ਗਰਮੀ ਤੋਂ ਮਿਲੀ ਥੋੜ੍ਹੀ ਰਾਹਤ, ਦੋ ਦਿਨਾਂ ’ਚ ਪਾਰਾ ਪੰਜ ਡਿਗਰੀ ਡਿੱਗਿਆ
ਗਰਮੀ ਤੋਂ ਮਿਲੀ ਥੋੜ੍ਹੀ ਰਾਹਤ, ਦੋ ਦਿਨਾਂ ਵਿੱਚ ਪਾਰਾ ਪੰਜ ਡਿਗਰੀ ਡਿੱਗਿਆ
Publish Date: Fri, 22 May 2026 04:05 PM (IST)
Updated Date: Sat, 23 May 2026 04:01 AM (IST)

ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਪਿਛਲੇ ਕਈ ਦਿਨਾਂ ਤੋਂ ਭਿਆਨਕ ਗਰਮੀ ਨਾਲ ਜੂਝ ਰਹੇ ਲੋਕਾਂ ਨੂੰ ਆਖਿਰਕਾਰ ਥੋੜ੍ਹੀ ਰਾਹਤ ਮਿਲੀ ਹੈ। ਵੀਰਵਾਰ ਅਤੇ ਸ਼ੁੱਕਰਵਾਰ ਦੀ ਸਵੇਰੇ ਹਲਕੇ ਬੱਦਲ ਛਾਏ ਰਹਿਣ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ ਦੋ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਕਰੀਬ ਪੰਜ ਡਿਗਰੀ ਦੀ ਕਮੀ ਆਈ ਹੈ ਜਿਸ ਕਾਰਨ ਹੁੰਮਸ ਭਰੀ ਗਰਮੀ ਤੋਂ ਪਰੇਸ਼ਾਨ ਲੋਕਾਂ ਨੂੰ ਸਵੇਰੇ-ਸਵੇਰੇ ਕੁਝ ਰਾਹਤ ਮਿਲ ਰਹੀ ਹੈ। ਵੀਰਵਾਰ ਨੂੰ ਜਿੱਥੇ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਸੀ, ਉੱਥੇ ਸ਼ੁੱਕਰਵਾਰ ਨੂੰ ਇਹ ਡਿੱਗ ਕੇ 38 ਡਿਗਰੀ ਸੈਲਸੀਅਸ ਤੇ ਪਹੁੰਚ ਗਿਆ। ਇੱਕ ਦਿਨ ਦੇ ਅੰਦਰ ਤਿੰਨ ਡਿਗਰੀ ਦੀ ਇਹ ਗਿਰਾਵਟ ਲੋਕਾਂ ਲਈ ਰਾਹਤ ਲੈ ਕੇ ਆਈ ਹੈ। ਹਾਲਾਂਕਿ ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਤੇ ਸਥਿਰ ਹੈ, ਜਿਸ ਕਾਰਨ ਰਾਤਾਂ ਪਹਿਲਾਂ ਵਾਂਗ ਹੁੰਮਸ ਭਰੀਆਂ ਬਣੀਆਂ ਹੋਈਆਂ ਹਨ। ਸਵੇਰੇ ਬੱਦਲਾਂ ਦੀ ਆਵਾਜਾਈ ਨਾਲ ਮੌਹੌਲ ਸੁਹਾਵਣਾ ਹੋ ਗਿਆ, ਪਰ ਦਿਨ ਚੜ੍ਹਦਿਆਂ ਹੀ ਤਪਸ਼ ਵਧਣ ਲੱਗ ਜਾਂਦੀ ਹੈ। ਮੌਸਮ ਵਿਭਾਗ ਅਨੁਸਾਰ ਇਹ ਰਾਹਤ ਅਜੇ ਹੋਰ ਬਣੀ ਰਹੇਗੀ। ਵਿਭਾਗ ਨੇ ਸ਼ਨਿਚਵਾਰ ਨੂੰ ਵੀ ਗਰਮੀ ਤੋਂ ਥੋੜ੍ਹੀ ਰਾਹਤ ਮਿਲਣ ਦੀ ਸੰਭਾਵਨਾ ਜਤਾਈ ਹੈ। ਸ਼ਨਿਚਰਵਾਰ ਨੂੰ ਤਾਪਮਾਨ 38 ਤੋਂ 39 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਹਾਲਾਂਕਿ ਇਸ ਦੌਰਾਨ ਅਸਮਾਨ ਵਿੱਚ ਬੱਦਲ ਛਾਏ ਰਹਿਣਗੇ, ਪਰ ਦੁਪਹਿਰ ਤੋਂ ਬਾਅਦ ਧੁੱਪ ਤੇਜ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਫਿਲਹਾਲ ਪੱਛਮੀ ਗੜਬੜ ਦਾ ਅਸਰ ਹਲਕਾ ਹੈ ਜਿਸ ਕਾਰਨ ਤਾਪਮਾਨ ਵਿੱਚ ਅਚਾਨਕ ਵੱਡੀ ਗਿਰਾਵਟ ਨਹੀਂ ਆ ਰਹੀ, ਪਰ ਸਥਾਨਕ ਪੱਧਰ ਤੇ ਬਣ ਰਹੇ ਬੱਦਲ ਰਾਹਤ ਪਹੁੰਚਾ ਰਹੇ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਗਰਮੀ ਤੋਂ ਇਹ ਰਾਹਤ ਜ਼ਿਆਦਾ ਦਿਨ ਨਹੀਂ ਰਹੇਗੀ। ਐਤਵਾਰ ਤੋਂ ਇੱਕ ਵਾਰ ਫਿਰ ਤਾਪਮਾਨ ਵਧਣ ਦਾ ਦੌਰ ਸ਼ੁਰੂ ਹੋ ਜਾਵੇਗਾ। ਅਜਿਹੇ ਵਿੱਚ ਅਗਲੇ ਹਫ਼ਤੇ ਮੁੜ ਪਾਰਾ 40 ਡਿਗਰੀ ਦੇ ਪਾਰ ਜਾਣ ਦੀ ਆਸ਼ੰਕਾ ਹੈ। ਮੌਸਮ ਮਾਹਿਰਾਂ ਅਨੁਸਾਰ ਮਈ ਦਾ ਮਹੀਨਾ ਆਪਣੇ ਸਿਖਰ ਤੇ ਹੈ ਅਤੇ ਅਜਿਹੇ ਵਿੱਚ ਤਾਪਮਾਨ ਦਾ 40-42 ਡਿਗਰੀ ਦੇ ਵਿਚਕਾਰ ਰਹਿਣਾ ਸਧਾਰਨ ਹੈ। ਫਿਲਹਾਲ ਜੋ ਗਿਰਾਵਟ ਆਈ ਹੈ, ਉਹ ਥੋੜ੍ਹੇ ਸਮੇਂ ਲਈ ਹੀ ਰਾਹਤ ਦੇਵੇਗੀ। ਹਾਲਾਂਕਿ ਤਾਪਮਾਨ ਵਿੱਚ ਥੋੜ੍ਹੀ ਗਿਰਾਵਟ ਜ਼ਰੂਰ ਆਈ ਹੈ ਪਰ ਦੁਪਹਿਰ ਵੇਲੇ ਨਿਕਲਣ ਵਾਲੀ ਚਿਲਚਿਲੀ ਧੁੱਪ ਲੋਕਾਂ ਲਈ ਬਹੁਤ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਦਿਨ ਵਿੱਚ 12 ਤੋਂ 3 ਵਜੇ ਦੇ ਵਿਚਕਾਰ ਤੇਜ਼ ਧੁੱਪ ਕਾਰਨ ਸੜਕਾਂ ਸੁੰਨੀਆਂ ਹੋ ਜਾਂਦੀਆਂ ਹਨ। ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਬਚ ਰਹੇ ਹਨ। ਪੱਖੇ, ਕੂਲਰ ਅਤੇ ਏਸੀ ਦੀ ਵਰਤੋਂ ਵਧ ਗਈ ਹੈ। ਗਰਮੀ ਦੇ ਇਸ ਮੌਸਮ ਵਿੱਚ ਠੰਢੇ ਪੀਣ ਵਾਲੇ ਪਦਾਰਥਾਂ ਅਤੇ ਆਈਸਕ੍ਰੀਮ ਦੀ ਵਿਕਰੀ ਵਿੱਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ ਹੈ। ਇਨ੍ਹਾਂ ਦਿਨਾਂ ਵਿੱਚ ਠੰਢੇ ਪੀਣ ਵਾਲੇ ਪਦਾਰਥਾਂ ਅਤੇ ਆਈਸਕ੍ਰੀਮ ਦੀ ਵਿਕਰੀ ਵਿੱਚ ਕਰੀਬ 35 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਸ਼ਹਿਰ ਦੇ ਦੁਕਾਨਦਾਰਾਂ ਅਨੁਸਾਰ ਲੱਸੀ, ਨਿੰਬੂ ਪਾਣੀ, ਕੋਲਡ ਡਰਿੰਕ ਅਤੇ ਆਈਸਕ੍ਰੀਮ ਦੀ ਸਭ ਤੋਂ ਵੱਧ ਮੰਗ ਹੋ ਰਹੀ ਹੈ। ਲੋਕ ਗਰਮੀ ਤੋਂ ਰਾਹਤ ਪਾਉਣ ਲਈ ਇਨ੍ਹਾਂ ਠੰਢੇ ਪਦਾਰਥਾਂ ਦਾ ਖੂਬ ਸੇਵਨ ਕਰ ਰਹੇ ਹਨ। ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਵਿਕਰੀ ਵਿੱਚ ਕਾਫ਼ੀ ਉਛਾਲ ਹੈ। ਖਾਸ ਕਰਕੇ ਗੰਨੇ ਦੇ ਰਸ ਅਤੇ ਮਸ਼ੀਨ ਵਾਲੇ ਸੋਡਾ ਵਾਟਰ ਦੀ ਮੰਗ ਬਹੁਤ ਵੱਧ ਗਈ ਹੈ। ਦੂਜੇ ਪਾਸੇ, ਮੌਸਮ ਵਿਭਾਗ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਆਉਣ ਵਾਲੇ ਦਿਨਾਂ ਵਿੱਚ ਜਦੋਂ ਪਾਰਾ ਮੁੜ ਵਧੇਗਾ ਤਾਂ ਲੂ ਚੱਲਣ ਦੀ ਵੀ ਸੰਭਾਵਨਾ ਰਹੇਗੀ। ਇਸ ਲਈ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਖੂਬ ਪਾਣੀ ਪੀਓ, ਹਲਕੇ ਰੰਗ ਦੇ ਸੂਤੀ ਕੱਪੜੇ ਪਾਓ ਅਤੇ ਲੋੜ ਪੈਣ ਤੇ ਹੀ ਘਰੋਂ ਬਾਹਰ ਨਿਕਲੋ। ਫਿਲਹਾਲ ਸ਼ਨਿਚਰਵਾਰ ਨੂੰ ਮੌਸਮ ਸੁਹਾਵਣਾ ਬਣਿਆ ਰਹੇਗਾ, ਪਰ ਇਸ ਸੁਹਾਵਣੇ ਮੌਸਮ ਦਾ ਆਨੰਦ ਲੈਣ ਤੋਂ ਪਹਿਲਾਂ ਧੁੱਪ ਤੋਂ ਬਚਾਅ ਦੇ ਉਪਾਅ ਜ਼ਰੂਰ ਕਰੋ।