ਐੱਸ.ਕੇ.ਡੀ ਖਾਲਸਾ ਸਕੂਲ ’ਚ ਨਵੇਂ ਸੈਸ਼ਨ ਦੀ ਸ਼ੁਰੂਆਤ
ਐੱਸ.ਕੇ.ਡੀ ਖਾਲਸਾ ਸਕੂਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਵੇਂ ਸੈਸ਼ਨ ਦੀ ਸ਼ੁਰੂਆਤ
Publish Date: Fri, 01 May 2026 03:34 PM (IST)
Updated Date: Fri, 01 May 2026 03:35 PM (IST)

ਕਸ਼ਮੀਰ ਸਿੰਘ ਸੰਧੂ ਪੰਜਾਬੀ ਜਾਗਰਣ ਕਾਦੀਆਂ/ਸ੍ਰੀ ਹਰਗੋਬਿੰਦਪੁਰ ਸਾਹਿਬ: ਬਾਬਾ ਆਇਆ ਸਿੰਘ ਰਿਆੜਕੀ ਕਾਲਜ (ਤੁਗਲਵਾਲਾ) ਅਧੀਨ ਚੱਲ ਰਹੇ ਸ਼੍ਰੀ ਖੜਗਧਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ ਵਿੰਗ) ਵੱਲੋਂ ਨਵੇਂ ਅਕਾਦਮਿਕ ਸੈਸ਼ਨ 2026-27 ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਵਿਸ਼ੇਸ਼ ਅਰਦਾਸ ਦਿਵਸ ਦਾ ਆਯੋਜਨ ਕਰਕੇ ਕੀਤੀ ਗਈ, ਜਿਸ ਵਿਦਿਆਰਥੀਆਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ। ਉਪਰੰਤ ਸ਼ਬਦ ਕੀਰਤਨ ਨਾਲ ਵਾਤਾਵਰਣ ਨੂੰ ਸਰਾਬੋਰ ਕਰ ਦਿੱਤਾ। ਵਿਦਿਆਰਥੀਆਂ ਨੇ ਵਿਸ਼ੇਸ਼ ਮੈਗਜ਼ੀਨ ਅਤੇ ਪ੍ਰੇਰਣਾਦਾਇਕ ਬੋਰਡ ਵੀ ਤਿਆਰ ਕੀਤੇ ਅਤੇ ਹਰ ਵਿਦਿਆਰਥੀ ਨੇ ਗੁਰੂ ਸਾਹਿਬ ਦੀ ਹਜ਼ੂਰੀ ’ਚ ਆਪਣੇ ਜੀਵਨ-ਟੀਚਿਆਂ ਨੂੰ ਪੂਰਾ ਕਰਨ ਦਾ ਪੱਕਾ ਆਹਿਦ ਲਿਆ। ਇਸ ਮੌਕੇ ਸ਼੍ਰੀ ਖੜਗਧਾਰੀ ਸਕੂਲ ਬੁਆਏਜ਼ ਵਿੰਗ ਦੇ ਹੈੱਡਮਾਸਟਰ ਹਰਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਇਸ ਸੰਸਥਾ ਦੀ ਇੱਕ ਵਿਲੱਖਣ ਅਤੇ ਮਾਣਯੋਗ ਪਰੰਪਰਾ ਹੈ ਕਿ ਲੜਕੇ ਵਿਭਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ-ਸੰਭਾਲ ਅਤੇ ਪਾਠ ਦਾ ਸਮੁੱਚਾ ਕਾਰਜ ਲੜਕਿਆਂ ਵੱਲੋਂ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਵਿਦਿਆਰਥੀ ਜਿੱਥੇ ਪੜ੍ਹਾਈ ਵਿੱਚ ਉੱਚੇ ਨੰਬਰ ਹਾਸਲ ਕਰਦੇ ਹਨ, ਉੱਥੇ ਹੀ ਗੁਰਬਾਣੀ ਦੇ ਪਾਠ ਵਿੱਚ ਵੀ ਉਹ ਸਭ ਤੋਂ ਅੱਗੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲ ਦੇ ਸੰਸਥਾ ਦੇ ਵੱਖਰੇ ਬਲਾਕ ਵਿੱਚ ਜਲਦ ਹੀ ਨਵੀਆਂ ਸਕਿੱਲ ਲੈਬੋਰੇਟਰੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ, ਜੋ ਇਸ ਸੈਸ਼ਨ ਤੋਂ ਵਿਦਿਆਰਥੀਆਂ ਦੀ ਸੇਵਾ ਵਿੱਚ ਆਰੰਭ ਹੋ ਜਾਣਗੀਆਂ। ਸਮਾਗਮ ਦੌਰਾਨ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਅਨਮੋਲ ਸਿਧਾਂਤਾਂ — ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਦੀ ਪ੍ਰੇਰਨਾ ਦਿੱਤੀ। ਜਦਕਿ ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ ਇਸ ਮਹਾਨ ਅਦਾਰੇ ਤੋਂ ਸਿੱਖਿਆ ਪ੍ਰਾਪਤ ਕਰ ਚੁੱਕੇ ਹਜ਼ਾਰਾਂ ਵਿਦਿਆਰਥੀ ਅੱਜ ਦੇਸ਼-ਵਿਦੇਸ਼ ਵਿੱਚ ਉੱਚੇ ਅਹੁਦਿਆਂ ਤੇ ਸੇਵਾਵਾਂ ਨਿਭਾ ਰਹੇ ਹਨ। ਅੰਤ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਗੁਰਬਾਣੀ ਦੇ ਸਿਧਾਂਤਾਂ ਅਨੁਸਾਰ ਆਪਣਾ ਕਾਰਜ ਪੂਰੀ ਸ਼ਰਧਾ ਅਤੇ ਸਮਰਪਣ ਨਾਲ ਕਰਨ ਦਾ ਸਾਂਝਾ ਪ੍ਰਣ ਲਿਆ। ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸੈਸ਼ਨ 2026-27 ਵਿੱਚ ਸੰਸਥਾ, ਸਟਾਫ਼ ਅਤੇ ਵਿਦਿਆਰਥੀਆਂ ਦੀ ਚੜ੍ਹਦੀ ਕਲਾ ਲਈ ਦੁਆ ਕੀਤੀ ਗਈ। ਇਸ ਮੌਕੇ ਜਗਦੀਸ਼ ਕੌਰ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦਿਆਂ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਸਮਾਗਮ ਵਿਚ ਸਮੂਹ ਸਟਾਫ਼ ਅਤੇ ਵਿਦਿਆਰਥੀ ਵਰਗ ਹਾਜ਼ਰ ਰਿਹਾ।