ਪੁਲਿਸ ਟੀਮਾਂ ਨੇ ਡੌਗ ਸਕੁਐਡ ਦੀ ਸਹਾਇਤਾ ਨਾਲ ਖੰਗਾਲਿਆ ਬਾਜ਼ਾਰਾਂ ਦਾ ਚੱਪਾ-ਚੱਪਾ
ਪੁਲਿਸ ਟੀਮਾਂ ਨੇ ਡੌਗ ਸਕੁਐਡ ਦੀ ਸਹਾਇਤਾ ਨਾਲ ਖੰਗਾਲਿਆਂ ਬਜ਼ਾਰਾਂ ਦਾ ਚੱਪਾ-ਚੱਪਾ
Publish Date: Tue, 28 Apr 2026 05:59 PM (IST)
Updated Date: Wed, 29 Apr 2026 04:08 AM (IST)

ਸ਼ਹਿਰ ਦੇ ਗੀਤਾ ਭਵਨ ਰੋਡ ਤੇ ਦੁਕਾਨ ਦੇ ਬਾਹਰ ਗ੍ਰਨੇਡ ਸੁੱਟੇ ਜਾਣ ਦਾ ਮਾਮਲਾ ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਗੁਰਦਾਸਪੁਰ ਦੇ ਥਾਣਾ ਸਿਟੀ ਦੇ ਬਾਹਰ ਹੋਏ ਗ੍ਰਨੇਡ ਹਮਲੇ ਦਾ ਮਾਮਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਸੋਮਵਾਰ ਦੇਰ ਸ਼ਾਮ ਸ਼ਹਿਰ ਦੇ ਗੀਤਾ ਭਵਨ ਰੋਡ ਤੇ ਦੁਕਾਨ ਦੇ ਬਾਹਰ ਗ੍ਰਨੇਡ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆ ਗਿਆ। ਖੁਸ਼ਕਿਸਮਤੀ ਰਹੀ ਕਿ ਗ੍ਰਨੇਡ ਫਟਿਆ ਨਹੀਂ, ਜਿਸ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ। ਹਾਲਾਂਕਿ ਗ੍ਰਨੇਡ ਸੁੱਟਦੇ ਹੋਏ ਦੋ ਪਟਕਾਧਾਰੀ ਨੌਜਵਾਨਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਪਰ ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਖੁੱਲ੍ਹ ਕੇ ਕੁਝ ਨਹੀਂ ਬੋਲ ਰਹੀ ਤੇ ਜਾਂਚ ਦੀ ਗੱਲ ਕੀਤੀ ਜਾ ਰਹੀ ਹੈ। ਉੱਥੇ ਹੀ ਘਟਨਾ ਤੋਂ ਬਾਅਦ ਮੰਗਲਵਾਰ ਸਵੇਰੇ ਐੱਸਪੀ ਡੀਕੇ ਚੌਧਰੀ ਦੀ ਅਗਵਾਈ ਹੇਠ ਡੌਗ ਸਕੁਐਡ ਅਤੇ ਬੰਬ ਨਿਰੋਧਕ ਦਸਤੇ ਦੀਆਂ ਟੀਮਾਂ ਨੇ ਸ਼ਹਿਰ ਦੇ ਸਾਰੇ ਬਜ਼ਾਰਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਦੁਕਾਨਾਂ ਦੇ ਬਾਹਰ ਸਮਾਨ ਨਾ ਰੱਖਣ ਅਤੇ ਕਿਸੇ ਵੀ ਸ਼ੱਕੀ ਵਸਤੂ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦੇਣ। ਐੱਸਪੀ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਪਹੁੰਚੇ ਬੰਬ ਨਿਰੋਧਕ ਦਸਤੇ ਨੇ ਬੰਬਨੁਮਾ ਵਸਤੂ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਸ਼ੋਕਾ ਚਿਪਸ ਦੇ ਮਾਲਕ ਅਟਲ ਸ਼ਰਮਾ ਨੇ ਦੱਸਿਆ ਕਿ ਉਹ ਦੇਰ ਸ਼ਾਮ ਦੁਕਾਨ ’ਤੇ ਬੈਠੇ ਹੋਏ ਸਨ। ਇਸ ਦੌਰਾਨ ਦੁਕਾਨ ਦੇ ਨੇੜੇ ਕੰਮ ਕਰਨ ਵਾਲੇ ਲੜਕੇ ਆਏ ਅਤੇ ਦੱਸਿਆ ਕਿ ਦੁਕਾਨ ਦੇ ਬਾਹਰ ਕੋਈ ਵਸਤੂ ਪਈ ਹੈ, ਜੋ ਦੇਖਣ ਵਿੱਚ ਗ੍ਰਨੇਡ ਵਰਗੀ ਲੱਗ ਰਹੀ ਹੈ। ਇਸ ਦੌਰਾਨ ਉਨ੍ਹਾਂ ਦੀ ਦੁਕਾਨ ’ਤੇ ਕੰਮ ਕਰਨ ਵਾਲਾ ਲੜਕਾ ਗ੍ਰਨੇਡ ਨੂੰ ਅੰਦਰ ਲੈ ਆਇਆ। ਪਹਿਲਾਂ ਉਨ੍ਹਾਂ ਇਸ ਨੂੰ ਕੋਈ ਮਜ਼ਾਕ ਸਮਝਿਆ, ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਅਸਲੀ ਗ੍ਰਨੇਡ ਹੈ। ਇਸ ਤੋਂ ਬਾਅਦ ਉਨ੍ਹਾਂ ਤੁਰੰਤ ਮਾਮਲੇ ਦੀ ਸੂਚਨਾ ਸਿਟੀ ਪੁਲਿਸ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦੁਕਾਨ ਦੀ ਰੇਕੀ ਕੀਤੀ ਜਾ ਰਹੀ ਸੀ। ਸੀਸੀਟੀਵੀ ਫੁਟੇਜ ਵਿੱਚ ਕੁਝ ਨੌਜਵਾਨ ਦੁਕਾਨ ਦੇ ਨੇੜੇ ਘੁੰਮਦੇ ਦਿਖਾਈ ਦਿੰਦੇ ਹਨ। ਇਸ ਦੀ ਫੁਟੇਜ ਵੀ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਗ੍ਰਨੇਡ ਅਸਲੀ ਹੈ, ਜਿਸ ’ਤੇ ਨੰਬਰ ਵੀ ਲਿਖਿਆ ਹੋਇਆ ਹੈ। ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਫਿਰੌਤੀ ਲਈ ਕੋਈ ਫੋਨ ਨਹੀਂ ਆਇਆ ਸੀ। ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ। ਫੁਟੇਜ ਵਿੱਚ ਦਿਖਣ ਵਾਲੇ ਨੌਜਵਾਨਾਂ ਨੇ ਕਾਲੇ ਕੱਪੜੇ ਪਾਏ ਹੋਏ ਸਨ। ਨਜ਼ਦੀਕੀ ਦੁਕਾਨਦਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਮੋਟਰਸਾਈਕਲ ਉੱਤੇ ਦੋ ਨੌਜਵਾਨ ਉਨ੍ਹਾਂ ਦੀ ਦੁਕਾਨ ਦੇ ਨੇੜੇ ਕਾਫ਼ੀ ਸਮੇਂ ਤੋਂ ਘੁੰਮ ਰਹੇ ਸਨ, ਜਿਨ੍ਹਾਂ ਨੇ ਕੋਈ ਵਸਤੂ ਉਨ੍ਹਾਂ ਦੀ ਦੁਕਾਨ ਦੇ ਬਾਹਰ ਸੁੱਟੀ ਹੈ। -ਛੇ ਮਹੀਨੇ ’ਚ ਦੂਜਾ ਗ੍ਰਨੇਡ ਹਮਲਾ ਇਸ ਤੋਂ ਪਹਿਲਾਂ ਥਾਣਾ ਸਿਟੀ ਗੁਰਦਾਸਪੁਰ ਤੇ ਸੁੱਟੇ ਗਏ ਗ੍ਰਨੇਡ ਦਾ ਰੰਗ ਵੀ ਨੀਲਾ ਸੀ, ਜੋ ਕਿ 25 ਨਵੰਬਰ 2025 ਨੂੰ ਸੁੱਟਿਆ ਗਿਆ ਸੀ। ਉਸ ਬੰਬ ਦੇ ਨੀਲੇ ਰੰਗ ਦੇ ਛਰੇ ਵੀ ਮਿਲੇ ਸਨ। ਇਸ ਵਾਰ ਵੀ ਗ੍ਰਨੇਡ ਦਾ ਰੰਗ ਨੀਲਾ ਹੈ, ਜਿਸ ਕਾਰਨ ਉਕਤ ਘਟਨਾਵਾਂ ਨੂੰ ਇਕ-ਦੂਜੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। -ਸ਼ਹਿਰ ਦੇ ਵਿਗੜਦੇ ਹਾਲਾਤ ਮੌਕੇ ਤੇ ਪਹੁੰਚੇ ਨਗਰ ਕੌਂਸਲ ਪ੍ਰਧਾਨ ਅਤੇ ਕਾਂਗਰਸੀ ਆਗੂ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਕਿਹਾ ਕਿ ਸ਼ਹਿਰ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਇਸ ਤੋਂ ਪਹਿਲਾਂ ਸਿਟੀ ਥਾਣੇ ਤੇ ਹੋਏ ਗ੍ਰਨੇਡ ਹਮਲੇ ਨੂੰ ਵੀ ਪੁਲਿਸ ਲੰਬੇ ਸਮੇਂ ਤੱਕ ਫਾਇਰ ਫੱਟਣਾ ਦੱਸਦੀ ਰਹੀ। ਹੁਣ ਸ਼ਹਿਰ ਵਿੱਚ ਦੂਜੀ ਵਾਰ ਗ੍ਰਨੇਡ ਹਮਲਾ ਹੋਇਆ ਹੈ। ਇਸ ਤੋਂ ਇਲਾਵਾ ਡਕੈਤੀਆਂ, ਚੋਰੀਆਂ, ਲੋਕਾਂ ਨੂੰ ਰੰਗਦਾਰੀ ਦੇ ਫੋਨ ਆਉਣਾ ਆਮ ਗੱਲ ਬਣ ਚੁੱਕੀ ਹੈ। ਹੁਣ ਤਾਂ ਲੋਕ ਫੋਨ ਆਉਣ ਤੇ ਪੁਲਿਸ ਨੂੰ ਦੱਸਣਾ ਵੀ ਸਹੀ ਨਹੀਂ ਸਮਝਦੇ। ਵਿਗੜਦੇ ਹਾਲਾਤਾਂ ਕਾਰਨ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਪਾ ਰਹੇ ਪਰ ਹੁਣ ਤਾਂ ਘਰਾਂ ’ਚ ਜਾ ਕੇ ਲੋਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। -ਭਾਜਪਾ ਆਗੂ ਨੇ ਕੀਤੀ ਨਿੰਦਿਆ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆਂ ਨੇ ਮੌਕੇ ਤੇ ਪਹੁੰਚ ਕੇ ਕਿਹਾ ਕਿ ਇਹ ਘਟਨਾ ਨਿੰਦਣਯੋਗ ਹੈ। ਕੁਝ ਸਮਾਂ ਪਹਿਲਾਂ ਹੀ ਸਿਟੀ ਥਾਣੇ ਤੇ ਵੀ ਗ੍ਰਨੇਡ ਹਮਲਾ ਹੋਇਆ ਸੀ, ਪਰ ਪ੍ਰਸ਼ਾਸਨ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਪ੍ਰਸ਼ਾਸਨ ਨੇ ਕਾਫ਼ੀ ਸਮੇਂ ਬਾਅਦ ਇਹ ਗੱਲ ਮੰਨੀ ਕਿ ਗ੍ਰਨੇਡ ਹਮਲਾ ਹੋਇਆ ਸੀ। ਸਾਰਾ ਸਿਸਟਮ ਵਪਾਰੀਆਂ ਕਾਰਨ ਹੀ ਚੱਲਦਾ ਹੈ, ਪਰ ਉਹੀ ਸੁਰੱਖਿਅਤ ਨਹੀਂ ਹਨ। -ਐੱਸਐੱਚਓ ਤੇ ਸ਼ਿਵਸੈਨਾ ਆਗੂ ’ਚ ਤਿੱਖੀ ਬਹਿਸ ਉੱਥੇ ਹੀ ਦੇਰ ਰਾਤ ਘਟਨਾ ਸਥਾਨ ਤੇ ਪਹੁੰਚੇ ਸ਼ਿਵਸੈਨਾ ਬਾਲਠਾਕਰੇ ਦੇ ਪ੍ਰਦੇਸ਼ ਪ੍ਰਧਾਨ ਹਰਵਿੰਦਰ ਸੋਨੀ ਅਤੇ ਥਾਣਾ ਸਿਟੀ ਦੇ ਮੁਖੀ ਦਵਿੰਦਰ ਪ੍ਰਕਾਸ਼ ਵਿਚਕਾਰ ਤਿੱਖੀ ਬਹਿਸਬਾਜ਼ੀ ਹੋ ਗਈ। ਇਸ ਦਾ ਵੀਡੀਓ ਵੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਸੋਨੀ ਜਿੱਥੇ ਐੱਸਐੱਚਓ ਤੇ ਝੂਠਾ ਮਾਮਲਾ ਦਰਜ ਕਰਨ ਦਾ ਦੋਸ਼ ਲਗਾ ਰਹੇ ਹਨ, ਉੱਥੇ ਐੱਸਐੱਚਓ ਉਸ ਨੂੰ ਧਮਕੀ ਭਰੇ ਲਹਿਜ਼ੇ ਵਿੱਚ ਕਹਿ ਰਹੇ ਹਨ, ਮੇਰੀ ਗੱਲ ਸੁਣ ਲੈ, ਮੈਥੋਂ ਕੁਝ ਹੋਰ ਨਾ ਲੈ ਲਈ । ਇਸ ਬਹਿਸਬਾਜ਼ੀ ਦੀ ਸ਼ਹਿਰ ’ਚ ਖੂਬ ਚਰਚਾ ਹੋ ਰਹੀ ਹੈ।