ਸਰਹੱਦ ਪਾਰੋਂ ਨਸ਼ੇ ਦੀ ਵੱਡੀ ਖੇਪ: ਪਾਕਿਸਤਾਨੀ ਡਰੋਨ ਰਾਹੀਂ ਆਈ ਅੱਧਾ ਕਿਲੋ ਹੈਰੋਇਨ ਤੇ ਆਈਸ ਡਰੱਗ ਪੁਲਿਸ ਨੇ ਕੀਤੀ ਬਰਾਮਦ
ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਸਮੇਂ-ਸਮੇਂ ’ਤੇ ਭੇਜੀ ਜਾਂਦੀ ਹੈਰੋਇਨ ਦੀ ਖੇਪ ਦੇ ਮੱਦੇਨਜ਼ਰ ਅੱਜ ਸਵੇਰੇ ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਨੇ ਪਿੰਡ ਚੰਦੂਨੰਗਲ ਦੇ ਖੇਤਾਂ ’ਚੋਂ ਪਾਕਿਸਤਾਨ ਵਲੋਂ ਡਰੋਨ ਰਾਹੀਂ ਆਈ ਅੱਧਾ ਕਿਲੋ ਹੈਰੋਇਨ ਅਤੇ ਪਿੰਡ ਘਣੀਕ ਬੇਟ ਦੇ ਖੇਤਾ ਵਿੱਚੋਂ ਅੱਧਾ ਕਿਲੋ ਆਈਸ ਡਰੱਗ ਬਰਾਮਦ ਕਰਨ ਦੇ ਨਾਲ ਨਾਲ ਪਾਕਿਸਤਾਨੀ ਡਰੋਨ ਵੀ ਕਬਜ਼ੇ ਵਿੱਚ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।
Publish Date: Sun, 17 May 2026 03:16 PM (IST)
Updated Date: Sun, 17 May 2026 03:18 PM (IST)
ਸ਼ਾਮ ਤਿਵਾੜੀ/ਸਤਪਾਂਲ ਜਖਮੀ, ਪੰਜਾਬੀ ਜਾਗਰਣ, ਬਟਾਲਾ। ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਸਮੇਂ-ਸਮੇਂ ’ਤੇ ਭੇਜੀ ਜਾਂਦੀ ਹੈਰੋਇਨ ਦੀ ਖੇਪ ਦੇ ਮੱਦੇਨਜ਼ਰ ਅੱਜ ਸਵੇਰੇ ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਨੇ ਪਿੰਡ ਚੰਦੂਨੰਗਲ ਦੇ ਖੇਤਾਂ ’ਚੋਂ ਪਾਕਿਸਤਾਨ ਵਲੋਂ ਡਰੋਨ ਰਾਹੀਂ ਆਈ ਅੱਧਾ ਕਿਲੋ ਹੈਰੋਇਨ ਅਤੇ ਪਿੰਡ ਘਣੀਕ ਬੇਟ ਦੇ ਖੇਤਾ ਵਿੱਚੋਂ ਅੱਧਾ ਕਿਲੋ ਆਈਸ ਡਰੱਗ ਬਰਾਮਦ ਕਰਨ ਦੇ ਨਾਲ ਨਾਲ ਪਾਕਿਸਤਾਨੀ ਡਰੋਨ ਵੀ ਕਬਜ਼ੇ ਵਿੱਚ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਐੱਸ.ਐੱਸ.ਪੀ. ਬਟਾਲਾ ਡਾ. ਮਹਿਤਾਬ ਸਿੰਘ ਅਤੇ ਡੀ.ਐੱਸ.ਪੀ. ਡੇਰਾ ਬਾਬਾ ਨਾਨਕ ਜੋਗਾ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਸ ਵਲੋਂ ਨਸ਼ਾ ਤਸਕਰਾਂ ਦੇ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਉਨ੍ਹਾਂ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਪਿੰਡ ਚੰਦੂਨੰਗਲ ਦੇ ਖੇਤਾਂ ਵਿੱਚੋਂ 500 ਗ੍ਰਾਮ ਹੈਰੋਇਨ ਅਤੇ ਇਕ ਪਾਕਿਸਤਾਨ ਡਰੋਨ ਬਰਾਮਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਹ ਡਰੋਨ ਅਤੇ ਹੈਰੋਇਨ ਪਾਕਿਸਤਾਨ ਵੱਲੋਂ ਆਈ ਹੈ ਅਤੇ ਫਿਲਹਾਲ ਪੁਲਸ ਨੇ ਹੈਰੋਇਨ ਅਤੇ ਡਰੋਨ ਨੂੰ ਕਬਜ਼ੇ ’ਚ ਲੈ ਕੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸੇ ਲੜੀ ਤਹਿਤ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਅਤੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਪਿੰਡ ਘਣੀਏ ਕੇ ਬੇਟ ’ਚ ਸਥਿਤ ਇਕ ਖੇਤ ’ਚੋਂ 500 ਗ੍ਰਾਮ ਆਈਸ ਡਰੱਗ ਅਤੇ ਇਕ ਡਰੋਨ ਬਰਾਮਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੁਲਸ ਨੇ ਉਕਤ ਨਸ਼ੀਲੇ ਪਦਾਰਥ ਨੂੰ ਕਬਜ਼ੇ ’ਚ ਲੈ ਕੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ। ਐੱਸ.ਐੱਚ.ਓ. ਨੇ ਅੱਗੇ ਦੱਸਿਆ ਕਿ ਉਕਤ ਬਰਾਮਦ ਕੀਤੀ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਕ ਕਰੋੜ ਰੁਪਏ ਅਤੇ ਆਈ. ਸੀ. ਡਰੱਗ ਦੀ ਕੀਮਤ ਢਾਈ ਕਰੋੜ ਰੁਪਏ ਦੇ ਲਗਪਗ ਹੈ।