ਗ੍ਰਨੇਡ ਹਮਲੇ ਦੇ ਸ਼ੱਕੀ ਵਿਅਕਤੀ ਦੀ ਫੋਟੋ ਜਾਰੀ
ਪੁਲਿਸ ਨੇ ਗ੍ਰਨੇਡ ਹਮਲੇ ਦੇ ਸ਼ੱਕੀ ਵਿਅਕਤੀ ਦੀ ਫੋਟੋ ਕੀਤੀ ਜਾਰੀ
Publish Date: Fri, 01 May 2026 06:09 PM (IST)
Updated Date: Sat, 02 May 2026 04:09 AM (IST)

- ਗੀਤਾ ਭਵਨ ਰੋਡ ਤੇ ਦੁਕਾਨ ਦੇ ਬਾਹਰ ਹੈਂਡ ਗ੍ਰਨੇਡ ਸੁੱਟਣ ਦਾ ਮਾਮਲਾ ਜੀਆਰਪੀ- ਪੁਲਿਸ ਵੱਲੋਂ ਜਾਰੀ ਕੀਤੀ ਗਈ ਮੁਲਜ਼ਮ ਦੀ ਫੋਟੋ। ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਜ਼ਿਲ੍ਹਾ ਪੁਲਿਸ ਨੇ ਸੋਮਵਾਰ ਦੇਰ ਸ਼ਾਮ ਗੀਤਾ ਭਵਨ ਰੋਡ ਤੇ ਅਸ਼ੋਕਾ ਚਿਪਸ ਦੇ ਬਾਹਰ ਹੈਂਡ ਗ੍ਰਨੇਡ ਸੁੱਟਣ ਦੇ ਮਾਮਲੇ ’ਚ ਲੁੜੀਂਦੇ ਮੁਲਜ਼ਮ ਦੀ ਫੋਟੋ ਜਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਦੋ ਮੋਟਰਸਾਈਕਲ ਸਵਾਰਾਂ ਨੇ ਦੁਕਾਨ ਦੇ ਬਾਹਰ ਹੈਂਡ ਗ੍ਰਨੇਡ ਸੁੱਟਿਆ ਤੇ ਭੱਜ ਗਏ। ਖੁਸ਼ਕਿਸਮਤੀ ਨਾਲ ਸੜਕ ਤੇ ਭੀੜ ਹੋਣ ਕਾਰਨ ਮੁਲਜ਼ਮਾਂ ਨੂੰ ਪਿੰਨ ਹਟਾਉਣ ਦਾ ਮੌਕਾ ਨਹੀਂ ਮਿਲਿਆ, ਜਿਸ ਨਾਲ ਵੱਡੀ ਘਟਨਾ ਹੋਣੋ ਟਲ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਅੰਮ੍ਰਿਤਸਰ ਤੋਂ ਇਕ ਬੰਬ ਸਕੁਐਡ ਬੁਲਾਇਆ, ਜਿਸ ਨੇ ਰਾਤ ਕਰੀਬ 12:30 ਵਜੇ ਦੇ ਕਰੀਬ ਗ੍ਰਨੇਡ ਨੂੰ ਜ਼ਬਤ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਐੱਸਐੱਸਪੀ ਆਦਿਤਿਆ ਨੇ ਕਿਹਾ ਕਿ ਜਾਂਚ ਜਾਰੀ ਹੈ ਤੇ ਮੁਲਜ਼ਮ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਦੋ ਪਟਕਾਧਾਰੀ ਨੌਜਵਾਨਾਂ ਦੇ ਗ੍ਰਨੇਡ ਸੁੱਟਣ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਸੋਮਵਾਰ ਦੇਰ ਸ਼ਾਮ ਇੱਕ ਹੈਂਡ ਗ੍ਰਨੇਡ ਮਿਲਣ ਦੀ ਸੂਚਨਾ ਤੋਂ ਬਾਅਦ ਪੁਲਿਸ ਨੇ ਪੂਰਾ ਬਾਜ਼ਾਰ ਸੀਲ ਕਰ ਦਿੱਤਾ। ਜਿਸ ਜਗ੍ਹਾ ਗ੍ਰਨੇਡ ਨਾਲੀ ’ਚ ਡਿੱਗਿਆ ਸੀ, ਉਹ ਵੀ ਰੇਤ ਦੀਆਂ ਬੋਰੀਆਂ ਨਾਲ ਢੱਕ ਦਿੱਤਾ ਸੀ। ਸੀਸੀਟੀਵੀ ਫੁਟੇਜ ’ਚ ਦੇਖਿਆ ਗਿਆ ਹੈ ਕਿ ਦੋ ਪਟਕਾਧਾਰੀ ਨੌਜਵਾਨ ਸੋਮਵਾਰ ਸ਼ਾਮ 7:15 ਵਜੇ ਦੇ ਕਰੀਬ ਸਪਲੈਂਡਰ ਮੋਟਰਸਾਈਕਲ ਤੇ ਆਉਂਦੇ ਸਨ ਅਤੇ ਗੀਤਾ ਭਵਨ ਰੋਡ ਤੇ ਅਸ਼ੋਕਾ ਚਿਪਸ ਦੀ ਦੁਕਾਨ ਦੇ ਬਾਹਰ ਗ੍ਰਨੇਡ ਸੁੱਟਦੇ ਸਨ, ਜਿਸ ਨੂੰ ਪਿੰਨ ਲੱਗੀ ਹੋਈ ਸੀ। ਹਾਲਾਂਕਿ ਉਸ ਸਮੇਂ ਇਸ ਦਾ ਕਿਸੇ ਨੂੰ ਪਤਾ ਨਹੀਂ ਲੱਗਾ, ਪਰ ਬਾਅਦ ’ਚ ਇਕ ਕਬਾੜ ਇੱਕਠਾ ਕਰਨ ਵਾਲੇ ਲੜਕੇ ਨੇ ਇਸ ਨੂੰ ਅਸ਼ੋਕਾ ਚਿਪਸ ਦੀ ਦੁਕਾਨ ਤੇ ਕੰਮ ਕਰਨ ਵਾਲੇ ਰਾਹੁਲ ਨੂੰ ਦੇ ਦਿੱਤਾ। ਰਾਹੁਲ ਨੇ ਦੁਕਾਨ ਦੇ ਮਾਲਕ ਅਟਲ ਸ਼ਰਮਾ ਨੂੰ ਗ੍ਰਨੇਡ ਬਾਰੇ ਦੱਸਿਆ। ਗ੍ਰਨੇਡ ਨੀਲੇ ਰੰਗ ਦਾ ਸੀ ਤੇ ਇਸ ’ਚ ਪਿੰਨ ਲੱਗਿਆ ਹੋਇਆ ਸੀ। ਅਟਲ ਸ਼ਰਮਾ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਇਕ ਵੱਡੀ ਪੁਲਿਸ ਫੋਰਸ ਮੌਕੇ ਤੇ ਪਹੁੰਚੀ।