ਗੰਨੇ ਦੀ ਫ਼ਸਲ ’ਚ ਖਾਦਾਂ ਦੀ ਸੰਤੁਲਤ ਵਰਤੋਂ ਕਰਨ ਦੀ ਲੋੜ : ਕੇਨ ਕਮਿਸ਼ਨਰ
ਗੰਨੇ ਦੀ ਫ਼ਸਲ ਵਿਚ ਖਾਦਾਂ ਦੀ ਸੰਤੁਲਤ ਵਰਤੋਂ ਕਰਨ ਦੀ ਜ਼ਰੂਰਤ- ਕੇਨ ਕਮਿਸ਼ਨਰ
Publish Date: Sat, 25 Apr 2026 04:56 PM (IST)
Updated Date: Sun, 26 Apr 2026 04:07 AM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਫ਼ਸਲਾਂ ਵਿਚ ਸੰਤੁਲਿਤ ਖਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਚਲਾਈ ਮੁਹਿੰਮ ਤਹਿਤ ਦਫਤਰ ਗੰਨਾ ਕਮਿਸ਼ਨਰ ਪੰਜਾਬ ਅਤੇ ਸਮੂਹ ਖੰਡ ਮਿੱਲਾਂ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਪੰਜਾਬ ਭਰ ਦੀਆਂ ਨਿੱਜੀ ਅਤੇ ਸਹਿਕਾਰੀ ਖੰਡ ਮਿੱਲਾਂ ਦੇ ਸਹਿਯੋਗ ਨਾਲ ਇੱਕੋ ਦਿਨ 441 ਪਿੰਡਾਂ ਵਿਚ ਨੁੱਕੜ ਮੀਟਿੰਗਾਂ ਕਰਕੇ 4363 ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਫ਼ਸਲ ਵਿਚ ਸੰਤੁਲਿਤ ਖਾਦਾਂ ਦੀ ਵਰਤੋਂ ਖਾਸ ਕਰਕੇ ਯੂਰੀਆ ਖਾਦ ਦੀ ਵਰਤੋਂ ਸਿਫਾਰਸ਼ਾਂ ਅਨੁਸਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਲੜੀ ਤਹਿਤ ਪਿੰਡ ਸਹਾਰੀ ਵਿਚ ਕੀਤੀ ਮੀਟਿੰਗ ਵਿਚ ਇਕੱਤਰ ਗੰਨਾ ਕਾਸ਼ਤਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਯੂਰੀਆ ਦੀ ਵਧ ਰਹੀ ਖਪਤ ਦੇ ਮੱਦੇਨਜ਼ਰ ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਸਰਕਾਰ ਵੱਲੋਂ ਗੰਨਾ ਕਾਸ਼ਤ ਕਾਰਾਂ ਨੂੰ ਗੰਨੇ ਦੀ ਫ਼ਸਲ ਵਿਚ ਸੰਤੁਲਿਤ ਖਾਦਾਂ ਦੀ ਵਰਤੋਂ ਲਈ ਚਲਾਈ ਮੁਹਿੰਮ ਤਹਿਤ ਪਿੰਡ ਪੱਧਰ।
ਬਲਾਕ ਅਤੇ ਜ਼ਿਲ੍ਹਾ ਪੱਧਰ ’ਤੇ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੰਨੇ ਦੀ ਫ਼ਸਲ ਲੰਮੇ ਸਮੇਂ ਦੀ ਫ਼ਸਲ ਹੋਣ ਕਾਰਨ ,ਆਮ ਫ਼ਸਲਾਂ ਜਿਵੇਂ ਕਣਕ ਝੋਨੇ, ਮੱਕੀ ਆਦਿ ਨਾਲੋਂ , ਗੰਨੇ ਦੀ ਫ਼ਸਲ ਨੂੰ ਜ਼ਿਆਦਾ ਮਾਤਰਾ ਵਿਚ ਖੁਰਾਕੀ ਤੱਤਾਂ ਦੀ ਜ਼ਰੂਰਤ ਪੈਂਦੀ ਹੈ ਅਤੇ ਪੀਏਯੂ ਲੁਧਿਆਣਾ ਵਲੋਂ ਬੀਜੜ੍ਹ ਗੰਨੇ ਦੀ ਫ਼ਸਲ ਲਈ 135 ਕਿੱਲੋ ਯੂਰੀਆ ਅਤੇ ਮੂਢੀ ਫ਼ਸਲ ਲਈ 195 ਕਿਲੋ ਯੂਰੀਆ ਪ੍ਰਤੀ ਏਕੜ ਸਿਫਾਰਸ਼ ਕੀਤੀ ਗਈ ਹੈ। ਪ੍ਰੰਤੂ ਗੰਨਾ ਕਾਸ਼ਤਕਾਰਾਂ ਵੱਲੋਂ ਸਿਫਾਰਸ਼ਾਂ ਤੋਂ ਜ਼ਿਆਦਾ ਵਰਤੋਂ ਕਰਨ ਨਾਲ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ।
ਉਨ੍ਹਾਂ ਦੱਸਿਆ ਕਿ ਧਿਆਨ ਵਿਚ ਆਇਆ ਹੈ ਕਿ ਗੰਨਾ ਕਾਸ਼ਤਕਾਰਾਂ ਵੱਲੋਂ ਗੰਨੇ ਦੀ ਫ਼ਸਲ ਨੂੰ ਸਿਫਾਰਸ਼ਾਂ ਤੋਂ ਵੱਧ ਖਾਦਾਂ ਖਾਸ ਕਰਕੇ ਯੂਰੀਆ ਖਾਦ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ। ਖੇਤੀ ਵਿਸਥਾਰ ਅਫ਼ਸਰ ਅਰਜਿੰਦਰ ਸਿੰਘ ਨੇ ਕਿਸਾਨਾਂ ਨੁੰ ਅਪੀਲ ਕੀਤੀ ਕਿ ਸਰਕਾਰੀ ਸਕੀਮਾਂ ਦੀ ਸਹੂਲਤ ਲੈਣ ਲਈ ਆਪਣੀ ਐਗਰੀ ਸਟੈਕ ਰਜਿਸਟਰੀ ਕਰਵਾਉਣ ਅਤੇ ਆਪਣੀ ਆਈ ਡੀ ਬਣਾਉਣ ਲਈ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕਰਨ। ਇਸ ਮੌਕੇ ਡਾ. ਗਗਨ ਦੀਪ ਕੌਰ ਖ਼ੇਤੀਬਾੜੀ ਵਿਕਾਸ ਅਫ਼ਸਰ (ਗੰਨਾ), ਬਿਕਰਮਜੀਤ ਸਿੰਘ ਖੇਤੀ ਉਪ ਨਿਰੀਖਕ, ਪਲਵਿੰਦਰ ਸਿੰਘ, ਸੁਖਬ੍ਰਿੰਦਰ ਸਿੰਘ, ਜੋਗਾ ਸਿੰਘ ਸਮੇਤ ਕਿਸਾਨ ਹਾਜ਼ਰ ਸਨ।