ਦਰਜਨਾ ਪਿੰਡਾਂ ਦੇ ਬਰਸਾਤੀ ਪਾਣੀ ਦੀ ਨਿਕਾਸੀ ਕਰਨ ਵਾਲੀ ਡਰੇਨ ਨੇ ਧਾਰਿਆ ਜੰਗਲ ਦਾ ਰੂਪ, ਸਫ਼ਾਈ ਦੀ ਮੰਗ ਉੱਠੀ
ਦਰਜਨਾ ਪਿੰਡਾਂ ਦੇ ਬਰਸਾਤੀ ਪਾਣੀ ਦੀ ਨਿਕਾਸੀ ਕਰਨ ਵਾਲੀ ਡਰੇਨ ਨੇ ਧਾਰਿਆ ਜੰਗਲ ਦਾ ਰੂਪ, ਸਫ਼ਾਈ ਦੀ ਮੰਗ ਉੱਠੀ
Publish Date: Tue, 26 May 2026 04:59 PM (IST)
Updated Date: Tue, 26 May 2026 05:01 PM (IST)

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ: ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਰਸਾਤੀ ਮੌਸਮ ਦੇ ਮੱਦੇਨਜ਼ਰ ਬਰਸਾਤੀ ਪਾਣੀ ਦੀ ਨਿਕਾਸੀ ਲਈ ਡਰੇਨਾਂ ਦੀ ਸਫ਼ਾਈ ਨੂੰ ਯਕੀਨੀ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਉਥੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੇ ਬਲਾਕ ਧਾਰੀਵਲ, ਕਲਾਨੌਰ, ਡੇਰਾ ਬਾਬਾ ਨਾਨਕ ਨਾਲ ਸਬੰਧਿਤ ਪਿੰਡਾਂ ਵਿਚ ਗੁਜ਼ਰਦੀਆਂ ਡਰੇਨਾਂ ਦੀ ਸਫਾਈ ਨਾ ਹੋਣ ਕਾਰਨ ਉਕਤ ਪਿੰਡਾਂ ਦੇ ਕਿਸਾਨਾਂ ਨੂੰ ਬਰਸਾਤੀ ਪਾਣੀ ਦੀ ਨਿਕਾਸੀ ਦੀ ਚਿੰਤਾ ਸਤਾ ਰਹੀ ਹੈ। ਦੱਸਣਯੋਗ ਹੈ ਕਿ ਬਲਾਕ ਧਾਰੀਵਲ, ਕਲਾਨੌਰ ਅਤੇ ਡੇਰਾ ਬਾਬਾ ਨਾਨਕ ਦੇ ਦਰਜਨਾਂ ਪਿੰਡਾਂ ਵਿਚੋਂ ਗੁਜ਼ਰਦੀ ਡਰੇਨ ਵਡਾਲਾ ਬਾਂਗਰ ਦੀ ਸਫ਼ਾਈ ਨਾ ਹੋਣ ਕਿਸਾਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ। ਜਾਣਕਾਰੀ ਅਨੁਸਾਰ ਪਿੰਡ ਕੁੰਜਰ ਨਾਲ ਜਾਣੀ ਜਾਂਦੀ ਡਰੇਨ ਜੋ ਪਿੰਡ ਸੁੱਖਾਰਾਜੂ, ਮਾਲੋ ਗਿੱਲ, ਮੁਸਤਫਾਪੁਰ, ਵਡਾਲਾ ਬਾਂਗਰ, ਫਜ਼ਲਾਬਾਦ, ਲੁਕਮਾਨੀਆ, ਮਸਤਕੋਟ, ਅਰਲੀਭੰਨ, ਦੋਲੇਵਾਲ, ਮਲਕਪੁਰ, ਭੁੱਲਰ ਅਠਵਾਲ, ਰਣਸੀਕੇ ਤੱਲਾ ਤੋਂ ਇਲਾਵਾ ਬੁੱਚੇ ਨੰਗਲ, ਕਾਜੀਪੁਰ, ਪੰਨਵਾਂ, ਪਿੰਡੀਆਂ ਸੈਦਾਂ, ਜੋਗੋਵਾਲ ਅਤੇ ਨੜਾਵਾਲੀ ਆਦਿ ਪਿੰਡਾਂ ਵਿਚੋਂ ਗੁਜ਼ਰਦੀ ਡਰੇਨਾਂ ਦੀ ਸਫ਼ਾਈ ਨਾ ਹੋਣ ਕਾਰਨ ਡਰੇਨਾਂ ਵਿਚ ਜਲ ਕੁੰਭੀ, ਸਰਕੰਡਾ, ਭੰਗ ਆਦਿ ਜੰਗਲੀ ਬੂਟੇ ਉਗੀਆਂ ਹੋਈਆ ਹਨ। ਪਿੰਡਾਂ ਦੇ ਕਿਸਾਨ ਤਰਲੋਕ ਸਿੰਘ, ਰਣਜੀਤ ਸਿੰਘ, ਪਰਗਟ ਸਿੰਘ, ਹਰਦੇਵ ਸਿੰਘ, ਬਲਜੀਤ ਸਿੰਘ, ਸਤਨਾਮ ਸਿੰਘ ਨੇ ਕਿਹਾ ਕਿ ਉਕਤ ਡਰੇਨਾਂ ਬਰਸਾਤੀ ਮੌਸਮ ਦੌਰਾਨ ਬਰਸਾਤ ਦੇ ਪਾਣੀ ਦੀ ਨਿਕਾਸੀ ਲਈ ਪਿੰਡਾਂ ਦੇ ਲੋਕਾਂ ਲਈ ਵਰਦਾਨ ਸਾਬਤ ਹੁੰਦੀਆਂ ਹਨ ਅਤੇ ਕਿਸਾਨਾਂ ਦੀਆਂ ਫਸਲਾਂ ਬਰਸਾਤੀ ਪਾਣੀ ਦੀ ਮਾਰ ਤੋਂ ਬੱਚਦੀਆਂ ਹਨ। ਉਨ੍ਹਾਂ ਕਿਹਾ ਕਿ ਉਕਤ ਡਰੇਨਾਂ ਦੀ ਸਫਾਈ ਨਾ ਹੋਣ ਕਾਰਨ ਕਿਸਾਨਾਂ ਨੂੰ ਬਰਸਾਤੀ ਪਾਣੀ ਦੀ ਚਿੰਤਾ ਸਤਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਡਰੇਨਾਂ ਦੀ ਸਫਾਈ ਹੁਣ ਕਾਰਨ ਬਰਸਾਤੀ ਮੌਸਮ ਦੇ ਨਾਲ ਉਹਨਾਂ ਨੂੰ ਵੱਡੀ ਰਾਹਤ ਮਿਲੀ ਸੀ ਜਦੋਂਕਿ ਇਸ ਵੇਲੇ ਕਈ ਥਾਵਾਂ ਤੇ ਡਰੇਨ ਵਿੱਚ ਜਲ ਕੁੰਭੀ ਅਤੇ ਹੋਰ ਬੂਟੀਆਂ ਉੱਗੀਆਂ ਹੋਈਆਂ ਹਨ ਜੋ ਬਰਸਾਤੀ ਮੌਸਮ ਦੌਰਾਨ ਪਾਣੀ ਦੀ ਨਿਕਾਸੀ ਨੂੰ ਰੋਕਣਗੀਆਂ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਡਾਲਾ ਬਾਂਗਰ ਡਰੇਨ ਦੀ ਸਫਾਈ ਹੋਣ ਕਰਕੇ ਹੜ੍ਹਾਂ ਦੌਰਾਨ ਇਸ ਡਰੇਨ ਨੇ ਪਾਣੀ ਦੀ ਨਿਕਾਸੀ ਕਰਕੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਣ ਤੋਂ ਬਚ ਗਈਆਂ ਸਨ। ਇਸ ਡਰੇਨ ਵਿੱਚ ਜਿੱਥੇ ਜੰਗਲੀ ਬੂਟੀਆਂ ਉੱਗੀਆਂ ਹੋਈਆਂ ਹਨ ਉਥੇ ਡਰੇਨ ਦੇ ਕਿਨਾਰਿਆਂ ਤੇ ਗੰਦਗੀ ਦੇ ਢੇਰ ਵੀ ਲਗਾਏ ਹੋਏ ਹਨ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਵਡਾਲਾ ਬਾਂਗਰ ਡਰੇਨ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਬਰਸਾਤੀ ਪਾਣੀ ਦੀ ਨਿਕਾਸੀ ਹੋ ਸਕੇ ਅਤੇ ਕਿਸਾਨਾਂ ਦੀਆਂ ਫਸਲਾਂ ਪਾਣੀ ਦੀ ਮਾਰ ਤੋਂ ਬਚ ਸਕਣ। ਇਸ ਸਬੰਧੀ ਡਰੇਨ ਵਿਭਾਗ ਦੇ ਐਕਸੀਅਨ ਗੁਰਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਡਰੇਨਾਂ ਦੀ ਸਫਾਈ ਕਰਵਾਈ ਜਾ ਰਹੀ ਹੈ ਅਤੇ ਇਸ ਡਰੇਨ ਦਾ ਜਾਇਜ਼ਾ ਲੈ ਕੇ ਸਫਾਈ ਸ਼ੁਰੂ ਕਰਵਾਈ ਜਾਵੇਗੀ।