ਟੋਲ ਪਲਾਜਿਆਂ ’ਤੇ ਲੰਬੀਆਂ ਕਤਾਰਾਂ ਕਾਰਨ ਯਾਤਰੀ ਪਰੇਸ਼ਾਨ
ਨੈਸ਼ਨਲ ਹਾਈਵੇਆਂ ਦੇ ਟੋਲ ਪਲਾਜਿਆਂ 'ਤੇ ਲੰਬੀਆਂ ਕਤਾਰਾਂ ਕਾਰਨ ਯਾਤਰੀ ਪਰੇਸ਼ਾਨ
Publish Date: Sat, 14 Feb 2026 04:00 PM (IST)
Updated Date: Sun, 15 Feb 2026 04:00 AM (IST)

ਰਜਿੰਦਰ ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਨੈਸ਼ਨਲ ਹਾਈਵੇਆਂ ਤੇ ਬਣੇ ਟੋਲ ਪਲਾਜ਼ਿਆਂ ’ਤੇ ਨੋ ਕੈਸ਼ ਪ੍ਰਣਾਲੀ ਲਾਗੂ ਹੋਣ ਦੇ ਬਾਵਜੂਦ ਕਈ ਥਾਵਾਂ ਤੇ ਵਾਹਨਾਂ ਦੀਆਂ ਅੱਧਾ-ਅੱਧਾ ਕਿਲੋਮੀਟਰ ਤੋਂ ਲੈ ਕੇ ਇੱਕ ਕਿਲੋਮੀਟਰ ਤੱਕ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਆਟੋਮੈਟਿਕ ਭੁਗਤਾਨ ਪ੍ਰਣਾਲੀ ਹੋਣ ਦੇ ਬਾਵਜੂਦ ਯਾਤਰੀਆਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਟੋਲ ਵਸੂਲੀ ਨੂੰ ਆਸਾਨ ਬਣਾਉਣ ਲਈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧੀਨ ਫਾਸਟੈਗ ਪ੍ਰਣਾਲੀ ਲਾਗੂ ਕੀਤੀ ਗਈ ਸੀ, ਜਿਸ ਤਹਿਤ ਵਾਹਨਾਂ ’ਤੇ ਲੱਗੇ ਟੈਗ ਰਾਹੀਂ ਰਕਮ ਆਟੋਮੈਟਿਕ ਕੱਟ ਜਾਂਦੀ ਹੈ। ਟੋਲ ਪਲਾਜ਼ਿਆਂ ’ ਤੇ ਨੋ ਕੈਸ਼ ਦੇ ਬੋਰਡ ਵੀ ਲਗਾਏ ਗਏ ਹਨ, ਪਰ ਇਸ ਦੇ ਬਾਵਜੂਦ ਕਈ ਵਾਰ ਸਰਵਰ ਡਾਊਨ ਹੋ ਜਾਣ, ਟੈਗ ਨਾ ਪੜ੍ਹੇ ਜਾਣ ਜਾਂ ਲੇਨਾਂ ਦੀ ਘੱਟ ਸੰਖਿਆ ਕਾਰਨ ਟਰੈਫਿਕ ਜਾਮ ਦੀ ਸਥਿਤੀ ਬਣ ਜਾਂਦੀ ਹੈ। ਵਾਹਨ ਚਾਲਕਾਂ ਦਾ ਕਹਿਣਾ ਹੈ ਕਿ ਛੁੱਟੀਆਂ, ਵੀਕਐਂਡ ਜਾਂ ਤਿਉਹਾਰਾਂ ਦੇ ਦਿਨਾਂ ’ਚ ਹਾਲਤ ਹੋਰ ਵੀ ਗੰਭੀਰ ਹੋ ਜਾਂਦੀ ਹੈ। ਕਈ ਵਾਰ ਐਂਬੂਲੈਂਸਾਂ ਅਤੇ ਜ਼ਰੂਰੀ ਸੇਵਾਵਾਂ ਵਾਲੇ ਵਾਹਨ ਵੀ ਇਨ੍ਹਾਂ ਲੰਬੀਆਂ ਕਤਾਰਾਂ ਵਿੱਚ ਫਸ ਜਾਂਦੇ ਹਨ, ਜਿਸ ਨਾਲ ਲੋਕਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਸਕਦਾ ਹੈ। ਇਸ ਸਥਿਤੀ ਕਾਰਨ ਇੰਧਨ ਦੀ ਬਰਬਾਦੀ ਵੀ ਵਧ ਰਹੀ ਹੈ ਅਤੇ ਪ੍ਰਦੂਸ਼ਣ ਵਿੱਚ ਇਜ਼ਾਫ਼ਾ ਹੋ ਰਿਹਾ ਹੈ। ਟਰੱਕ ਚਾਲਕਾਂ ਅਤੇ ਰੋਜ਼ਾਨਾ ਆਉਣ-ਜਾਣ ਵਾਲੇ ਯਾਤਰੀਆਂ ਨੇ ਮੰਗ ਕੀਤੀ ਹੈ ਕਿ ਟੋਲ ਪਲਾਜ਼ਿਆਂ ’ਤੇ ਲੇਨਾਂ ਦੀ ਗਿਣਤੀ ਵਧਾਈ ਜਾਵੇ, ਸਰਵਰ ਪ੍ਰਣਾਲੀ ਮਜ਼ਬੂਤ ਕੀਤੀ ਜਾਵੇ । ਲੋਕਾਂ ਦਾ ਕਹਿਣਾ ਹੈ ਕਿ ਜੇਕਰ ਟੋਲ ਪ੍ਰਣਾਲੀ ਪੂਰੀ ਤਰ੍ਹਾਂ ਸੁਚਾਰੂ ਬਣਾਈ ਜਾਵੇ ਤਾਂ ਯਾਤਰਾ ਸਮਾਂ ਬਚ ਸਕਦਾ ਹੈ ਅਤੇ ਯਾਤਰੀਆਂ ਨੂੰ ਰਾਹਤ ਮਿਲ ਸਕਦੀ ਹੈ। ਸਰਕਾਰ ਅਤੇ ਸੰਬੰਧਤ ਵਿਭਾਗਾਂ ਨੂੰ ਚਾਹੀਦਾ ਹੈ ਕਿ ਇਸ ਗੰਭੀਰ ਮਸਲੇ ਵੱਲ ਧਿਆਨ ਦੇ ਕੇ ਢੁੱਕਵੇਂ ਕਦਮ ਚੁੱਕਣ ਤਾਂ ਜੋ ਨੈਸ਼ਨਲ ਹਾਈਵਿਆਂ ’ਤੇ ਯਾਤਰਾ ਆਰਾਮਦਾਇਕ ਬਣ ਸਕੇ।