ਟ੍ਰੈਫਿਕ ਪੁਲਿਸ ਨੇ ਸਕੂਲੀ ਬੱਸਾਂ ਦੀ ਕੀਤੀ ਜਾਂਚ
ਸ਼ਾਹਪੁਰ ਚੌਂਕ 'ਚ ਸਕੂਲੀ ਬੱਸਾਂ ਦੀ ਅਚਾਨਕ ਜਾਂਚ
Publish Date: Sat, 21 Feb 2026 05:26 PM (IST)
Updated Date: Sun, 22 Feb 2026 04:07 AM (IST)

ਰਜਿੰਦਰ ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚਾਈਲਡ ਪ੍ਰੋਟੈਕਸ਼ਨ ਟੀਮ ਵੱਲੋਂ ਟ੍ਰੈਫ਼ਿਕ ਪੁਲਿਸ ਦੇ ਸਹਿਯੋਗ ਨਾਲ ਸ਼ਾਹਪੁਰ ਚੌਕ ਵਿਖੇ ਵਿਸ਼ੇਸ਼ ਨਾਕਾ ਲਗਾ ਕੇ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਦੀ ਅਚਾਨਕ ਜਾਂਚ ਕੀਤੀ ਗਈ। ਇਸ ਦੌਰਾਨ ਕੁੱਲ 15 ਬੱਸਾਂ ਨੂੰ ਰੋਕ ਕੇ ਬਾਰੀਕੀ ਨਾਲ ਚੈਕ ਕੀਤਾ ਗਿਆ, ਜਿਨ੍ਹਾਂ ’ਚੋਂ 7 ਬੱਸਾਂ ਦੇ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਚਲਾਨ ਕੱਟੇ ਗਏ। ਜ਼ਿਲ੍ਹਾ ਚਾਈਲਡ ਪ੍ਰੋਟੈਕਸ਼ਨ ਅਫ਼ਸਰ ਅਤੇ ਟੀਮ ਇੰਚਾਰਜ ਊਸ਼ਾ ਕੁਮਾਰੀ ਨੇ ਦੱਸਿਆ ਕਿ ਇਹ ਮੁਹਿੰਮ ਸੁਰੱਖਿਅਤ ਸਕੂਲ ਵਾਹਨ ਨੀਤੀ ਅਧੀਨ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਜਾਨ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਜੇਕਰ ਕੋਈ ਸਕੂਲ ਪ੍ਰਬੰਧਕ ਨਿਯਮਾਂ ਦੀ ਅਣਦੇਖੀ ਕਰੇਗਾ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਚੈਕਿੰਗ ਦੌਰਾਨ ਪਤਾ ਲੱਗਾ ਕਿ ਕਈ ਬੱਸਾਂ ਨਿਯਮਾਂ ਅਨੁਸਾਰ ਪੀਲੇ ਰੰਗ ਦੀਆਂ ਨਹੀਂ ਸਨ, ਸਗੋਂ ਸਫੈਦ ਰੰਗ ਵਿੱਚ ਚੱਲ ਰਹੀਆਂ ਸਨ। ਕੁਝ ਬੱਸਾਂ ਤੇ ਸਕੂਲ ਦਾ ਨਾਮ ਤੱਕ ਦਰਜ ਨਹੀਂ ਸੀ। ਕਈ ਡਰਾਈਵਰ ਨਿਰਧਾਰਿਤ ਵਰਦੀ ਵਿੱਚ ਨਹੀਂ ਮਿਲੇ। ਇਸ ਤੋਂ ਇਲਾਵਾ ਕਈ ਬੱਸਾਂ ਵਿੱਚ ਫਸਟ ਐਡ ਕਿੱਟ ਮੌਜੂਦ ਨਹੀਂ ਸੀ, ਕਈਆਂ ਵਿੱਚ ਮਹਿਲਾ ਅਟੈਂਡੈਂਟ ਦੀ ਤਾਇਨਾਤੀ ਨਹੀਂ ਕੀਤੀ ਗਈ ਸੀ ਅਤੇ ਕੁਝ ਵਾਹਨਾਂ ਵਿੱਚ ਅੱਗ ਬੁਝਾਊ ਯੰਤਰ ਵੀ ਗਾਇਬ ਪਾਏ ਗਏ। ਇਨ੍ਹਾਂ ਗੰਭੀਰ ਖਾਮੀਆਂ ਨੂੰ ਧਿਆਨ ਵਿੱਚ ਰੱਖਦਿਆਂ ਸੰਬੰਧਤ ਬੱਸਾਂ ਦੇ ਚਲਾਨ ਕੱਟੇ ਗਏ। ਊਸ਼ਾ ਕੁਮਾਰੀ ਨੇ ਸਕੂਲ ਪ੍ਰਬੰਧਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜਿਨ੍ਹਾਂ ਵਾਹਨਾਂ ਵਿੱਚ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਹੋ ਰਹੀ, ਉਨ੍ਹਾਂ ਵਿੱਚ ਬੱਚਿਆਂ ਨੂੰ ਕਿਸੇ ਵੀ ਹਾਲਤ ਵਿੱਚ ਨਾ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਹਫ਼ਤੇ ਵਿੱਚ ਦੋ ਦਿਨ ਸਕੂਲੀ ਵਾਹਨਾਂ ਦੀ ਜਾਂਚ ਲਈ ਵਿਸ਼ੇਸ਼ ਮੁਹਿੰਮ ਜਾਰੀ ਰਹੇਗੀ, ਤਾਂ ਜੋ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਚਾਈਲਡ ਪ੍ਰੋਟੈਕਸ਼ਨ ਟੀਮ ਦੇ ਮੈਂਬਰਾਂ ਦੇ ਨਾਲ ਟ੍ਰੈਫ਼ਿਕ ਪੁਲਿਸ ਕਰਮੀ ਵੀ ਹਾਜ਼ਰ ਸਨ। ਪ੍ਰਸ਼ਾਸਨ ਦੀ ਇਸ ਕਾਰਵਾਈ ਨਾਲ ਸਕੂਲ ਪ੍ਰਬੰਧਕਾਂ ਵਿੱਚ ਹਲਚਲ ਦੇਖੀ ਗਈ, ਜਦਕਿ ਮਾਪਿਆਂ ਵੱਲੋਂ ਇਸ ਕਦਮ ਦੀ ਸਰਾਹਨਾ ਕੀਤੀ ਗਈ ਹੈ।