ਸੰਜੇ ਆਨੰਦ ਪ੍ਰਧਾਨ ਤੇ ਸੁਸ਼ੀਲ ਮਹਿੰਦਰੂ ਚੇਅਰਮੈਨ ਨਿਯੁਕਤ
ਵਾਰੀਅਰਜ਼ ਸੋਸ਼ਲ ਵੈਲਫੇਅਰ ਕਲੱਬ ਦੇ ਸੰਜੇ ਆਨੰਦ ਪ੍ਰਧਾਨ ਤੇ ਸੁਸ਼ੀਲ ਮਹਿੰਦਰੂ ਚੇਅਰਮੈਨ ਨਿਯੁਕਤ
Publish Date: Sat, 04 Apr 2026 05:30 PM (IST)
Updated Date: Sun, 05 Apr 2026 04:05 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਪਠਾਨਕੋਟ : ਵਾਰੀਅਰਜ਼ ਸੋਸ਼ਲ ਵੈਲਫੇਅਰ ਕਲੱਬ, ਪਠਾਨਕੋਟ ਦੀ ਇਕ ਮਹੱਤਵਪੂਰਨ ਮੀਟਿੰਗ ਸਰਪ੍ਰਸਤ ਉਮੇਸ਼ ਕੋਹਲੀ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਕਲੱਬ ਦੀ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਸੰਜੇ ਆਨੰਦ ਨੂੰ ਪ੍ਰਧਾਨ ਅਤੇ ਸੁਸ਼ੀਲ ਮਹਿੰਦਰੂ ਨੂੰ ਚੇਅਰਮੈਨ ਚੁਣਿਆ ਗਿਆ। ਚੋਣ ਤੋਂ ਬਾਅਦ ਕਲੱਬ ਮੈਂਬਰਾਂ ਵੱਲੋਂ ਦੋਵੇਂ ਨਵਨਿਯੁਕਤ ਅਹੁਦੇਦਾਰਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਵਧਾਈ ਦਿੱਤੀ ਗਈ। ਇਸ ਮੌਕੇ ਰਮਨ ਹਾਂਡਾ, ਡਾ. ਓਪੀ ਵਿੱਗ, ਜਗਦੀਸ਼ ਕੋਹਲੀ, ਐੱਨਪੀ ਧਵਨ, ਡਾ. ਰਾਕੇਸ਼ ਮਹਿੰਦਰੂ, ਦੀਪਕ ਕੱਕੜ, ਲਲਿਤ ਤ੍ਰੇਹਨ, ਸੰਦੀਪ ਕਪੂਰ, ਉੱਜਵਲ ਭੰਡਾਰੀ, ਪੁਨੀਤ ਕਪੂਰ ਅਤੇ ਨੀਰਜ ਸੇਖੜੀ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ। ਇਸ ਮੌਕੇ ਸਰਪ੍ਰਸਤ ਉਮੇਸ਼ ਕੋਹਲੀ ਨੇ ਕਿਹਾ ਕਿ ਕਲੱਬ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਹੁਣ ਤੱਕ ਲੱਗਭੱਗ 25 ਸਮਾਜ ਸੇਵਾ ਪ੍ਰਾਜੈਕਟ ਸਫਲਤਾਪੂਰਵਕ ਪੂਰੇ ਕੀਤੇ ਜਾ ਚੁੱਕੇ ਹਨ। ਇਨ੍ਹਾਂ ਅਧੀਨ ਭੜੋਲੀ ਸਥਿਤ ਸਰਕਾਰੀ ਡਿਸਪੈਂਸਰੀ ਨੂੰ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ, ਇੱਕ ਵਿਦਿਆਰਥੀ ਨੂੰ ਗੋਦ ਲੈ ਕੇ ਉਸ ਦੀ ਤਿੰਨ ਸਾਲਾਂ ਦੀ ਬੀਐੱਸਸੀ ਸਿੱਖਿਆ ਦਾ ਖਰਚਾ ਭਰਿਆ ਜਾ ਰਿਹਾ ਹੈ ਅਤੇ ਵੱਖ-ਵੱਖ ਸਕੂਲਾਂ ਵਿੱਚ ਮਿਡ-ਡੇ ਮੀਲ ਲਈ ਭਾਂਡੇ ਪ੍ਰਦਾਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਲਗਾ ਕੇ ਛੇ ਲੋੜਵੰਦ ਮਰੀਜ਼ਾਂ ਦੀਆਂ ਮੁਫ਼ਤ ਸਰਜਰੀਆਂ ਕਰਵਾਈਆਂ ਗਈਆਂ ਅਤੇ ਦੰਦਾਂ ਦੀ ਜਾਂਚ ਲਈ ਵੀ ਕੈਂਪ ਆਯੋਜਿਤ ਕੀਤਾ ਗਿਆ। ਸਾਫ਼-ਸੁਥਰਾ ਵਾਤਾਵਰਣ ਬਣਾਈ ਰੱਖਣ ਲਈ ਧੋਬੀ ਘਾਟ ਵਿਖੇ ਰੁੱਖ ਲਗਾਏ ਗਏ। ਇਸ ਤੋਂ ਇਲਾਵਾ ਸਰਹੱਦੀ ਇਲਾਕੇ ਦੇ ਸਰਕਾਰੀ ਸਕੂਲ ਦੇ 300 ਬੱਚਿਆਂ ਨੂੰ ਗਰਮ ਸਵੈਟਰ ਵੰਡੇ ਗਏ ਅਤੇ ਭਦਰੋਆ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਵੀ ਸਵੈਟਰ ਦਿੱਤੇ ਗਏ। ਹਾਲ ਹੀ ਵਿੱਚ ਦੀਨਾਨਗਰ ਸਥਿਤ ਕੋਹੜ੍ਹ ਦੇ ਰੋਗੀਆਂ ਦੇ ਆਸ਼ਰਮ ਨੂੰ 15 ਹਜ਼ਾਰ ਰੁਪਏ ਮੁੱਲ ਦੀਆਂ ਦਵਾਈਆਂ, ਪੱਟੀਆਂ ਅਤੇ ਖਾਣ-ਪੀਣ ਦੀਆਂ ਵਸਤੂਆਂ ਭੇਟ ਕੀਤੀਆਂ ਗਈਆਂ ਹਨ। ਇਸ ਦੌਰਾਨ ਨਵ-ਨਿਯੁਕਤ ਪ੍ਰਧਾਨ ਸੰਜੇ ਆਨੰਦ ਅਤੇ ਚੇਅਰਮੈਨ ਸੁਸ਼ੀਲ ਮਹਿੰਦਰੂ ਨੇ ਕਿਹਾ ਕਿ ਉਹ ਕਲੱਬ ਦੇ ਮੈਂਬਰਾਂ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਤੇ ਭਰੋਸਾ ਜਤਾਉਂਦੇ ਹੋਏ ਇਹ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਵਧਾਉਣ ਲਈ ਯਤਨਸ਼ੀਲ ਰਹਿਣਗੇ।