ਕਰੈਸ਼ਰ ਤੋਂ ਬੱਜ਼ਰੀ ਲੈ ਕੇ ਜਾ ਰਿਹਾ ਓਵਰਲੋਡ ਟਿੱਪਰ ਪਲਟਿਆ, ਡਰਾਈਵਰ ਦੀ ਮੌਤ
ਕਰੈਸ਼ਰ ਤੋਂ ਬੱਜ਼ਰੀ ਲੈ ਕੇ ਜਾ ਰਿਹਾ ਓਵਰਲੋਡ ਟਿੱਪਰ ਪਲਟਿਆ, ਡਰਾਈਵਰ ਦੀ ਮੌਤ
Publish Date: Sun, 24 May 2026 04:48 PM (IST)
Updated Date: Mon, 25 May 2026 04:05 AM (IST)

ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ ਤਾਰਾਗੜ੍ਹ : ਥਾਣਾ ਤਾਰਾਗੜ੍ਹ ਅਧੀਨ ਪੈਂਦੇ ਪਿੰਡ ਕੀੜੀ ਦੇ ਨਜ਼ਦੀਕ ਰਾਵੀ ਦਰਿਆ ਦੇ ਕੀੜੀ ਪੱਤਣ ਇਲਾਕੇ ਵਿੱਚ ਇੱਕ ਖਤਰਨਾਕ ਹਾਦਸਾ ਵਾਪਰਿਆ। ਕੀੜੀ ਕਰੈਸ਼ਰ ਤੋਂ ਰੇਤਾ ਬੱਜ਼ਰੀ ਲੈ ਕੇ ਜਾ ਰਿਹਾ ਇੱਕ ਓਵਰਲੋਡ ਟਿੱਪਰ ਅਚਾਨਕ ਬੇਕਾਬੂ ਹੋ ਕੇ ਪਲਟ ਗਿਆ। ਹਾਦਸੇ ਵਿੱਚ ਟਿੱਪਰ ਡਰਾਈਵਰ ਦੀ ਮੌਤ ਹੋ ਗਈ। ਮ੍ਰਿਤਕ ਡਰਾਈਵਰ ਦੀ ਪਛਾਣ ਮਨਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਬਾਸੀ ਮੱਖੋਵਾਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ। ਜਾਣਕਾਰੀ ਅਨੁਸਾਰ ਮਨਜੀਤ ਸਿੰਘ ਕੀੜੀ ਪੱਤਣ ਸਥਿਤ ਇੱਕ ਕਰੈਸ਼ਰ ਤੋਂ ਟਿੱਪਰ ਵਿੱਚ ਰੇਤਾ ਭਰ ਕੇ ਮੁਕੇਰੀਆਂ ਵੱਲ ਨੂੰ ਜਾ ਰਿਹਾ ਸੀ। ਜਦੋਂ ਉਹ ਅੱਡਾ ਕੀੜੀ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਟਿੱਪਰ ਦਾ ਸੰਤੁਲਨ ਵਿਗੜਨ ਨਾਲ ਟਿੱਪਰ ਪਲਟ ਗਿਆ। ਸਥਾਨਕ ਲੋਕਾਂ ਨੂੰ ਜਦੋਂ ਹਾਦਸੇ ਦਾ ਪਤਾ ਲੱਗ ਗਿਆ ਤਾਂ ਉਨ੍ਹਾਂ ਨੇ ਇਸਦੀ ਸੂਚਨਾ ਤੁਰੰਤ ਤਾਰਾਗੜ੍ਹ ਥਾਣਾ ਦਿੱਤੀ। ਮੌਕੇ ’ਤੇ ਪੁਲਿਸ ਪਾਰਟੀ ਨੇ ਸਥਿਤੀ ਨੂੰ ਦੇਖਦੇ ਹੋਏ ਪੋਕਲੇਨ ਮਸ਼ੀਨ ਬੁਲਾਈ ਗਈ। ਮਸ਼ੀਨ ਦੀ ਮਦਦ ਨਾਲ ਟਿੱਪਰ ਨੂੰ ਚੁੱਕਿਆ ਗਿਆ ਤਾਂ ਦੇਖਿਆ ਕਿ ਡਰਾਈਵਰ ਦੀ ਮੌਤ ਹੋ ਚੁੱਕੀ ਹੈ। ਮੌਕੇ ’ਤੇ ਪਹੁੰਚੇ ਥਾਣਾ ਤਾਰਾਗੜ੍ਹ ਦੇ ਏਐੱਸਆਈ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰਿਕ ਮੈਂਬਰਾਂ ਦੇ ਆਉਣ ਤੇ ਹੀ ਉਹਨਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਦੁਆਰਾ ਅਗਲੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਪੁਲਿਸ ਨੇ ਮ੍ਰਿਤਕ ਡਰਾਈਵਰ ਦੀ ਲਾਸ਼ ਕਬਜ਼ੇ ’ਚ ਲੈ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਥਾਨਕ ਲੋਕਾਂ ਚ ਇਸ ਹਾਦਸੇ ਨੂੰ ਲੈ ਕੇ ਬਹੁਤ ਰੋਸ ਹੈ। ਦੱਸਣ ਯੋਗ ਹੈ ਕਿ ਇਸ ਇਲਾਕੇ ਵਿੱਚ ਰੇਤਾ ਬੱਜ਼ਰੀ ਲੈ ਕੇ ਜਾਣ ਵਾਲੇ ਟਿੱਪਰ ਓਵਰਲੋਡ ਰੇਤਾ ਬੱਜ਼ਰੀ ਲੈ ਕੇ ਜਾਂਦੇ ਹਨ ਅਤੇ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਹਾਦਸੇ ਹੋ ਚੁੱਕੇ ਹਨl ਇਲਾਕਾ ਨਿਵਾਸੀਆਂ ਦਾ ਆਰੋਪ ਹੈ ਕੀ ਪ੍ਰਸ਼ਾਸਨ ਵੱਲੋਂ ਇਨ੍ਹਾਂ ਓਵਰਲੋਡ ਟਿੱਪਰਾਂ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ, ਇਸ ਦੇ ਚੱਲਦੇ ਇਹ ਟਿੱਪਰ ਲਗਾਤਾਰ ਲੋਕਾਂ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਗੰਭੀਰ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਰੋਕਿਆ ਜਾ ਸਕੇ।