ਗੁਰਦਾਸਪੁਰ ਨੂੰ ਤੋੜ ਕੇ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਤਿਆਰੀ, ਵਕੀਲਾਂ ਨੇ ਖੋਲ੍ਹਿਆ ਮੋਰਚਾ; ਕੱਢਿਆ ਰੋਸ ਮਾਰਚ
ਬਾਰ ਕੌਂਸਲ ਦੇ ਵਕੀਲਾਂ ਨੇ ਇਕ ਹੋਰ ਅਹਿਮ ਦੋਸ਼ ਲਾਉਂਦਿਆਂ ਕਿਹਾ ਕਿ ਪਹਿਲਾਂ ਹੀ ਪੰਜਾਬ ਕਰਜ਼ਿਆਂ ਦੀ ਮਾਰ ਸਹਿ ਰਿਹਾ ਹੈ ਅਜਿਹੇ ਸਮੇਂ ਵਿੱਚ ਗੁਰਦਾਸਪੁਰ ਜ਼ਿਲ੍ਹਾ ਤੋੜ ਕੇ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਨਵੇਂ ਪ੍ਰਬੰਧਾਂ ਕਾਰਨ ਸਰਕਾਰੀ ਖਜ਼ਾਨੇ ’ਤੇ ਵਾਧੂ ਭਾਰ ਪਵੇਗਾ, ਜੋ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ
Publish Date: Wed, 29 Apr 2026 04:30 PM (IST)
Updated Date: Wed, 29 Apr 2026 04:35 PM (IST)
ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ: ਗੁਰਦਾਸਪੁਰ ਜ਼ਿਲ੍ਹਾ ਤੋੜ ਕੇ ਬਟਾਲਾ ਨੂੰ ਵੱਖਰੇ ਜ਼ਿਲ੍ਹਾ ਬਣਾਉਣ ਦੀ ਮੰਗ ਦੇ ਵਿਰੋਧ ਵਿੱਚ ਅੱਜ ਗੁਰਦਾਸਪੁਰ ਬਾਰ ਕੌਂਸਲ ਦੇ ਵਕੀਲਾਂ ਨੇ ਦੋ ਦਿਨ ਦੀ ਹੜਤਾਲ ਜਾਰੀ ਰੱਖਦਿਆਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਵਕੀਲਾਂ ਨੇ ਰੋਸ ਮਾਰਚ ਕੱਢਿਆ ਅਤੇ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ।
ਬਾਰ ਕੌਂਸਲ ਗੁਰਦਾਸਪੁਰ ਦੇ ਵਕੀਲਾਂ ਨੇ ਮੌਜੂਦਾ ਸਰਕਾਰ ਦੇ ਆਗੂਆਂ 'ਤੇ ਜ਼ੋਰਦਾਰ ਸ਼ਬਦੀ ਹਮਲਾ ਕਰਦਿਆਂ ਦੋਸ਼ ਲਾਇਆ ਕਿ ਸਿਰਫ਼ ਰਾਜਨੀਤਿਕ ਕਾਰਨਾਂ ਕਰਕੇ ਗੁਰਦਾਸਪੁਰ ਜ਼ਿਲ੍ਹੇ ਨੂੰ ਤੋੜਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ, ਜਿਸ ਨੂੰ ਬਾਰ ਕੌਂਸਲ ਕਦੇ ਵੀ ਮਨਜ਼ੂਰ ਨਹੀਂ ਕਰੇਗੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਅੱਜ ਉਨ੍ਹਾਂ ਨੇ ਸੰਜੀਦਗੀ ਨਾਲ ਰੋਸ ਪ੍ਰਦਰਸ਼ਨ ਕੀਤਾ ਹੈ ਅਤੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ ਹੈ ਪਰ ਜੇਕਰ ਫਿਰ ਵੀ ਉਨ੍ਹਾਂ ਦੀ ਮੰਗ ਪੂਰੀ ਨਹੀਂ ਕੀਤੀ ਗਈ ਤਾਂ ਅਗਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕਰ ਦਿੱਤਾ ਜਾਵੇਗਾ, ਜਿਸਦੀ ਜ਼ਿੰਮੇਵਾਰੀ ਖੁਦ ਸਰਕਾਰ ਦੀ ਹੋਵੇਗੀ।
ਬਾਰ ਕੌਂਸਲ ਦੇ ਵਕੀਲਾਂ ਨੇ ਇਕ ਹੋਰ ਅਹਿਮ ਦੋਸ਼ ਲਾਉਂਦਿਆਂ ਕਿਹਾ ਕਿ ਪਹਿਲਾਂ ਹੀ ਪੰਜਾਬ ਕਰਜ਼ਿਆਂ ਦੀ ਮਾਰ ਸਹਿ ਰਿਹਾ ਹੈ ਅਜਿਹੇ ਸਮੇਂ ਵਿੱਚ ਗੁਰਦਾਸਪੁਰ ਜ਼ਿਲ੍ਹਾ ਤੋੜ ਕੇ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਨਵੇਂ ਪ੍ਰਬੰਧਾਂ ਕਾਰਨ ਸਰਕਾਰੀ ਖਜ਼ਾਨੇ ’ਤੇ ਵਾਧੂ ਭਾਰ ਪਵੇਗਾ, ਜੋ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਇਤਿਹਾਸਕ ਜ਼ਿਲ੍ਹੇ ਦੇ ਵਜੂਦ ਨੂੰ ਬਚਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਯਾਦ ਦਿਵਾਇਆ ਕਿ ਪਹਿਲਾਂ ਇਸੇ ਇਤਿਹਾਸਕ ਗੁਰਦਾਸਪੁਰ ਜ਼ਿਲ੍ਹੇ ਨੂੰ ਤੋੜ ਕੇ ਪਠਾਨਕੋਟ ਨੂੰ ਵੱਖਰਾ ਜ਼ਿਲ੍ਹਾ ਬਣਾ ਦਿੱਤਾ ਗਿਆ ਸੀ ਅਤੇ ਹੁਣ ਜੇਕਰ ਦੁਬਾਰਾ ਜ਼ਿਲ੍ਹੇ ਦੇ ਹੋਰ ਟੁਕੜੇ ਕੀਤੇ ਗਏ ਤਾਂ ਇਤਿਹਾਸਕ ਜ਼ਿਲ੍ਹਾ ਗੁਰਦਾਸਪੁਰ ਦਾ ਵਜੂਦ ਹੀ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ। ਵਕੀਲਾਂ ਦਾ ਕਹਿਣਾ ਸੀ ਕਿ ਅਜਿਹੀਆਂ ਕਾਰਵਾਈਆਂ ਨਾਲ ਆਮ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ ਅਤੇ ਉਨ੍ਹਾਂ ਨੂੰ ਨਵੇਂ ਜ਼ਿਲ੍ਹੇ ਦੇ ਦਫਤਰਾਂ ਦੇ ਚੱਕਰ ਵੀ ਲਗਾਉਣੇ ਪੈਣਗੇ।