ਧਾਰਮਿਕ ਸਥਾਨ ਕੋਲ ਜੂਆ ਖੇਡਦੇ ਨੌਂ ਮੁਲਜ਼ਮ ਗ੍ਰਿਫਤਾਰ, ਇਕ ਫਰਾਰ
ਧਾਰਮਿਕ ਸਥਾਨ ਕੋਲ ਜੂਆ ਖੇਡਦੇ ਨੌਂ ਮੁਲਜ਼ਮ ਗ੍ਰਿਫਤਾਰ, ਇੱਕ ਫਰਾਰ
Publish Date: Sat, 09 May 2026 05:05 PM (IST)
Updated Date: Sun, 10 May 2026 04:06 AM (IST)

-- ਮੁਲਜ਼ਮਾਂ ਤੋਂ 2.37 ਲੱਖ, ਇੱਕ ਕਾਰ ਤੇ ਪੰਜ ਮੋਟਰਸਾਈਕਲ ਬਰਾਮਦ, ਕੇਸ ਦਰਜ ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਥਾਣਾ ਧਾਰੀਵਾਲ ਦੀ ਪੁਲਿਸ ਨੇ ਪਿੰਡ ਫਤਹਿਨੰਗਲ ਵਿੱਚ ਸਥਿਤ ਇੱਕ ਧਾਰਮਿਕ ਸਥਾਨ ਕੋਲ ਜੂਆ ਖੇਡਦੇ ਹੋਏ ਨੌਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਇੱਕ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਮੁਲਜ਼ਮਾਂ ਤੋਂ 2 ਲੱਖ 37 ਹਜ਼ਾਰ ਰੁਪਏ ਦੀ ਨਕਦੀ, ਇੱਕ ਕਾਰ ਅਤੇ ਪੰਜ ਦੋਪਹੀਆ ਵਾਹਨ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਡੀਐੱਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਏਐੱਸਆਈ ਕੁਲਦੀਪ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਬੱਸ ਸਟੈਂਡ ਧਾਰੀਵਾਲ, ਮਾਡਲ ਟਾਊਨ ਧਾਰੀਵਾਲ, ਪਿੰਡ ਅਹਿਮਦਾਬਾਦ ਆਦਿ ਵੱਲ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਰੇਲਵੇ ਫਾਟਕ ਫਤਹਿਨੰਗਲ ਪਹੁੰਚੀ ਤਾਂ ਸੂਚਨਾ ਮਿਲੀ ਕਿ ਸੌਰਵ ਸ਼ਰਮਾ ਵਾਸੀ ਪਿੰਡ ਫਤਹਿਨੰਗਲ ਭੋਲੇ-ਭਾਲੇ ਲੋਕਾਂ ਨੂੰ ਲਾਲਚ ਦਿੰਦਾ ਹੈ ਕਿ ਜੇਕਰ ਜਿੱਥੇ ਜੂਆ ਖੇਡਦੇ ਹੋ ਤਾਂ ਪੈਸੇ ਦੁੱਗਣੇ ਕਮਾਓਗੇ ਅਤੇ ਪਿੰਡ ਤੋਂ ਬਾਹਰ ਪੀਰ ਬਾਬੇ ਵਾਲੀ ਥਾਂ ਕੋਲ ਜੂਆ ਖੇਡਦਾ ਹੈ। ਇਸ ਸਮੇਂ ਵੀ ਉਕਤ ਥਾਂ ਤੇ ਜੂਆ ਖੇਡ ਰਹੇ ਹਨ। ਜੇਕਰ ਹੁਣੇ ਹੀ ਛਾਪਾ ਮਾਰਿਆ ਜਾਵੇ ਤਾਂ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਸੂਚਨਾ ਦੇ ਆਧਾਰ ਤੇ ਜਦੋਂ ਉਕਤ ਥਾਂ ਤੇ ਛਾਪਾ ਮਾਰਿਆ ਗਿਆ ਤਾਂ ਜੂਆ ਖੇਡਦੇ ਹੋਏ ਕਮਾਲਾ ਭੱਟੀ ਵਾਸੀ ਬਟਾਲਾ, ਜੋਨ ਵਾਸੀ ਲੰਗਾਹ, ਰਾਜਨ ਭੱਟੀ ਵਾਸੀ ਬਟਾਲਾ, ਮੰਨੀ ਸ਼ਰਮਾ ਵਾਸੀ ਬਟਾਲਾ, ਰਵੀ ਕੁਮਾਰ ਵਾਸੀ ਧਾਰੀਵਾਲ, ਰਜਤ ਵਾਸੀ ਮਾਸਟਰ ਕਾਲੋਨੀ ਧਾਰੀਵਾਲ, ਆਦਿੱਤਿਆ ਮਹਾਜਨ ਵਾਸੀ ਗੋਲਡਨ ਐਵੇਨਿਊ ਕਾਲੋਨੀ ਧਾਰੀਵਾਲ, ਲੱਕੀ ਵਾਸੀ ਬੇਦੀ ਕਾਲੋਨੀ ਧਾਰੀਵਾਲ ਅਤੇ ਰਾਜੇਸ਼ ਕੁਮਾਰ ਵਾਸੀ ਮਾਡਲ ਟਾਊਨ ਧਾਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ। ਜਦਕਿ ਸੌਰਵ ਸ਼ਰਮਾ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਮੌਕੇ ਤੇ ਮੁਲਜ਼ਮਾਂ ਤੋਂ 2 ਲੱਖ 37 ਹਜ਼ਾਰ ਰੁਪਏ ਨਕਦੀ, ਇੱਕ ਕਾਰ ਅਤੇ ਪੰਜ ਮੋਟਰਸਾਈਕਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਫੜੇ ਗਏ ਤਿੰਨ ਮੁਲਜ਼ਮ ਬਟਾਲਾ ਨਾਲ ਸਬੰਧਤ ਹਨ, ਜਦਕਿ ਬਾਕੀ ਮੁਲਜ਼ਮ ਧਾਰੀਵਾਲ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।