗੇ ਤਾਂ ਵੀ ਹਰ ਅੱਧੇ ਘੰਟੇ ਬਾਅਦ ਪਾਣੀ ਪੀਓ। ਮਿਰਗੀ ਜਾਂ ਦਿਲ ਦੀ ਬਿਮਾਰੀ, ਗੁਰਦੇ ਜਾਂ ਜਿਗਰ ਦੀ ਬਿਮਾਰੀ ਵਾਲੇ ਲੋਕ ਜੋ ਤਰਲ ਖ਼ੁਰਾਕ ’ਤੇ ਹਨ, ਉਹ ਪਾਣੀ ਦੀ ਮਾਤਰਾ ਵਧਾਉਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰਨ। -ਬਾਹਰ ਕੰਮ ਕਰਦੇ ਸਮੇਂ ਹਲਕੇ ਰੰਗ ਦੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਉਣ। ਕੋਸ਼ਿਸ਼ ਕਰੋ ਕਿ ਗਰਮੀਆਂ ਵਿੱਚ ਸਿਰਫ਼ ਸੂਤੀ ਕੱਪੜੇ ਹੀ ਪਾਓ। -ਸਿੱਧੀ ਧੁੱਪ ਤੋਂ ਆਪਣੇ ਸਿਰ ਨੂੰ ਢੱਕਣ ਲਈ ਛੱਤਰੀ, ਟੋਪੀ, ਤੌਲੀਏ ਜਾਂ ਦੁਪੱਟੇ ਦੀ ਵਰਤੋਂ ਕਰੋ। -ਨੰਗੇ ਪੈਰ ਬਾਹਰ ਨਾ ਨਿੱਕਲੋ, ਧੁੱਪ ਵਿੱਚ ਬਾਹਰ ਜਾਂਦੇ ਸਮੇਂ ਹਮੇਸ਼ਾ ਜੁੱਤੀਆਂ ਜਾਂ ਚੱਪਲਾਂ ਪਾਓ। •-ਧੁੱਪ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਸਰੀਰ ਦਾ ਤਾਪਮਾਨ ਸਹੀ ਬਣਾਈ ਰੱਖਣ ਲਈ ਛਾਂ ਵਿੱਚ ਆਰਾਮ ਕਰਨਾ ਚਾਹੀਦਾ ਹੈ ਜਾਂ ਸਿਰ ’ਤੇ ਗਿੱਲਾ ਕੱਪੜਾ ਰੱਖਣਾ ਚਾਹੀਦਾ ਹੈ। -ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਤਰਬੂਜ਼, ਸੰਤਰਾ, ਅੰਗੂਰ, ਖੀਰਾ ਅਤੇ ਟਮਾਟਰ ਖਾਓ ਕਿਉਂਕਿ ਇਨ੍ਹਾਂ ਵਿੱਚ ਪਾਣੀ ਦੀ ਮਾਤਰਾ ਵੱਧ ਹੁੰਦੀ ਹੈ। -ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਵਰਗੇ ਘਰੇਲੂ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਅਤੇ ਸੇਵਨ ਵਧਾਓ। -ਚਮੜੀ ਦੀ ਸੁਰੱਖਿਆ ਲਈ ਸਨਸਕ੍ਰੀਨ ਅਤੇ ਅੱਖਾਂ ਦੀ ਸੁਰੱਖਿਆ ਲਈ ਐਨਕਾਂ ਲਗਾਓ।