ਪੁਲਿਸ ਨੇ ਚਾਲੂ ਭੱਠੀ ਫੜੀ, 60 ਲੀਟਰ ਲਾਹਣ ਬਰਾਮਦ
ਪੁਲਿਸ ਨੇ ਛਾਪੇਮਾਰੀ ਦੌਰਾਨ ਚਾਲੂ ਭੱਠੀ ਫੜੀ 60 ਲੀਟਰ ਲਾਹਣ ਅਤੇ 10 ਬੋਤਲਾਂ ਨਾਜਾਇਜ ਸ਼ਰਾਬ ਬਰਾਮਦ
Publish Date: Sun, 22 Mar 2026 06:06 PM (IST)
Updated Date: Sun, 22 Mar 2026 06:07 PM (IST)

10 ਬੋਤਲਾਂ ਨਾਜਾਇਜ ਸ਼ਰਾਬ ਵੀ ਫੜੀ ਸੁਖਦੇਵ ਸਿੰਘ/ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ : ਬਟਾਲਾ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਸਿਟੀ ਅਧੀਨ ਆਉਂਦੀ ਪੁਲਿਸ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਦੀ ਅਗਵਾਈ ਹੇਠ ਬਟਾਲਾ ਬੱਸ ਸਟੈਂਡ ਦੇ ਨਜ਼ਦੀਕ ਲੀਕ ਵਾਲਾ ਤਲਾਬ ਵਿਖੇ ਛਾਪੇਮਾਰੀ ਦੌਰਾਨ ਚਾਲੂ ਭੱਠੀ ’ਤੇ 60 ਲੀਟਰ ਲਾਹਣ ਤੇ 10 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੱਸ ਸਟੈਂਡ ਪੁਲਿਸ ਚੌਂਕੀ ਦੇ ਇੰਚਾਰਜ ਸਤਵਿੰਦਰ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਬਟਾਲਾ ਡਾ. ਮਹਿਤਾਬ ਸਿੰਘ, ਡੀਐੱਸਪੀ ਸਿਟੀ ਸੰਜੀਵ ਕੁਮਾਰ ਤੇ ਐੱਸਐੱਚਓ ਸਿਟੀ ਸੁਖਜਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਦੇ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਲੜੀ ਤਹਿਤ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਲੀਕ ਵਾਲਾ ਤਲਾਬ ਵਿਖੇ ਇਕ ਇਮਾਰਤ ਚ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਲੀਕ ਵਾਲਾ ਤਲਾਬ ਬਟਾਲਾ ’ਚ ਸਥਿਤ ਇਕ ਇਮਾਰਤ ਤੋਂ ਛਾਪੇਮਾਰੀ ਦੌਰਾਨ 60 ਲੀਟਰ ਲਾਹਣ, 10 ਬੋਤਲਾਂ ਨਾਜਾਇਜ਼ ਸ਼ਰਾਬ, ਚਾਲੂ ਭੱਠੀ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ, ਜਦਕਿ ਇਕ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਨੇ ਨਾਜਾਇਜ਼ ਸ਼ਰਾਬ ਨੂੰ ਕਬਜ਼ੇ ’ਚ ਲੈ ਕੇ ਫਰਾਰ ਹੋਏ ਵਿਅਕਤੀ ਦੇ ਵਿਰੁੱਧ ਥਾਣਾ ਸਿਟੀ ’ਚ ਮਾਮਲਾ ਦਰਜ ਕਰ ਦਿੱਤਾ ਹੈ। ਇਸ ਮੌਕੇ ਮੁਨਸ਼ੀ ਗੁਰਪ੍ਰੀਤ ਸਿੰਘ, ਐੱਚਸੀ ਪਲਵਿੰਦਰ ਸਿੰਘ ਆਦਿ ਹਾਜ਼ਰ ਸਨ।