ਬਿਜਲੀ ਦੇ ਲੱਗ ਰਹੇ ਕੱਟਾਂ ਨੂੰ ਲੈ ਕੇ ਭਾਕਿਯੂ ਕ੍ਰਾਂਤੀਕਾਰੀ ਨੇ ਐਕਸੀਅਨ ਦਫਤਰ ਦੇ ਬਾਹਰ ਦਿੱਤਾ ਧਰਨਾ
ਬਿਜਲੀ ਦੇ ਲੱਗ ਰਹੇ ਕੱਟਾਂ ਨੂੰ ਲੈ ਕੇ ਭਾਕਿਯੂ ਕ੍ਰਾਂਤੀਕਾਰੀ ਨੇ ਐਕਸੀਅਨ ਦਫਤਰ ਦੇ ਬਾਹਰ ਦਿੱਤਾ ਧਰਨਾ
Publish Date: Wed, 29 Apr 2026 04:41 PM (IST)
Updated Date: Wed, 29 Apr 2026 04:43 PM (IST)

ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ: ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵਲੋਂ ਸੂਬਾ ਕਮੇਟੀ ਦੇ ਸੱਦੇ ’ਤੇ ਪਿੰਡਾਂ ਅਤੇ ਸ਼ਹਿਰਾਂ ’ਚ ਲੱਗ ਰਹੇ ਬਿਜਲੀ ਦੇ ਲੰਬੇ ਕੱਟਾਂ ਦੇ ਵਿਰੋਧ ’ਚ ਅੱਜ ਐਕਸੀਅਨ ਦਫਤਰ ਬਟਾਲਾ ਵਿਖੇ ਸੂਬਾ ਸਰਕਾਰ ਅਤੇ ਬਿਜਲੀ ਵਿਭਾਗ ਵਿਰੁੱਧ ਧਰਨਾ ਦਿੱਤਾ ਗਿਆ ਅਤੇ ਵੱਡੀ ਗਿਣਤੀ ਵਿਚ ਪਹੁੰਚੇ ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਆਪਣਾ ਰੋਸ ਪ੍ਰਗਟਾਇਆ। ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਕੁਲਦੀਪ ਸਿੰਘ ਦਾਦੂਜੋਧ ਅਤੇ ਜ਼ਿਲਾ ਸਕੱਤਰ ਕੁਲਵਿੰਦਰਜੀਤ ਸਿੰਘ ਅਠਵਾਲ ਨੇ ਕਿਹਾ ਕਿ ਅੱਤ ਦੀ ਗਰਮੀ ’ਚ ਜਿਥੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਬਿਜਲੀ ਵਿਭਾਗ ਵਲੋਂ ਲਗਾਏ ਜਾ ਰਹੇ ਲੰਬੇ ਲੰਬੇ ਕੱਟ ਆਮ ਜਨਤਾ ਲਈ ਵੱਡੀ ਸਿਰਦਰਦ ਬਣੇ ਹੋਏ ਹਨ ਕਿਉਂਕਿ ਬਿਜਲੀ ਬੰਦ ਹੋਣ ਨਾਲ ਵਿਸ਼ੇਸ਼ ਕਰਕੇ ਬਜ਼ੁਰਗਾਂ ਤੇ ਬੱਚਿਆਂ ਨੂੰ ਭਾਰੀ ਦਿੱਕਤਾਂ ਪੇਸ਼ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਪਲੱਸ ਬਿਜਲੀ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ, ਜਿਸਦੇ ਚਲਦਿਆਂ ਲੋਕਾਂ ’ਚ ਸਰਕਾਰ ਦੇ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਕਿ ਖੇਤਾਂ ’ਚ 8 ਘੰਟੇ ਅਤੇ ਘਰਾਂ ’ਚ 24 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਈ ਤਾਂ ਜੋ ਲੋਕਾਂ ਨੂੰ ਇਸ ਪੈ ਰਹੀ ਅੰਤਾ ਦੀ ਗਰਮੀ ਤੋਂ ਰਾਹਤ ਮਿਲ ਸਕੇ। ਇਸ ਮੌਕੇ ਜ਼ਿਲਾ ਖਜਾਨਚੀ ਸ਼ਿਕੰਦਰ ਸਿੰਘ, ਮਾਸਟਰ ਜਗੀਰ ਸਿੰਘ, ਡਾ. ਅਸ਼ੋਕ ਭਾਰਤੀ, ਪਲਵਿੰਦਰ ਸਿੰਘ ਪੰਨਵਾਂ, ਕੈਪਟਨ ਅਜੀਤ ਸਿੰਘ, ਬਲਾਕ ਪ੍ਰਧਾਨ ਨਿਸ਼ਾਨ ਸਿੰਘ, ਜਗਬੀਰ ਕੌਰ, ਕੁਲਵਿੰਦਰ ਸਿੰਘ ਬਸਰਾਵਾਂ, ਗੁਰਦੀਪ ਸਿੰਘ ਰੰਧਾਵਾ, ਮਹਿੰਦਰ ਸਿੰਘ ਖਹਿਰਾ, ਅਮਰਜੀਤ ਸਿੰਘ, ਕਮਲਜੀਤ ਸਿੰਘ, ਮਾਸਟਰ ਗੁਰਚਰਨ ਸਿੰਘ ਟਾਹਲੀ ਆਦਿ ਹਾਜ਼ਰ ਸਨ। ਓਧਰ, ਜਦੋਂ ਪੀਐੱਸਪੀਸੀਐੱਲ ਵਿਭਾਗ ਦੇ ਐਕਸੀਅਨ ਇੰਜੀ. ਜਸਵਿੰਦਰ ਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਾਵਰਕਾਮ ਵਿਭਾਗ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਹਿੱਤ ਪੂਰੀ ਤਰ੍ਹਾਂ ਵਚਨਬੱਧ ਹੈ। ਦਫਤਰ ਦੇ ਬਾਹਰ ਲੱਗੇ ਧਰਨੇ ਸਬੰਧੀ ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲ ਦੇ ਜੁਆਬ ’ਚ ਐਕਸੀਅਨ ਨੇ ਕਿਹਾ ਕਿ ਕਿਸਾਨ ਆਗੂਆਂ ਵਲੋਂ ਜੋ ਵੀ ਮੰਗ ਹੋਵੇਗੀ, ਉਸ ਨੂੰ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਾ ਕੇ ਹਰ ਸੰਭਵ ਹੱਲ ਕਰਵਾਇਆ ਜਾਵੇਗਾ।