ਮੰਗਾਂ ਸਬੰਧੀ ਸਫਾਈ ਕਰਮਚਾਰੀਆਂ ਦੀ ਹੜਤਾਲ ਚੌਥੇ ਦਿਨ ਵੀ ਜਾਰੀ ਰਹੀ
ਹੱਕੀ ਮੰਗਾਂ ਨੂੰ ਲੈ ਕੇ ਸਫਾਈ ਕਰਮਚਾਰੀਆਂ ਦੀ ਹੜਤਾਲ ਚੌਥੇ ਦਿਨ ਵੀ ਜਾਰੀ ਰਹੀ
Publish Date: Sat, 09 May 2026 04:33 PM (IST)
Updated Date: Sun, 10 May 2026 04:03 AM (IST)

ਕਸ਼ਮੀਰ ਸਿੰਘ ਸੰਧੂ\ਤਾਰਿਕ ਅਹਿਮਦ, ਕਾਦੀਆਂ : ਸਫਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਬੀਤੀ 6 ਮਈ ਤੋਂ ਅਣਮਿੱਥੇ ਸਮੇਂ ਲਈ ਕੰਮ ਛੋੜ ਹੜਤਾਲ ਕਰਨ ਦੇ ਦਿੱਤੇ ਸੱਦੇ ਤਹਿਤ ਅੱਜ ਚੌਥੇ ਦਿਨ ਵੀ ਕਾਦੀਆਂ ਦੇ ਸਮੂਹ ਸਫਾਈ ਕਰਮਚਾਰੀਆਂ (ਕੱਚੇ ਤੇ ਪੱਕੇ) ਵੱਲੋਂ ਮੁਕੰਮਲ ਹੜਤਾਲ ਜਾਰੀ ਰੱਖਦਿਆਂ ਰਹਿਮਤ ਮਸੀਹ ਦੀ ਅਗਵਾਈ ਹੇਠ ਧਰਨਾ ਦਿੱਤਾ। ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਆਗੂ ਰਹਿਮਤ ਸੁਰੇਸ਼, ਮੇਸ਼ੀ, ਦੀਪਕ, ਰਮੇਸ਼, ਰਾਣੀ ਸਾਂਝੇ ਤੌਰ ’ਤੇ ਦੱਸਿਆ ਕਿ ਇਹ ਹੜਤਾਲ ਉਦੋਂ ਤੱਕ ਅਣਮਿੱਥੇ ਸਮੇਂ ਲਈ ਚੱਲਦੀ ਰਹੇਗੀ, ਜਦੋਂ ਤੱਕ ਸਫਾਈ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਮੰਗਾਂ ਬਾਰੇ ਬੋਲਦਿਆਂ ਆਗੂਆਂ ਨੇ ਦੱਸਿਆ ਕਿ ਕੱਚੇ ਠੇਕਾ ਪ੍ਰਣਾਲੀ ਸਮਾਪਤ ਕਰਕੇ ਆਊਟਸੋਰਸ ਰਾਹੀਂ ਕੰਮ ਕਰ ਰਹੇ ਦਰਜਾ ਕਰਮਚਾਰੀਆਂ ਨੂੰ ਰੈਗੂਲਰ ਪੋਸਟਾਂ ‘ਤੇ ਵਿਭਾਗ ਅਧੀਨ ਕੀਤਾ ਜਾਵੇ, ਪੰਜਾਬ ਸਰਕਾਰ 10 ਸਾਲਾਂ ਪਾਲਿਸੀ ਨੂੰ ਰੱਦ ਕਰਕੇ ਦਰਜਾ ਚਾਰ ਕਰਮਚਾਰੀਆਂ ਨੂੰ ਉਨ੍ਹਾਂ ਦੀ ਸਰਵਿਸ ਵਿੱਚ 3 ਸਾਲ ਪੂਰੇ ਹੋਣ ਉਪਰੰਤ ਰੈਗੂਲਰ ਕਰੇ, 23-06-2021 ਨੂੰ ਜਾਰੀ ਨੋਟੀਫਿਕੇਸ਼ਨ ਦੇ ਆਧਾਰ ‘ਤੇ ਰਹਿੰਦੇ ਆਊਟਸੋਰਸ ਕਰਮੀਆਂ ਨੂੰ ਤੁਰੰਤ ਵਿਭਾਗ ਅਧੀਨ ਕੀਤਾ ਜਾਵੇ, ਯੂਪੀਐੱਸ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ, ਨਗਰ ਪੰਚਾਇਤਾਂ ਵਿੱਚ ਈਪੀਐੱਫ ਸਕੀਮ ਲਾਗੂ ਕਰਨ, ਤਰਸ ਅਧਾਰਿਤ ਨੌਕਰੀਆਂ ਬਿਨਾਂ ਸ਼ਰਤ ਦਿੱਤੀਆਂ ਜਾਣ। ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਦੇ ਮੈਂਬਰ ਸੁਰੇਸ਼, ਮਹਾਂਬੀਰ,ਅਸ਼ੌਕ ਕੁਮਾਰ, ਅਜੀਤ ਲਾਲ, ਦੀਪਕ,ਸ਼ੀਲਾ, ਪ੍ਰਵੀਨ, ਸ਼ਾਮਲਾਲ, ਰਾਮ ਲਾਲ ਆਦਿ ਹਾਜ਼ਰ ਸਨ।