ਕਾਗਜ਼ਾਂ ਦੀ ਜਾਂਚ ਪੜਤਾਲ ਦੌਰਾਨ ਪੁਲਿਸ ਨੇ ਪੁਖਤਾ ਕੀਤੇ ਸੁਰੱਖਿਆ ਪ੍ਰਬੰਧ : ਐੱਸਪੀ ਵਡੇਰਾ
ਕਾਗਜ਼ਾਂ ਦੀ ਜਾਂਚ ਪੜਤਾਲ ਦੌਰਾਨ ਪੁਲਸ ਨੇ ਪੁਖਤਾ ਕੀਤੇ ਸੁਰੱਖਿਆ ਪ੍ਰਬੰਧ : ਐੱਸਪੀ ਵਡੇਹਰਾ
Publish Date: Mon, 18 May 2026 07:33 PM (IST)
Updated Date: Mon, 18 May 2026 07:33 PM (IST)
ਬਟਾਲਾ : ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਜਿਥੇ ਬੀਤੇ ਕੱਲ੍ਹ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦਾ ਆਖਰੀ ਦਿਨ ਸੀ, ਉਥੇ ਅੱਜ ਜਿਨ੍ਹਾਂ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਸਨ, ਉਨ੍ਹਾਂ ਦੀ ਜਾਂਚ ਪੜਤਾਲ ਵੱਖ-ਵੱਖ ਰਿਟਰਨਿੰਗ ਅਫਸਰਾਂ ਵਲੋਂ ਕੀਤੀ ਜਾਣੀ ਸੀ, ਜਿਸਦੇ ਚਲਦਿਆਂ ਨਗਰ ਨਿਗਮ ਦੀਆਂ 50 ਵਾਰਡਾਂ ਨੂੰ ਦੋ ਜ਼ੋਨਾਂ ਵਿਚ ਪਹਿਲਾਂ ਤੋਂ ਹੀ ਵੰਡਿਆ ਗਿਆ, ਜਿਸ ਤਹਿਤ ਵਾਰਡ ਨੰ.1 ਤੋਂ ਲੈ ਕੇ ਵਾਰਡ ਨੰ.25 ਤੱਕ ਨਿਊ ਜੁਡੀਸ਼ੀਅਲ ਕੋਰਟ ਕੰਪਲੈਕਸ ਵਿਚ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਲਏ ਗਏ ਅਤੇ ਵਾਰਡ ਨੰ.26 ਤੋਂ ਵਾਰਡ ਨੰ.50 ਤੱਕ ਦੇ ਉਮੀਦਵਾਰਾਂ ਦੇ ਸ਼ਾਸਤਰੀ ਨਗਰ ਵਿਖੇ ਖੇਤੀਬਾੜੀ ਦਫਤਰ ਵਿਚ ਬੈਠੇ ਅਧਿਕਾਰੀਆਂ ਨੇ ਨਾਮਜ਼ਦਗੀ ਪ੍ਰਾਪਤ ਕੀਤੇ ਸਨ। ਹੁਣ ਅੱਜ ਇਨ੍ਹਾਂ ਕਾਗਜ਼ ਦਾਖਲ ਕਰਵਾਉਣ ਵਾਲੇ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਜਾਂਚ ਪੜਤਾਲ ਦਾ ਫਾਈਨਲ ਦਿਨ ਹੋਣ ਕਰਕੇ ਬਟਾਲਾ ਪੁਲਸ ਵਲੋਂ ਐੱਸਐੱਸਪੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਇਸ ਮੌਕੇ ਸ਼ਾਮ ਸਮੇਂ ਸ਼ਾਸਤਰੀ ਨਗਰ ਵਿਖੇ ਪਹੁੰਚੇ ਐੱਸਪੀ ਇਨਵੈੱਸਟੀਗੇਸ਼ਨ ਸੰਦੀਪ ਵਡੇਹਰਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਾਗਜ਼ਾਂ ਦੀ ਜਾਂਚ ਪੜਤਾਲ ਪੂਰੀ ਅਮਨ ਅਮਾਨ ਨਾਲ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਝਗੜੇ ਜਾਂ ਹੋਰ ਘਟਨਾ ਨੂੰ ਰੋਕਣ ਲਈ ਪੁਲਿਸ ਪੂਰੀ ਤਰਾਂ ਮੁਸਤੈਦ ਹੈ। ਇਥੇ ਇਹ ਦੱਸਦੇ ਚੱਲੀਏ ਕਿ ਅੱਜ ਸਵੇਰ ਤੋਂ ਉਕਤ ਦੋਵਾਂ ਜਗ੍ਹਾ ’ਤੇ ਡੀਐੱਸਪੀ ਸਿਟੀ ਸੁਖਇੰਦਰ ਸਿੰਘ, ਡੀਐੱਸਪੀ ਟੀਪੀ ਸਿੰਘ ਗੋਰਾਇਆ, ਐੱਸਐੱਚਓ ਸਿਟੀ ਸੁਖਜਿੰਦਰ ਸਿੰਘ ਸਮੇਤ ਭਾਰੀ ਪੁਲਿਸ ਫੋਰਸ ਡਿਊਟੀ ’ਤੇ ਤਾਇਨਾਤ ਰਹੀ।