ਹੈਰੋਇਨ, 2 ਪਿਸਤੌਲ ਤੇ ਡਰੱਗ ਮਨੀ ਸਮੇਤ ਇਕ ਵਿਅਕਤੀ ਗ੍ਰਿਫਤਾਰ
28 ਗ੍ਰਾਮ ਹੈਰੋਇਨ, 2 ਪਿਸਤੌਲ ਅਤੇ ਡਰੱਗ ਮਨੀ ਸਮੇਤ ਇਕ ਵਿਅਕਤੀ ਗ੍ਰਿਫਤਾਰ
Publish Date: Sat, 25 Apr 2026 05:27 PM (IST)
Updated Date: Sun, 26 Apr 2026 04:08 AM (IST)

ਕੁਲਦੀਪ ਸਲਗਾਨੀਆ, ਪੰਜਾਬੀ ਜਾਗਰਣ ਕਿਲਾ ਲਾਲ ਸਿੰਘ : ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਨੇ 28 ਗ੍ਰਾਮ ਹੈਰੋਇਨ, 2 ਪਿਸਟਲ, 15 ਜਿੰਦਾ ਰੌਂਦ, ਡਰੱਗ ਮਨੀ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਇਕ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਮੁਲਜ਼ਮ ਦੀ ਕਾਰ ਨੂੰ ਵੀ ਕਬਜ਼ੇ ’ਚ ਲੈ ਲਿਆ ਹੈ। ਦੋਵੇਂ ਮੁਲਜ਼ਮ ਆਪਸ ’ਚ ਸਕੇ ਭਰਾ ਹਨ ਅਤੇ ਇਨ੍ਹਾਂ ’ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਇਸ ਸੰਬੰਧੀ ਡੀਐੱਸਪੀ ਫਤਹਿਗੜ੍ਹ ਚੂੜੀਆਂ ਲਲਿਤ ਕੁਮਾਰ ਅਤੇ ਐੱਸਐੱਚਓ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਬਟਾਲਾ ਡਾ. ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਵਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਲੜੀ ਤਹਿਤ ਏਐੱਸਆਈ ਮੰਗਲ ਸਿੰਘ ਪੁਲਿਸ ਪਾਰਟੀ ਸਮੇਤ ਇਕ ਮੁਕੱਦਮੇ ’ਚ ਨਾਮਜ਼ਦ ਵਿਅਕਤੀ ਪਰਮਬੀਰ ਸਿੰਘ ਉਰਫ ਨਾਨਕ ਵਾਸੀ ਚੰਦੂਮੰਝ ਨੂੰ ਗ੍ਰਿਫਤਾਰ ਕਰਨ ਲਈ ਪਿੰਡ ਚੰਦੂਮੰਝ ਪਹੁੰਚੇ ਤਾਂ ਉਸਦੇ ਘਰ ਦੇ ਬਾਹਰ ਇਕ ਕਾਰ ਖੜੀ ਸੀ, ਜਿਸ ਵਿਚ ਪਰਮਬੀਰ ਸਿੰਘ ਅਤੇ ਇਕ ਹੋਰ ਵਿਅਕਤੀ ਬੈਠਾ ਹੋਇਆ ਸੀ। ਉਨ੍ਹਾਂ ਕਿਹਾ ਕਿ ਪੁਲਿਸ ਪਾਰਟੀ ਨੂੰ ਸਾਹਮਣੇ ਦੇਖ ਕੇ ਪਰਮਬੀਰ ਸਿੰਘ ਕਾਰ ’ਚੋਂ ਬਾਹਰ ਨਿਕਲ ਕੇ ਫਰਾਰ ਹੋ ਗਿਆ, ਜਦਕਿ ਕਾਰ ’ਚ ਬੈਠੇ ਦੂਸਰੇ ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰ ਲਿਆ। ਉਨ੍ਹਾਂ ਕਿਹਾ ਕਿ ਪੁਲਿਸ ਨੇ ਫੜੇ ਗਏ ਵਿਅਕਤੀ ਤੋਂ ਇਕ ਪਿਸਟਲ, 5 ਜਿੰਦਾ ਰੌਂਦ, 28 ਗ੍ਰਾਮ ਹੈਰੋਇਨ ਅਤੇ 6500 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ, ਜਦਕਿ ਕਾਰ ਦੀ ਤਲਾਸ਼ੀ ਲੈਣ ’ਤੇ ਕਾਰ ਵਿਚੋਂ ਇਕ ਪਿਸਟਲ 30 ਬੋਰ, ਮੈਗਜੀਨ, 10 ਜਿੰਦਾ ਰੌਂਦ ਅਤੇ ਇਕ ਮੋਬਾਇਲ ਫੋਨ ਬਰਾਮਦ ਹੋਇਆ ਹੈ। ਉਨ੍ਹਾਂ ਕਿਹਾ ਕਿ ਫੜੇ ਗਏ ਵਿਅਕਤੀ ਦੀ ਪਛਾਣ ਸੁੰਦਰ ਸਿੰਘ ਵਾਸੀ ਚੰਦੂਮੰਝ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸਦੇ ਅਤੇ ਫਰਾਰ ਹੋਏ ਵਿਅਕਤੀ ਦੇ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫ਼ਰਾਰ ਹੋਏ ਵਿਅਕਤੀ ਨੂੰ ਵੀ ਪੁਲਿਸ ਵਲੋਂ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਰਮਬੀਰ ਸਿੰਘ ਦੇ ਵਿਰੁੱਧ 12 ਅਤੇ ਸੁੰਦਰ ਸਿੰਘ ਦੇ ਵਿਰੁੱਧ 4 ਮੁਕੱਦਮੇ ਵੱਖ-ਵੱਖ ਥਾਣਿਆਂ ’ਚ ਦਰਜ ਹਨ। ਇਸ ਮੌਕੇ ਉਨ੍ਹਾਂ ਨਾਲ ਏਐੱਸਆਈ ਮੰਗਲ ਸਿੰਘ, ਏਐੱਸਆਈ ਇਕਬਾਲ ਸਿੰਘ, ਏਐੱਸਆਈ ਗੁਰਵਿੰਦਰ ਸਿੰਘ, ਏਐੱਸਆਈ ਗੁਰਮੀਤ ਸਿੰਘ, ਏਐੱਸਆਈ ਕੁਲਦੀਪ ਕੌਰ ਆਦਿ ਹਾਜ਼ਰ ਸਨ।