Pathankot News : ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ 'ਤੇ ਵਾਪਰਿਆ ਭਿਆਨਕ ਹਾਦਸਾ, ਟਰੱਕ-ਟਰੈਕਟਰ ਦੀ ਟੱਕਰ ਫੁੱਟਪਾਥ ਕਿਨਾਰੇ ਖੜ੍ਹੇ ਵਿਅਕਤੀ ਦੀ ਮੌਤ, ਇਕ ਗੰਭੀਰ ਜ਼ਖ਼ਮੀ
ਹਾਦਸੇ ਦੀ ਜਾਣਕਾਰੀ ਮਿਲਦੇ ਹੀ ਇਲਾਕਾ ਵਾਸੀ ਮੌਕੇ 'ਤੇ ਇਕੱਠੇ ਹੋ ਗਏ ਅਤੇ ਸੜਕ 'ਤੇ ਕਾਫ਼ੀ ਸਮੇਂ ਲਈ ਹਫ਼ੜਾ- ਤਫ਼ੜੀ ਦਾ ਮਾਹੌਲ ਬਣ ਗਿਆ।ਸਥਾਨਕ ਲੋਕਾਂ ਨੇ ਦੱਸਿਆ ਕਿ ਟਰੱਕ ਚਾਲਕ ਅਤੇ ਟਰੈਕਟਰ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ।
Publish Date: Sun, 19 Oct 2025 07:16 PM (IST)
Updated Date: Sun, 19 Oct 2025 07:25 PM (IST)
ਰਮਨਦੀਪ ਘਿਆਲਾ, ਪੰਜਾਬੀ ਜਾਗਰਣ, ਪਠਾਨਕੋਟ : ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ 'ਤੇ ਮੀਰਥਲ ਅੱਡੇ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਤੇਜ਼ ਰਫ਼ਤਾਰ ਟਰੱਕ ਇੱਕ ਟਰੈਕਟਰ ਨਾਲ ਜਾ ਟਕਰਾਇਆ ਅਤੇ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੇ ਫੁੱਟਪਾਥ 'ਤੇ ਚੜ੍ਹ ਗਿਆ।
ਸਥਾਨਕ ਲੋਕਾਂ ਅਨੁਸਾਰ ਪਠਾਨਕੋਟ ਵਾਲੇ ਪਾਸੇ ਤੋਂ ਆ ਰਿਹਾ ਟਰੱਕ ਅਚਾਨਕ ਸੜਕ ਪਾਰ ਕਰ ਰਹੇ ਟਰੈਕਟਰ ਨਾਲ ਟਕਰਾਇਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਟਰੈਕਟਰ ਦੋ ਹਿੱਸਿਆਂ 'ਚ ਵੰਡਿਆ ਗਿਆ। ਖ਼ੁਸ਼ਕਿਸਮਤੀ ਨਾਲ ਟਰੈਕਟਰ ਚਾਲਕ ਨੂੰ ਸਿਰਫ਼ ਮਾਮੂਲੀ ਸੱਟਾਂ ਲੱਗੀਆਂ, ਪਰ ਟਰੱਕ ਦੇ ਫੁੱਟਪਾਥ 'ਤੇ ਚੜ੍ਹ ਜਾਣ ਨਾਲ ਸਰਵਿਸ ਰੋਡ ਤੇ ਖੜ੍ਹੇ ਚਾਰ ਤੋਂ ਪੰਜ ਦੋ ਪਹੀਆ ਵਾਹਨ ਟਰੱਕ ਦੀ ਲਪੇਟ ਵਿੱਚ ਆ ਗਏ ਅਤੇ ਬੁਰੀ ਤਰ੍ਹਾਂ ਤਬਾਹ ਹੋ ਗਏ। ਇਸ ਹਾਦਸੇ ਵਿੱਚ ਸੋਨੀ ਲਾਲ (ਉਮਰ ਕਰੀਬ 47 ਸਾਲ) ਵਾਸੀ ਆਬਾਦਗੜ੍ਹ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਸੁਰਿੰਦਰ ਸਿੰਘ ਵਾਸੀ ਜੰਡੀ ਚੋਤਾ ਗੰਭੀਰ ਜ਼ਖਮੀ ਹੋ ਗਿਆ ਜਿਸ ਦਾ ਇਲਾਜ ਸਥਾਨਕ ਹਸਪਤਾਲ ਵਿੱਚ ਜਾਰੀ ਹੈ।
ਹਾਦਸੇ ਦੀ ਜਾਣਕਾਰੀ ਮਿਲਦੇ ਹੀ ਇਲਾਕਾ ਵਾਸੀ ਮੌਕੇ 'ਤੇ ਇਕੱਠੇ ਹੋ ਗਏ ਅਤੇ ਸੜਕ 'ਤੇ ਕਾਫ਼ੀ ਸਮੇਂ ਲਈ ਹਫ਼ੜਾ- ਤਫ਼ੜੀ ਦਾ ਮਾਹੌਲ ਬਣ ਗਿਆ।ਸਥਾਨਕ ਲੋਕਾਂ ਨੇ ਦੱਸਿਆ ਕਿ ਟਰੱਕ ਚਾਲਕ ਅਤੇ ਟਰੈਕਟਰ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਨੰਗਲਭੂਰ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀ ਵਿਅਕਤੀ ਨੂੰ ਹਸਪਤਾਲ ਭੇਜਿਆ। ਪੁਲਿਸ ਵੱਲੋਂ ਮੌਕੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਵਿੱਚ ਸ਼ਾਮਲ ਦੋਵੇਂ ਚਾਲਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।