ਇਤਿਹਾਸਕ ਬਾਰਾਂਦਰੀ ਦੀ ਭੰਨ-ਤੋੜ ਕਰਨ ਵਾਲੇ ਦੋਸ਼ੀਆਂ ਦੀ ਜਲਦ ਪਛਾਣ ਕੀਤੀ ਜਾਵੇ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਟਾਲਾ : ਵਿਰਾਸਤੀ ਮੰਚ ਬਟਾਲਾ ਦੇ ਸਮੂਹ ਅਹੁਦੇਦਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਅਤੇ ਪੁਲਿਸ ਵਿਭਾਗ ਕੋਲੋਂ ਮੰਗ ਕੀਤੀ ਹੈ ਕਿ ਸ਼ੇਰ-ਏ-ਪੰਜਾਬ ਮਹਰਾਜਾ ਰਣਜੀਤ ਸਿੰਘ ਦੀ ਇਤਿਹਾਸਕ ਸ਼ਾਹੀ ਬਾਰਾਂਦਰੀ ਦੀ ਭੰਨ੍ਹਤੋੜ ਕਰਨ ਵਾਲੇ ਦੋਸ਼ੀਆਂ ਦੀ ਜਲਦ ਪਛਾਣ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਸਥਾਨਿਕ ਪੁਲਿਸ ਨੇ ਬਾਰਾਂਦਰੀ ਦੀ ਭੰਨਤੋੜ ਕਰਨ ਵਾਲੇ ਅਣਪਛਾਤੇ ਦੋਸ਼ੀਆਂ ਦੇ ਖਿਲਾਫ਼ ਜੋ ਮਾਮਲਾ ਦਰਜ ਕੀਤਾ ਹੈ ਉਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਦੇ ਨਾਲ ਇਸ ਸਾਜ਼ਿਸ਼ ਵਿੱਚ ਸ਼ਾਮਿਲ ਹੋਰ ਸਾਜ਼ਿਸ਼ ਘਾੜਿਆਂ ਦੀ ਸ਼ਨਾਖ਼ਤ ਵੀ ਕੀਤੀ ਜਾਵੇ।
ਵਿਰਾਸਤੀ ਮੰਚ ਬਟਾਲਾ ਦੇ ਚੇਅਰਮੈਨ ਐਡਵੋਕੇਟ ਐੱਚਐੱਸ ਮਾਂਗਟ, ਪ੍ਰਧਾਨ ਬਲਦੇਵ ਸਿੰਘ ਰੰਧਾਵਾ, ਜਨਰਲ ਸਕੱਤਰ ਇੰਦਰਜੀਤ ਸਿੰਘ ਹਰਪੁਰਾ, ਕੁਲਵਿੰਦਰ ਸਿੰਘ ਲਾਡੀ ਜੱਸਲ, ਸ਼ਮਸ਼ੇਰ ਸਿੰਘ ਮੱਲ੍ਹੀ, ਖਜ਼ਾਨਚੀ ਸੁਖਦੇਵ ਸਿੰਘ ਫੈਜਪੁਰਾ, ਪ੍ਰਿੰਸਪਾਲ ਸਿੰਘ ਚੱਠਾ, ਸ਼ੇਰੇ ਪੰਜਾਬ ਸਿੰਘ ਕਾਹਲੋਂ, ਹਰਵਿੰਦਰ ਸਿੰਘ ਹਰਪੁਰਾ, ਵੈਬੀਜੋਤ ਸਿੰਘ ਕਾਹਲੋਂ, ਵਰਿੰਦਰ ਸਿੰਘ ਨੇ ਕਿਹਾ ਕਿ ਬਾਰਾਂਦਰੀ ਦੀਨਾਨਗਰ ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਵੱਲੋਂ ਸੁਰੱਖਿਅਤ ਘੋਸ਼ਿਤ ਕੀਤੀ ਗਈ ਇਤਿਹਾਸਕ ਇਮਾਰਤ ਹੈ ਅਤੇ ਕਿਸੇ ਵੀ ਸੂਰਤ ਵਿੱਚ ਇਸ ਨੂੰ ਨੁਕਸਾਨ ਪਹੁੰਚਾਉਣ ਦੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪ੍ਰਧਾਨ ਬਲਦੇਵ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਲ 2021 ਵਿੱਚ ਬਾਰਾਂਦਰੀ ਦੀਨਾਨਗਰ ਅਤੇ ਦੀਨਾਨਗਰ ਦੇ ਵਿਰਾਸਤੀ ਦਰਵਾਜ਼ਿਆਂ ਦੀ ਮੁਰੰਮਤ ਲਈ 1.86 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕਰਕੇ ਟੈਂਡਰ ਵੀ ਲਗਾਇਆ ਗਿਆ, ਪਰ ਇਸ ਦੇ ਬਾਵਜੂਦ ਵੀ ਬਾਰਾਂਦਰੀ ਦੀ ਸੰਭਾਲ ਨਹੀਂ ਹੋ ਸਕੀ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਬਾਰਾਂਦਰੀ ਦੀਨਾਨਗਰ ਦੀ ਤੁਰੰਤ ਮੁਰੰਮਤ ਕੀਤੀ ਜਾਵੇ ਤਾਂ ਜੋ ਇਹ ਬੇਸ਼ਕੀਮਤੀ ਇਤਿਹਾਸਕ ਨਿਸ਼ਾਨੀ ਆਉਣ ਵਾਲੀਆਂ ਪੀੜ੍ਹੀਆਂ ਲਈ ਕਾਇਮ ਰਹੇ ਸਕੇ। ਸ਼ਾਹੀ ਬਾਰਾਂਦਰੀ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਵਿਰਾਸਤੀ ਮੰਚ ਦੇ ਜਨਰਲ ਸਕੱਤਰ ਅਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਇਹ ਬਾਰਾਂਦਰੀ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀ ਅਤੇ ਉਹ ਹਰ ਸਾਲ ਗਰਮੀਆਂ ਦੇ ਮਹੀਨੇ ਦੀਨਾਨਗਰ ਵਿਖੇ ਗੁਜ਼ਾਰਦੇ ਸਨ। ਦੀਨਾਨਗਰ ਵਿਖੇ ਹੀ ਸਰਕਾਰ ਖ਼ਾਲਸਾ ਦੀ ਇੱਕ ਵੱਡੀ ਫ਼ੌਜੀ ਛਾਊਣੀ ਵੀ ਸੀ। ਉਨ੍ਹਾਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਦੀਨਾਨਗਰ ਵਿਖੇ ਕਈ ਇਤਿਹਾਸਕ ਦਰਬਾਰ ਸਜਾਏ ਗਏ। ਇਸੇ ਕਰਕੇ ਇਸਨੂੰ ਸਰਕਾਰ ਖ਼ਾਲਸਾ ਜੀ ਦੀ ਗਰਮੀਆਂ ਦੀ ਰਾਜਧਾਨੀ ਵੀ ਕਿਹਾ ਜਾਂਦਾ ਸੀ।ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਦੀਨਾਨਗਰ ਦੀ ਸ਼ਾਹੀ ਬਾਰਾਂਦਰੀ ਵਿਖੇ ਲਾਹੌਰ ਦਰਬਾਰ, ਅੰਗਰੇਜ਼ ਹਕੂਮਤ ਅਤੇ ਅਫ਼ਗਾਨਿਸਤਾਨ ਦੇ ਬਾਦਸ਼ਾਹ ਸ਼ਾਹ ਸੂਜਾ ਦਰਮਿਆਨ ਤ੍ਰੈ-ਪੱਖੀ ਸੰਧੀ ਹੋਈ ਸੀ। ਇਸ ਤੋਂ ਇਲਾਵਾ ਕਸ਼ਮੀਰ ਨੂੰ ਫ਼ਤਹਿ ਕਰਨ ਦੀ ਵਿੳੇੁਂਤਬੰਧੀ ਵੀ ਏਥੇ ਹੀ ਘੜੀ ਗਈ ਸੀ। ਉਨ੍ਹਾਂ ਦੱਸਿਆ ਕਿ ਅੰਗਰੇਜ਼ ਲਿਖਾਰੀ ਵਿਲੀਅਮ ਜੀ. ਆਸਬਰਨ ਦੀ ਕਿਤਾਬ ‘ਮਹਾਰਾਜਾ ਰਣਜੀਤ ਸਿੰਘ ਕੋਰਟ ਐਂਡ ਕੈਂਪਸ’ ਵਿੱਚ ਦੀਨਾਨਗਰ ਦੇ ਸ਼ਾਹੀ ਦਰਬਾਰ ਦੀ ਸ਼ਾਨ ਦਾ ਬਾਖੂਬੀ ਵਰਨਣ ਕੀਤਾ ਗਿਆ ਹੈ।