ਮਟਰਾਂ ਦੀ ਬੇਕਦਰੀ: ਮੰਡੀਆਂ 'ਚ ਰੁਲ ਰਹੀ ਫ਼ਸਲ ਤੋਂ ਦੁਖੀ ਕਿਸਾਨ ਦਾ ਵੱਡਾ ਕਦਮ; ਪਿੰਡ ਨਿੱਜਰਪੁਰ 'ਚ ਖੇਤਾਂ 'ਚ ਹੀ ਵਾਹੀ ਤਿਆਰ ਫ਼ਸਲ
ਖੇਤੀਬਾੜੀ ਵਿਭਾਗ ਅਤੇ ਸਰਕਾਰ ਵੱਲੋਂ ਕਣਕ ਤੇ ਝੋਨੇ ਦੀ ਬਿਜਾਈ ਕਰਨ ਦੀ ਬਜਾਏ ਹੋਰ ਫਸਲਾਂ ਤੇ ਸਬਜ਼ੀਆਂ ਦੀ ਬਿਜਾਈ ਕਰਨ ਦੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਇਸ ਵੇਲੇ ਮਟਰ ਤੇ ਫੁੱਲ ਗੋਭੀ ਦੇ ਰੇਟ ਵਿਚ ਆਈ ਵੱਡੀ ਗਿਰਾਵਟ ਕਾਰਨ ਮਟਰ ਤੇ ਗੋਭੀ ਦੀ ਫਸਲ ਦੀ ਮੰਡੀਆਂ ਵਿੱਚ ਬੇਕਦਰੀ ਹੋਈ ਹੈ। ਇਸ ਕਾਰਨ ਪਿੰਡ ਨਿੱਜਰਪੁਰ ਦੇ ਕਿਸਾਨ ਨੇ ਮਟਰਾਂ ਦੀ ਫ਼ਸਲ ਉਜਾੜਨ ਤੋਂ ਬਾਅਦ ਮਟਰ ਤੇ ਗੋਭੀ ਨੂੰ ਖੇਤਾਂ ਵਿਚ ਹੀ ਵਾਹ ਦਿੱਤਾ। ਇਸ ਸਬੰਧੀ ਕਾਸ਼ਤਕਾਰ ਸੇਵਾ ਸਿੰਘ ਨਿੱਜਰ ਨੇ ਦੱਸਿਆ ਕਿ ਜਿੱਥੇ ਅਗੇਤੇ ਮਟਰਾਂ ਦਾ ਭਾਅ ਚੰਗਾ ਰਿਹਾ ਸੀ ਉੱਥੇ ਕਾਸ਼ਤ ਕੀਤੇ ਗਏ ਪਛੇਤੇ ਮਟਰਾਂ ਦੀ ਫ਼ਸਲ ਦਾ ਭਾਅ ਇਸ ਵੇਲੇ ਮੰਡੀਆਂ ਵਿਚ ਘੱਟ ਹੋਣ
Publish Date: Thu, 12 Mar 2026 11:58 AM (IST)
Updated Date: Thu, 12 Mar 2026 12:00 PM (IST)

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਖੇਤੀਬਾੜੀ ਵਿਭਾਗ ਅਤੇ ਸਰਕਾਰ ਵੱਲੋਂ ਕਣਕ ਤੇ ਝੋਨੇ ਦੀ ਬਿਜਾਈ ਕਰਨ ਦੀ ਬਜਾਏ ਹੋਰ ਫਸਲਾਂ ਤੇ ਸਬਜ਼ੀਆਂ ਦੀ ਬਿਜਾਈ ਕਰਨ ਦੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਇਸ ਵੇਲੇ ਮਟਰ ਤੇ ਫੁੱਲ ਗੋਭੀ ਦੇ ਰੇਟ ਵਿਚ ਆਈ ਵੱਡੀ ਗਿਰਾਵਟ ਕਾਰਨ ਮਟਰ ਤੇ ਗੋਭੀ ਦੀ ਫਸਲ ਦੀ ਮੰਡੀਆਂ ਵਿੱਚ ਬੇਕਦਰੀ ਹੋਈ ਹੈ। ਇਸ ਕਾਰਨ ਪਿੰਡ ਨਿੱਜਰਪੁਰ ਦੇ ਕਿਸਾਨ ਨੇ ਮਟਰਾਂ ਦੀ ਫ਼ਸਲ ਉਜਾੜਨ ਤੋਂ ਬਾਅਦ ਮਟਰ ਤੇ ਗੋਭੀ ਨੂੰ ਖੇਤਾਂ ਵਿਚ ਹੀ ਵਾਹ ਦਿੱਤਾ। ਇਸ ਸਬੰਧੀ ਕਾਸ਼ਤਕਾਰ ਸੇਵਾ ਸਿੰਘ ਨਿੱਜਰ ਨੇ ਦੱਸਿਆ ਕਿ ਜਿੱਥੇ ਅਗੇਤੇ ਮਟਰਾਂ ਦਾ ਭਾਅ ਚੰਗਾ ਰਿਹਾ ਸੀ ਉੱਥੇ ਕਾਸ਼ਤ ਕੀਤੇ ਗਏ ਪਛੇਤੇ ਮਟਰਾਂ ਦੀ ਫ਼ਸਲ ਦਾ ਭਾਅ ਇਸ ਵੇਲੇ ਮੰਡੀਆਂ ਵਿਚ ਘੱਟ ਹੋਣ ਕਾਰਨ ਉਨ੍ਹਾਂ ਨੇ ਫ਼ਸਲ ਖੇਤਾਂ ਵਿਚ ਵਾਹ ਦਿੱਤੀ ਹੈ।
ਸੇਵਾ ਸਿੰਘ ਨੇ ਦੱਸਿਆ ਕਿ ਉਸ ਨੇ ਇੱਕ ਏਕੜ ਵਿਚ ਮਟਰ ਤੇ ਇਕ ਏਕੜ ਵਿਚ ਫੁੱਲ ਗੋਭੀ ਦੀ ਕਾਸ਼ਤ ਕੀਤੀ ਸੀ। ਉਸ ਨੇ ਦੱਸਿਆ ਕਿ ਇਸ ਵੇਲੇ ਮੰਡੀਆਂ ਵਿਚ ਮਟਰ ਦਾ ਰੇਟ 7 ਤੋਂ 8 ਰੁਪਏ ਪ੍ਰਤੀ ਕਿੱਲੋ ਹੋਣ ਕਾਰਨ ਮਟਰਾਂ ਦੀ ਤੁੜਵਾਈ, ਮੰਡੀਆਂ ਵਿਚ ਮਹਿੰਗਾ ਤੇਲ ਫੂਕ ਕੇ ਲੈ ਕੇ ਜਾਣ ਦਾ ਖਰਚਾ ਆ ਰਿਹਾ ਹੈ। ਉਸ ਨੇ ਦੱਸਿਆ ਕਿ ਇਸ ਫ਼ਸਲ ਦੇ ਖਰਚੇ ਵੱਧ ਤੇ ਆਮਦਨ ਘੱਟ ਹੈ।
ਸੇਵਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਟਰ ਪ੍ਰਤੀ ਕਿੱਲੋ 350 ਰੁਪਏ ਖਰੀਦਣ ਤੋਂ ਇਲਾਵਾ ਪ੍ਰਤੀ ਏਕੜ ਵਿਚ 20 ਕਿੱਲੋ ਮਟਰਾਂ ਦਾ ਬੀਜ, ਡਾਇਆ ਖਾਦ, ਯੂਰੀਆ ਖਾਦ ਵਹਾਈ ਆਦਿ ਖਰਚਿਆਂ ਤੇ 25 ਹਜ਼ਾਰ ਪ੍ਰਤੀ ਏਕੜ ’ਤੇ ਖ਼ਰਚਾ ਆਇਆ, ਜਦਕਿ ਮਟਰਾਂ ਦਾ ਭਾਅ ਘੱਟ ਹੋਣ ਕਾਰਨ ਉਨ੍ਹਾਂ ਦੇ ਅੱਧੇ ਪੈਸੇ ਵੀ ਪੂਰੇ ਨਹੀਂ ਹੋਏ। ਉਨ੍ਹਾਂ ਦੱਸਿਆ ਕਿ ਗੋਭੀ ਦਾ ਭਾਅ ਵੀ ਘੱਟ ਹੋਣ ਕਰ ਕੇ ਉਹਨਾਂ ਨੂੰ ਖੇਤਾਂ ਵਿਚ ਵਾਹੁਣੀ ਪਈ ਹੈ। ਸਬਜ਼ੀਆਂ ਦਾ ਰੇਟ ਤੈਅ ਨਾ ਹੋਣ ਕਾਰਨ ਕਈ ਵਾਰ ਸਬਜ਼ੀ ਕਾਸ਼ਤਕਾਰਾਂ ਨੂੰ ਵੱਡਾ ਘਾਟਾ ਸਹਿਣਾ ਪੈਂਦਾ ਹੈ।