ਛੁੱਟੀਆਂ ਦੀ ਸਰਕਾਰੀ ਚਿੱਠੀ ਲੇਟ ਮਿਲਣ ਕਾਰਨ ਪ੍ਰਾਈਵੇਟ ਸਕੂਲਾਂ ਵਾਲੇ ਹੋਏ ਪ੍ਰੇਸ਼ਾਨ
ਜ਼ਿਲ੍ਹਾ ਸਿੱਖਿਆ ਅਫਸਰ ਵੱਲੋ
Publish Date: Sat, 30 May 2026 05:03 PM (IST)
Updated Date: Sat, 30 May 2026 05:05 PM (IST)

ਚਿੱਠੀ ਲੇਟ ਮਿਲਣ ਕਾਰਨ ਵਿਦਿਆਰਥੀਆਂ ਨੂੰ ਛੁੱਟੀਆਂ ਦਾ ਕੰਮ ਦੇਣ ਲਈ ਆਈ ਦਿੱਕਤ ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ ‘ ਪੰਜਾਬ ਭਰ ਵਿਚ ਵਧ ਰਹੀ ਗਰਮੀ ਦੇ ਮੱਦੇਨਜ਼ਰ ਸਮੂਹ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾ ਨੂੰ 1 ਜੂਨ ਤੋਂ ਲੈ ਕੇ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਉੱਥੇ ਸ਼ਨਿੱਚਰਵਾਰ ਅੱਧੇ ਦਿਨ ਤੱਕ ਵੀ ਪ੍ਰਾਈਵੇਟ ਸਕੂਲਾਂ ਨੂੰ ਸਰਕਾਰ ਵੱਲੋਂ ਗਰਮੀਆਂ ਦੀ ਛੁੱਟੀਆਂ ਸਬੰਧੀ ਚਿੱਠੀ ਪੱਤਰ ਪ੍ਰਾਪਤ ਨਾ ਹੋਣ ਕਾਰਨ ਪ੍ਰਾਈਵੇਟ ਸਕੂਲ ਮਾਲਕਾਂ ਦੇ ਪ੍ਰਬੰਧਕ ਅਤੇ ਪ੍ਰਿੰਸੀਪਲ ਪੱਤਰਕਾਰਾਂ ਨੂੰ ਵੱਖ-ਵੱਖ ਸਕੂਲ ਵਿੱਚ ਛੁੱਟੀਆਂ ਸਬੰਧੀ ਫੋਨ ਕਰਦੇ ਰਹੇ। ਪਰੰਤੂ ਸਰਕਾਰੀ ਛੁੱਟੀਆਂ ਦੀ ਚਿੱਠੀ ਪੱਤਰ ਸਬੰਧੀ ਮਾਮਲਾ ਜਾਗਰਣ ਵੱਲੋਂ ਜ਼ਿਲਾ ਅਫਸਰ ਦੇ ਧਿਆਨ ਵਿੱਚ ਲਿਆਉਣ ਉਪਰੰਤ ਕਰੀਬ 12 ਵਜੇ ਤੋਂ ਬਾਅਦ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਸਬੰਧੀ ਚਿੱਠੀ ਜਾਰੀ ਕੀਤੀ ਗਈ। ਇਸ ਨਾਲ ਸਕੂਲ ਪ੍ਰਬੰਧਕਾਂ ਨੇ ਸੁੱਖ ਦਾ ਸਾਹ ਲਿਆ। ਇਸ ਮੌਕੇ ਤੇ ਪ੍ਰਾਈਵੇਟ ਸਕੂਲਾਂ ਵਿੱਚ ਤੈਨਾਤ ਅਧਿਆਪਕਾਂ ਅਤੇ ਕੁਝ ਪ੍ਰਬੰਧਕਾਂ ਨੇ ਆਪਣਾ ਨਾਂ ਗੁਪਤ ਰੱਖਦਿਆਂ ਹੋਇਆਂ ਦੱਸਿਆ ਕਿ ਪਿਛਲੇ ਸਮਿਆਂ ਵਿੱਚ ਗਰਮੀ ਦੀਆਂ ਛੁੱਟੀਆਂ ਪੈਣ ਤੋਂ ਪਹਿਲਾਂ ਉਹਨਾਂ ਨੂੰ ਦੋ ਚਾਰ ਦਿਨ ਪਹਿਲਾਂ ਹੀ ਛੁੱਟੀ ਸਬੰਧੀ ਪੱਤਰ ਪ੍ਰਾਪਤ ਹੋਣ ਤੇ ਉਹਨਾਂ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦਾ ਵੱਖ ਵੱਖ ਵਿਸ਼ਿਆਂ ਦਾ ਪੜ੍ਹਾਈ ਵਾਲਾ ਕੰਮ ਨੋਟ ਕਰਵਾ ਦਿੱਤਾ ਜਾਂਦਾ ਰਿਹਾ। ਪਰੰਤੂ ਇਸ ਵਾਰ ਮਈ ਮਹੀਨੇ ਦਾ ਆਖਰੀ ਸ਼ਨਿੱਚਰਵਾਰ ਹੋਣ ਅਤੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਤੌਰ ਤੇ ਗਰਮੀਆਂ ਦੀਆਂ ਛੁੱਟੀਆਂ ਪੈਣ ਸਬੰਧੀ ਚਿੱਠੀ ਪੱਤਰ 12 ਵਜੇ ਤੋਂ ਬਾਅਦ ਮਿਲਣ ਕਾਰਨ ਉਨਾਂ ਨੂੰ ਸਕੂਲ ਦੇ ਵਿਦਿਆਰਥੀਆਂ ਨੂੰ ਛੁੱਟੀਆਂ ਦਾ ਕੰਮ ਦੇਣ ਸਮੇਂ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਤੇ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਸਰਕਾਰੀ ਤੇ ਪ੍ਰਾਈਵੇਟ ਸਕੂਲ ਸਾਢੇ 7 ਵਜੇ ਤੋਂ ਲੈ ਕੇ ਡੇਢ ਵਜੇ ਤੱਕ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹੋਏ ਹਨ ਜਦਕਿ ਛੋਟੀਆਂ ਕਲਾਸਾਂ ਦੇ ਵਿਦਿਆਰਥੀ 12 ਵਜੇ ਤੋਂ ਪਹਿਲਾਂ ਹੀ ਛੁੱਟੀ ਕਰਕੇ ਘਰਾਂ ਨੂੰ ਚਲ ਜਾਂਦੇ ਹਨ। ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੋਬਾਇਲ ਦੀ ਵਰਤੋਂ ਕਰਨ ਤੇ ਵੀ ਮਨਾਹੀ ਕੀਤੀ ਹੋਈ ਹੈ। ਜਦ ਕਿ ਉਹਨਾਂ ਨੂੰ ਗਰਮੀਆਂ ਦੀਆਂ ਛੁੱਟੀਆਂ ਸਬੰਧੀ ਚਿੱਠੀ ਲੇਟ ਮਿਲਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਤੇ ਉਹਨਾਂ ਮੰਗ ਕੀਤੀ ਕਿ ਸਿੱਖਿਆ ਵਿਭਾਗ ਸਰਕਾਰੀ ਛੁੱਟੀਆਂ ਅਤੇ ਹੋਰ ਚਿੱਠੀ ਪੱਤਰ ਨੂੰ ਸਮੇਂ ਤੋਂ ਕੁਝ ਦਿਨ ਪਹਿਲਾਂ ਹੀ ਪੁੱਜਦਾ ਕਰਵਾਇਆ ਜਾਵੇ ਤਾਂ ਜੋ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਪਰਮਜੀਤ ਕੌਰ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੇ ਪੱਤਰ ਦੀ ਕਾਪੀ ਸਾਂਝੀ ਕੀਤੀ ਗਈ ਅਤੇ ਦੱਸਿਆ ਕਿ ਮਿਤੀ 01.06.2026 ਤੋਂ ਮਿਤੀ 30.06.2026 ਤੱਕ ਗਰਮੀਆਂ ਦੀਆਂ ਛੁੱਟੀਆਂ ਕੀਤੀਆਂ ਗਈਆੰ ਹਨ।