ਕਰਿਆਨਾ ਸਟੋਰ ਮਾਲਕ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼
ਮਾਮਲਾ ਫਿਰੌਤੀ ਦਾ: ਅਣਪਛਾਤਿਆਂ ਨੇ ਦੁਕਾਨ ਅੰਦਰ ਦਾਖਲ ਹੋ ਕੇ ਕਰਿਆਨਾ ਸਟੋਰ ਮਾਲਕ ’ਤੇ ਗੋਲੀ ਚਲਾਉਣ ਦੀ ਕੀਤੀ ਕੋਸ਼ਿਸ਼
Publish Date: Sat, 09 May 2026 06:23 PM (IST)
Updated Date: Sun, 10 May 2026 04:09 AM (IST)

ਮਾਮਲਾ ਫਿਰੌਤੀ ਦਾ: ਅਣਪਛਾਤਿਆਂ ਵਲੋਂ ਦੁਕਾਨ ਅੰਦਰ ਦਾਖਲ ਹੋ ਕੇ ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਫਿਰੌਤੀ ਦੀ ਮੰਗ ਨੂੰ ਲੈ ਕੇ ਅੱਜ ਸ਼ਾਮ ਸਮੇਂ ਸ਼ਹਿਰ ਦੇ ਡੇਰਾ ਰੋਡ ਸਥਿਤ ਇਕ ਕਰਿਆਨਾ ਸਟੋਰ ਦੇ ਮਾਲਕ ’ਤੇ ਗੋਲੀ ਚਲਾਉਣ ਆਏ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀ ਉਸ ਵੇਲੇ ਨਾਕਾਮ ਹੋ ਗਏ, ਜਦੋਂ ਅਣਪਛਾਤਿਆਂ ਵਲੋਂ ਗੋਲੀ ਚਲਾਉਣ ਦੀ ਕੀਤੀ ਕੋਸ਼ਿਸ਼ ਦੌਰਾਨ ਵੈੱਪਨ ਵਿਚੋਂ ਗੋਲੀ ਨਹੀਂ ਚੱਲੀ ਅਤੇ ਅਣਪਛਾਤੇ ਮੌਕੇ ਤੋਂ ਭੱਜ ਨਿਕਲੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਐੱਮਐੱਸ ਕਰਿਆਨਾ ਸਟੋਰ ਦੇ ਮਾਲਕ ਕੋਲੋਂ ਬੀਤੇ ਦਿਨੀਂ ਇਕ ਗੈਂਗਸਟਰ ਵਲੋਂ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਅੱਜ ਸ਼ਾਮ ਸਮੇਂ ਉਕਤ ਕਰਿਆਣਾ ਸਟੋਰ ਦੇ ਮਾਲਕ ਆਪਣੀ ਦੁਕਾਨ ’ਤੇ ਬੈਠੇ ਹੋਏ ਸਨ ਕਿ ਇਸ ਦੌਰਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ 2 ਅਣਪਛਾਤੇ ਵਿਅਕਤੀ ਉਨ੍ਹਾਂ ਦੀ ਦੁਕਾਨ ’ਚ ਦਾਖਲ ਹੋਏ ਅਤੇ ਉਨ੍ਹਾਂ ਵਲੋਂ ਕਰਿਆਨਾ ਸਟੋਰ ਦੇ ਮਾਲਕ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਗੋਲੀ ਨਹੀਂ ਚੱਲੀ ਅਤੇ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ ਪਾਸ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਗੋਲੀ ਚਲਾਉਣ ਵਾਲੇ ਅਣਪਛਾਤੇ ਵਿਅਕਤੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।