ਤੇਜ਼ ਰਫ਼ਤਾਰ ਬਾਈਕ ਨੇ ਸਕੂਲ ਅਧਿਆਪਕਾ ਨੂੰ ਮਾਰੀ ਟੱਕਰ; ਲੋਕਾਂ ਨੇ ਬਾਈਕ ਸਵਾਰ ਨੌਜਵਾਨਾਂ ਦੀ ਕੀਤੀ ਛਿੱਤਰ-ਪਰੇਡ
ਸ਼ਹਿਰ ਦੇ ਐੱਸ.ਐੱਸ.ਟੀ. ਨਗਰ ਇਲਾਕੇ ਵਿੱਚ ਵੀਰਵਾਰ ਸਵੇਰੇ ਉਸ ਵੇਲੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਦੋਂ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਸਕੂਟੀ ਸਵਾਰ ਮਹਿਲਾ ਅਧਿਆਪਕਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਅਧਿਆਪਕਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਹੈ।
Publish Date: Thu, 26 Feb 2026 02:55 PM (IST)
Updated Date: Thu, 26 Feb 2026 02:56 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ - ਸ਼ਹਿਰ ਦੇ ਐੱਸ.ਐੱਸ.ਟੀ. ਨਗਰ ਇਲਾਕੇ ਵਿੱਚ ਵੀਰਵਾਰ ਸਵੇਰੇ ਉਸ ਵੇਲੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਦੋਂ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਸਕੂਟੀ ਸਵਾਰ ਮਹਿਲਾ ਅਧਿਆਪਕਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਅਧਿਆਪਕਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਹੈ।
ਚਸ਼ਮਦੀਦਾਂ ਅਨੁਸਾਰ ਇਹ ਹਾਦਸਾ ਸਵੇਰੇ ਕਰੀਬ 9 ਵਜੇ ਵਾਪਰਿਆ। ਮਹਿਲਾ ਅਧਿਆਪਕਾ ਆਪਣੀ ਸਕੂਟੀ 'ਤੇ ਸਕੂਲ ਜਾ ਰਹੀ ਸੀ ਕਿ ਅਚਾਨਕ ਇੱਕ ਮੋਟਰਸਾਈਕਲ, ਜਿਸ 'ਤੇ ਤਿੰਨ ਨੌਜਵਾਨ ਸਵਾਰ ਸਨ, ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਹਿਲਾ ਸੜਕ 'ਤੇ ਜਾ ਡਿੱਗੀ, ਜਿਸ ਕਾਰਨ ਉਸ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਹਾਦਸੇ ਤੋਂ ਤੁਰੰਤ ਬਾਅਦ ਰਾਹਗੀਰਾਂ ਨੇ ਇਕੱਠੇ ਹੋ ਕੇ ਮਹਿਲਾ ਨੂੰ ਹਸਪਤਾਲ ਪਹੁੰਚਾਇਆ। ਦੂਜੇ ਪਾਸੇ,ਮੋਟਰਸਾਈਕਲ ਸਵਾਰ ਤਿੰਨਾਂ ਨੌਜਵਾਨਾਂ ਨੇ ਮੌਕੇ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਲੋਕਾਂ ਦਾ ਦੋਸ਼ ਹੈ ਕਿ ਬਾਈਕ ਦੀ ਰਫ਼ਤਾਰ ਤਕਰੀਬਨ 100 ਕਿਲੋਮੀਟਰ ਪ੍ਰਤੀ ਘੰਟਾ ਸੀ।ਫੜੇ ਜਾਣ 'ਤੇ ਅਫਸੋਸ ਜਤਾਉਣ ਦੀ ਬਜਾਏ, ਨੌਜਵਾਨ ਲੋਕਾਂ ਨਾਲ ਬਹਿਸ ਕਰਨ ਲੱਗ ਪਏ। ਨੌਜਵਾਨਾਂ ਦੇ ਗ਼ਲਤ ਵਤੀਰੇ ਨੂੰ ਵੇਖਦਿਆਂ ਮੌਜੂਦ ਭੀੜ ਦਾ ਗੁੱਸਾ ਭੜਕ ਗਿਆ ਅਤੇ ਲੋਕਾਂ ਨੇ ਮੌਕੇ 'ਤੇ ਹੀ ਤਿੰਨਾਂ ਦੀ ਕੁੱਟਮਾਰ ਕਰ ਦਿੱਤੀ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਿਹਾਇਸ਼ੀ ਖੇਤਰਾਂ ਵਿੱਚ ਤੇਜ਼ ਰਫ਼ਤਾਰ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।