ਸਫ਼ਾਈ ਕਰਮਚਾਰੀ ਯੂਨੀਅਨ ਨੇ ਸ਼ਹੀਦ ਮਜ਼ਦੂਰ ਆਗੂਆਂ ਨੂੰ ਸ਼ਰਧਾਂਜਲੀ ਕੀਤੀ ਭੇਂਟ
ਸਫ਼ਾਈ ਕਰਮਚਾਰੀ ਯੂਨੀਅਨ ਨੇ ਸ਼ਹੀਦ ਮਜ਼ਦੂਰ ਆਗੂਆਂ ਨੂੰ ਸ਼ਰਧਾਂਜਲੀ ਕੀਤੀ ਭੇਂਟ
Publish Date: Fri, 01 May 2026 03:45 PM (IST)
Updated Date: Fri, 01 May 2026 03:47 PM (IST)

--- 6 ਮਈ ਨੂੰ ਹੜਤਾਲ ਦਾ ਐਲਾਨ ਰਣਬੀਰ ਆਕਾਸ਼, ਪੰਜਾਬੀ ਜਾਗਰਣ, ਰਿਪੋਰਟਰ ਗੁਰਦਾਸਪੁਰ : ਸਫ਼ਾਈ ਕਰਮਚਾਰੀ ਯੂਨੀਅਨ ਪੰਜਾਬ ਦੀ ਇਕਾਈ ਗੁਰਦਾਸਪੁਰ ਵੱਲੋਂ ਮਈ ਦਿਵਸ ਮੌਕੇ ਜ਼ਿਲ੍ਹਾ ਪ੍ਰਧਾਨ ਮਨੀਸ਼ ਗਿੱਲ ਦੀ ਅਗਵਾਈ ਹੇਠ ਝੰਡਾ ਚੜ੍ਹਾਇਆ ਗਿਆ ਅਤੇ ਮਜ਼ਦੂਰ ਮੁਕਤੀ ਲਈ ਸ਼ਹੀਦ ਹੋਏ ਆਗੂਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਆਗੂਆਂ ਵੱਲੋਂ 6 ਮਈ ਨੂੰ ਅਣਮਿੱਥੇ ਸਮੇਂ ਦੀ ਕੰਮ ਛੋੜ ਹੜਤਾਲ ਵਿੱਚ ਹਾਜ਼ਰ ਕਰਮਚਾਰੀਆਂ ਨੂੰ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਗਿਆ। ਮਈ ਦਿਵਸ ਦੀ ਮਹੱਤਤਾ ‘ਤੇ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਵਿੱਤ ਸਕੱਤਰ ਜੋਗਿੰਦਰਪਾਲ ਪਨਿਆੜ, ਸਾਬਕਾ ਮੁਲਾਜ਼ਮ ਆਗੂ ਅਮਰਜੀਤ ਸ਼ਾਸਤਰੀ ਅਤੇ ਵਿਦਿਆਰਥੀ ਆਗੂ ਅਮਰ ਕ੍ਰਾਂਤੀ ਨੇ ਕਿਹਾ ਕਿ 1886 ਵਿੱਚ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਅੱਠ ਘੰਟੇ ਦੀ ਦਿਹਾੜੀ ਦੀ ਮੰਗ ਕਰਨ ਵਾਲੇ ਮਜ਼ਦੂਰਾਂ ‘ਤੇ ਸਰਮਾਏਦਾਰਾਂ ਵੱਲੋਂ ਤਸ਼ੱਦਦ ਕੀਤਾ ਗਿਆ ਸੀ ਤੇ ਮਜ਼ਦੂਰ ਸ਼ਹੀਦ ਕੀਤੇ ਗਏ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਖੂਨ ਨਾਲ ਦੁਨੀਆਂ ਭਰ ਵਿੱਚ ਅੱਠ ਘੰਟੇ ਦੀ ਦਿਹਾੜੀ ਦਾ ਕਾਨੂੰਨ ਲਾਗੂ ਹੋਇਆ ਸੀ, ਪਰ ਅਜੋਕੀਆਂ ਸਰਕਾਰਾਂ ਸਰਮਾਏਦਾਰਾਂ ਦੇ ਹੱਕ ਵਿੱਚ ਇਸ ਕਾਨੂੰਨ ਨੂੰ ਤੋੜਦਿਆਂ 12 ਘੰਟੇ ਦੀ ਦਿਹਾੜੀ ਲਾਗੂ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਬੀਤੇ ਦਿਨੀਂ ਇਹ ਕਾਨੂੰਨ ਦੁਬਾਰਾ ਲਾਗੂ ਕਰਕੇ ਦਿਹਾੜੀ 12 ਘੰਟੇ ਕਰ ਦਿੱਤੀ ਗਈ ਹੈ। 6 ਮਈ ਨੂੰ ਹੋਣ ਵਾਲੀ ਹੜਤਾਲ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਮਨੀਸ਼ ਗਿੱਲ ਤੇ ਸੋਨੂੰ ਸੱਭਰਵਾਲ ਨੇ ਕਿਹਾ ਕਿ ਠੇਕਾ ਪ੍ਰਣਾਲੀ ਖਤਮ ਕਰਕੇ ਆਊਟਸੋਰਸ ਕਰਮਚਾਰੀਆਂ ਨੂੰ ਰੈਗੂਲਰ ਪੋਸਟਾਂ ‘ਤੇ ਵਿਭਾਗ ਅਧੀਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 10 ਸਾਲਾਂ ਦੀ ਪਾਲਿਸੀ ਨੂੰ ਰੱਦ ਕਰਦਿਆਂ ਦਰਜਾ ਚਾਰ ਕਰਮਚਾਰੀਆਂ ਨੂੰ 3 ਸਾਲ ਦੀ ਸਰਵਿਸ ‘ਤੇ ਰੈਗੂਲਰ ਕੀਤਾ ਜਾਵੇ। ਉਨ੍ਹਾਂ 23 ਜੂਨ 2021 ਨੂੰ ਜਾਰੀ ਨੋਟੀਫਿਕੇਸ਼ਨ ਅਧੀਨ ਆਊਟਸੋਰਸ ਕਰਮਚਾਰੀਆਂ ਨੂੰ ਵਿਭਾਗ ਅਧੀਨ ਕਰਨ, ਯੂਪੀਐੱਸ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ, ਨਗਰ ਪੰਚਾਇਤਾਂ ਵਿੱਚ ਈਪੀਐੱਫ ਸਕੀਮ ਲਾਗੂ ਕਰਨ ਅਤੇ ਤਰਸ ਅਧਾਰਿਤ ਨੌਕਰੀਆਂ ਬਿਨਾਂ ਸ਼ਰਤ ਦੇਣ ਸਮੇਤ ਹੋਰ ਮੰਗਾਂ ’ਤੇ ਜ਼ੋਰ ਦਿੱਤਾ। ਆਗੂਆਂ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ 6 ਮਈ ਨੂੰ ਪੰਜਾਬ ਦਾ ਸਮੁੱਚਾ ਸਫ਼ਾਈ ਸੇਵਕ ਅਣਮਿੱਥੇ ਸਮੇਂ ਲਈ ਹੜਤਾਲ ਕਰੇਗਾ। ਇਸ ਮੌਕੇ ਕਾਂਟਰੈਕਟ ਸਫ਼ਾਈ ਯੂਨੀਅਨ ਪ੍ਰਧਾਨ ਬਾਬਾ ਬਸ਼ੀਰ, ਬੱਬੂ ਮਾਨ, ਰਵੀ ਕੁਮਾਰ ਨਿੱਕੀ, ਡਰਾਈਵਰ ਟੋਨੀ, ਅਜਮੇਰ ਸਿੰਘ, ਸਨੀ ਔਜਲਾ, ਅੰਮ੍ਰਿਤ ਲਾਲ, ਕੋਨਾ, ਕਰਨ ਤੇ ਰਜੇਸ਼ ਸਮੇਤ ਵੱਡੀ ਗਿਣਤੀ ਵਿੱਚ ਕਰਮਚਾਰੀ ਹਾਜ਼ਰ ਸਨ।