ਪੁਲਿਸ ਨੇ ਹੈਰੋਇਨ ਬਰਾਮਦ ਕਰਕੇ 7 ਕੀਤੇ ਕਾਬੂ, 1 ਕੀਤਾ ਨਾਮਜ਼ਦ
ਪੁਲਿਸ ਨੇ ਹੈਰੋਇਨ ਬਰਾਮਦ ਕਰਕੇ 7 ਕੀਤੇ ਕਾਬੂ, 1 ਕੀਤਾ ਨਾਮਜ਼ਦ
Publish Date: Fri, 01 May 2026 03:25 PM (IST)
Updated Date: Fri, 01 May 2026 03:26 PM (IST)

ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ: ਪੰਜਾਬ ਸਰਕਾਰ ਵਲੋਂ ਚਲਾਈ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਵਲੋਂ ਹੈਰੋਇਨ ਬਰਾਮਦ ਕਰਦਿਆਂ ਮੋਟਰਸਾਈਕਲ ਸਵਾਰ ਨੌਜਵਾਨਾਂ ਸਮੇਤ 7 ਨੂੰ ਕਾਬੂ ਤੇ ਇਕ ਨੂੰ ਨਾਮਜ਼ਦ ਕੀਤੇ ਜਾਣ ਦੀਆਂ ਖਬਰਾਂ ਮਿਲੀਆਂ ਹਨ। ਜਾਣਕਾਰੀ ਮੁਤਾਬਕ ਥਾਣਾ ਰੰਗੜ ਨੰਗਲ ਦੇ ਹੌਲਦਾਰ ਗੁਰਦੇਵ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਚੂਹੇਵਾਲ ਸ਼ਮਸ਼ਾਨਘਾਟ ਨੇੜਿਓਂ ਧਰਮਿੰਦਰ ਸਿੰਘ ਵਾਸੀ ਮਿਸ਼ਰਪੁਰਾ ਨੂੰ 6.45 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਇਸ ਵਿਰੁੱਧ ਥਾਣੇ ਵਿਚ ਮਾਮਲਾ ਦਰਜ ਕਰ ਦਿੱਤਾ ਹੈ ਤੇ ਉਪਰੰਤ ਇਸ ਵਲੋਂ ਕੀਤੇ ਇੰਕਸ਼ਾਫ ’ਤੇ ਉਕਤ ਮਾਮਲੇ ਵਿਚ ਸੁਖਕਰਨ ਸਿੰਘ ਵਾਸੀ ਜੈਤੋਸਰਜਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਇਸੇ ਤਰ੍ਹਾਂ, ਥਾਣਾ ਸੇਖਵਾਂ ਦੇ ਏਐੱਸਆਈ ਸੁਖਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਵਡਾਲਾ ਗ੍ਰੰਥੀਆਂ ਤੋਂ ਗੁਰਨਾਮ ਸਿੰਘ ਵਾਸੀ ਮਲਕਪੁਰ ਤੇ ਰੋਬਿਨ ਮਸੀਹ ਵਾਸੀ ਲੌਂਗੋਵਾਲ ਨੂੰ 3 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਇਨ੍ਹਾਂ ਦੋਵਾਂ ਖਿਲਾਫ ਉਕਤ ਥਾਣੇ ਵਿਚ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਪੁੱਛਗਿਛ ਦੌਰਾਨ ਦੱਸਿਆ ਕਿ ਉਸ ਨੇ ਇਹ ਹੈਰੋਇਨ ਪ੍ਰਦੀਪ ਵਾਸੀ ਲੀਲ ਖੁਰਦ ਕੋਲੋਂ ਖਰੀਦੀ ਹੈ, ਜਿਸ ’ਤੇ ਇਸ ਮਾਮਲੇ ਨੂੰ ਐੱਨਡੀਪੀਐੱਸ ਐਕਟ ਦਾ ਕਰ ਦਿੱਤਾ ਹੈ। ਇਸੇ ਤਰ੍ਹਾਂ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਏਐੱਸ.ਆਈ ਅਮਰੀਕ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪੁਲ ਸੂਆ ਨੇੜੇ ਪਿੰਡ ਰਾਊਵਾਲ ਤੋਂ ਕੁਲਦੀਪ ਸਿੰਘ ਵਾਸੀ ਪਿੰਡ ਡਾਲੇਚੱਕ ਨੂੰ 6 ਗ੍ਰਾਮ ਅਤੇ ਥਾਣਾ ਡੇਰਾ ਬਾਬਾ ਨਾਨਕ ਦੇ ਐੱਸਆਈ ਕੈਲਾਸ਼ ਚੰਦਰ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪੁਲ ਨਹਿਰ ਪਿੰਡ ਪੱਡੇ ਤੋਂ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਸੁਭਾਸ਼ ਮਸੀਹ ਤੇ ਹਰਪ੍ਰੀਤ ਸਿੰਘ ਵਾਸੀਆਨ ਪਿੰਡ ਠੇਠਰਕੇ ਨੂੰ 8 ਗ੍ਰਾਮ ਹੈਰੋਇਨ ਤੇ ਇਕ ਕੰਪਿਊਟਰ ਕੰਡਾ ਸਮੇਤ ਕਾਬੂ ਕੀਤਾ ਹੈ ਤੇ ਇਨ੍ਹਾਂ ਦਾ ਮੋਟਰਸਾਈਕਲ ਵੀ ਕਬਜ਼ੇ ਵਿਚ ਲੈ ਲਿਆ ਹੈ। ਪੁਲਿਸ ਮੁਤਾਬਕ ਉਕਤ ਤਿੰਨਾਂ ਖਿਲਾਫ ਇਨ੍ਹਾਂ ਨਾਲ ਸਬੰਧਤ ਉਕਤ ਵੱਖ-ਵੱਖ ਥਾਣਿਆਂ ਵਿਚ ਅਲੱਗ-ਅਲੱਗ ਮਾਮਲੇ ਦਰਜ ਕਰ ਦਿੱਤੇ ਗਏ ਹਨ।