ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ, ਅੱਜ ਹੋਵੇਗੀ ਵੋਟਿੰਗ, ਪੋਲਿੰਗ ਪਾਰਟੀਆਂ ਰਵਾਨਾ
ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ, ਅੱਜ ਹੋਵੇਗੀ ਵੋਟਿੰਗ, ਪੋਲਿੰਗ ਪਾਰਟੀਆਂ ਰਵਾਨਾ
Publish Date: Mon, 25 May 2026 05:47 PM (IST)
Updated Date: Mon, 25 May 2026 05:49 PM (IST)

--ਗੁਰਦਾਸਪੁਰ, ਦੀਨਾਨਗਰ ਅਤੇ ਕਾਦੀਆਂ ਨਗਰ ਕੌਂਸਲ ਦੀਆਂ ਚੋਣਾਂ 10 ਜੂਨ ਨੂੰ ਹੋਣਗੀਆਂ ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਜ਼ਿਲ੍ਹੇ ਵਿੱਚ ਹੋਣ ਵਾਲੀਆਂ ਨਗਰ ਨਿਗਮ ਅਤੇ ਤਿੰਨ ਨਗਰ ਕੌਂਸਲਾਂ ਦੀਆਂ ਚੋਣਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਚੋਣ ਪ੍ਰੋਗਰਾਮ ਅਨੁਸਾਰ ਡੀਸੀ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਗੁਰਦਾਸਪੁਰ ਆਦਿਤਿਆ ਉੱਪਲ ਦੀ ਰਹਿਨੁਮਾਈ ਹੇਠ ਨਗਰ ਨਿਗਮ ਬਟਾਲਾ, ਨਗਰ ਕੌਂਸਲ ਧਾਰੀਵਾਲ, ਫ਼ਤਹਿਗੜ੍ਹ ਚੂੜੀਆਂ ਅਤੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਮੰਗਲਵਾਰ ਨੂੰ ਵੋਟਿੰਗ ਹੋਵੇਗੀ। ਏਡੀਸੀ-ਕਮ-ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਨਗਰ ਨਿਗਮ ਬਟਾਲਾ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਕਰਵਾਈਆਂ ਜਾਣਗੀਆਂ। ਵੋਟਿੰਗ ਲਈ ਵੱਖ-ਵੱਖ ਪੋਲਿੰਗ ਬੂਥਾਂ ਲਈ ਸੋਮਵਾਰ ਨੂੰ ਪੋਲਿੰਗ ਪਾਰਟੀਆਂ ਰਵਾਨਾ ਹੋ ਚੁੱਕੀਆਂ ਹਨ। ਚੋਣ ਕਮਿਸ਼ਨ ਦੇ ਹੁਕਮਾਂ ਤਹਿਤ ਚੋਣਾਂ ਪੂਰੀ ਤਰ੍ਹਾਂ ਨਿਰਪੱਖ ਅਤੇ ਆਜ਼ਾਦ ਮਾਹੌਲ ਵਿੱਚ ਕਰਵਾਈਆਂ ਜਾਣਗੀਆਂ। ਸਾਰੇ ਪੋਲਿੰਗ ਬੂਥਾਂ ’ਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਮਾਹੌਲ ਵਿਗਾੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਗਿੱਲ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 26 ਮਈ ਨੂੰ ਬਿਨਾਂ ਕਿਸੇ ਲਾਲਚ ਜਾਂ ਡਰ ਦੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ। ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਉਨ੍ਹਾਂ ਕਿਹਾ ਕਿ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਲੋਕਤੰਤਰ ਨੂੰ ਹੋਰ ਮਜ਼ਬੂਤ ਕਰੇਗੀ। --- ਬਟਾਲਾ ਵਿੱਚ ਸਭ ਤੋਂ ਵੱਧ ਵੋਟਰ--- ਜ਼ਿਕਰਯੋਗ ਹੈ ਕਿ ਬਟਾਲਾ ਨਗਰ ਨਿਗਮ ਦੇ 50 ਵਾਰਡ, 122 ਪੋਲਿੰਗ ਬੂਥ ਅਤੇ 1 ਲੱਖ 18 ਹਜ਼ਾਰ 422 ਵੋਟਰ ਹਨ। ਧਾਰੀਵਾਲ ਨਗਰ ਕੌਂਸਲ ਦੇ 13 ਵਾਰਡ, 14 ਬੂਥ ਅਤੇ 12,473 ਵੋਟਰ ਹਨ। ਸ਼੍ਰੀ ਹਰਗੋਬਿੰਦਪੁਰ ਸਾਹਿਬ ਨਗਰ ਕੌਂਸਲ ਦੇ 11 ਵਾਰਡ, 11 ਪੋਲਿੰਗ ਬੂਥ ਅਤੇ 7,041 ਵੋਟਰ ਹਨ, ਅਤੇ ਨਗਰ ਕੌਂਸਲ ਫ਼ਤਹਿਗੜ੍ਹ ਚੂੜੀਆਂ ਦੇ 13 ਵਾਰਡ, 17 ਪੋਲਿੰਗ ਬੂਥ ਅਤੇ 14,821 ਵੋਟਰ ਹਨ। ਪ੍ਰਸ਼ਾਸਨ ਨੇ ਸਾਰੇ ਵੋਟਰਾਂ ਨੂੰ ਸ਼ਾਂਤੀਪੂਰਨ ਮਾਹੌਲ ਵਿੱਚ ਵੋਟਿੰਗ ਕਰਨ ਅਤੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਸਾਰੇ ਪੋਲਿੰਗ ਬੂਥਾਂ ’ਤੇ ਵੋਟਰਾਂ ਦੀ ਸਹੂਲਤ ਲਈ ਪੀਣ ਵਾਲਾ ਪਾਣੀ, ਛਾਂ ਅਤੇ ਵ੍ਹੀਲਚੇਅਰ ਵਰਗੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ---ਹਰ ਬੂਥ ’ਤੇ ਦੋ-ਦੋ ਸੀਸੀਟੀਵੀ--- ਏਡੀਸੀ ਨੇ ਦੱਸਿਆ ਕਿ ਹਰ ਬੂਥ ’ਤੇ ਦੋ-ਦੋ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਚੋਣਾਂ ਨੂੰ ਨਿਰਪੱਖ, ਸ਼ਾਂਤੀਪੂਰਨ ਅਤੇ ਸੁਰੱਖਿਅਤ ਢੰਗ ਨਾਲ ਸੰਪੰਨ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਚੋਣਾਂ ਦੌਰਾਨ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਹਰ ਪੋਲਿੰਗ ਸਟੇਸ਼ਨ ’ਤੇ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ। ਕੁਝ ਖੇਤਰਾਂ ਨੂੰ ਸੰਵੇਦਨਸ਼ੀਲ ਚਿੰਨ੍ਹਿਤ ਕੀਤਾ ਗਿਆ ਹੈ, ਜਿੱਥੇ ਸੁਰੱਖਿਆ ਦੇ ਵਾਧੂ ਪ੍ਰਬੰਧ ਕੀਤੇ ਗਏ ਹਨ। ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਰਿਜ਼ਰਵ ਫੋਰਸ ਅਤੇ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪ੍ਰਸ਼ਾਸਨ ਅਤੇ ਪੁਲਿਸ ਨੇ ਸਾਫ਼ ਕਰ ਦਿੱਤਾ ਹੈ ਕਿ ਚੋਣਾਂ ਦੌਰਾਨ ਕਿਸੇ ਵੀ ਕਿਸਮ ਦੀ ਬੇਅਨੁਸ਼ਾਸ਼ਨੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ---ਇਹ ਦਸਤਾਵੇਜ਼ ਵੀ ਮੰਨਣਯੋਗ ਹੋਣਗੇ--- ਚੋਣ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਕਿਸੇ ਵੋਟਰ ਕੋਲ ਵੋਟਿੰਗ ਸਮੇਂ ਉਸ ਦੀ ਪਛਾਣ ਲਈ ਐਪਿਕ (ਵੋਟਰ ਪਛਾਣ ਪੱਤਰ) ਮੌਜੂਦ ਨਹੀਂ ਹੈ ਤਾਂ ਉਹ ਪਾਸਪੋਰਟ, ਪੈਨਸ਼ਨ ਕਾਰਡ, ਯੂਡੀਆਈਡੀ (ਦਿਵਿਆਂਗ ਪਛਾਣ) ਕਾਰਡ, ਬੈਂਕ ਜਾਂ ਡਾਕਘਰ ਪਾਸਬੁੱਕ, ਮਨਰੇਗਾ ਕਾਰਡ, ਡਰਾਈਵਿੰਗ ਲਾਇਸੈਂਸ, ਸਰਵਿਸ ਆਈਡੀ ਕਾਰਡ, ਅਧਿਕਾਰਤ ਆਈਡੀ ਕਾਰਡ, ਆਧਾਰ ਕਾਰਡ, ਪੈਨ ਕਾਰਡ, ਸਿਹਤ ਬੀਮਾ ਸਮਾਰਟ ਕਾਰਡ ਅਤੇ ਹੋਰ ਸਰਕਾਰ ਵੱਲੋਂ ਜਾਰੀ ਫੋਟੋ ਯੁਕਤ ਪਛਾਣ ਪੱਤਰ ਦਿਖਾ ਕੇ ਵੋਟ ਪਾ ਸਕਦੇ ਹਨ। ਸਾਰੇ ਪੋਲਿੰਗ ਬੂਥਾਂ ’ਤੇ ਸੰਬੰਧਤ ਅਧਿਕਾਰੀ ਵਿਕਲਪਕ ਦਸਤਾਵੇਜ਼ਾਂ ਦੇ ਆਧਾਰ ’ਤੇ ਪਛਾਣ ਯਕੀਨੀ ਬਣਾਉਣ ਤੋਂ ਬਾਅਦ ਵੋਟਿੰਗ ਦੀ ਇਜਾਜ਼ਤ ਦੇਣਗੇ। ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਜਿਨ੍ਹਾਂ ਵੋਟਰਾਂ ਕੋਲ ਵੋਟਰ ਕਾਰਡ ਨਹੀਂ ਹੈ, ਉਹ ਘਬਰਾਉਣ ਨਾ ਅਤੇ ਉਪਰੋਕਤ ਵਿੱਚੋਂ ਕੋਈ ਇੱਕ ਦਸਤਾਵੇਜ਼ ਨਾਲ ਲੈ ਕੇ ਜ਼ਰੂਰ ਪਹੁੰਚਣ। ਲੋਕਤੰਤਰ ਦੇ ਇਸ ਤਿਉਹਾਰ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਇਹ ਪ੍ਰਬੰਧ ਕੀਤਾ ਗਿਆ ਹੈ। --ਗੁਰਦਾਸਪੁਰ, ਦੀਨਾਨਗਰ, ਕਾਦੀਆਂ ਵਿੱਚ ਚੋਣਾਂ 10 ਜੂਨ ਨੂੰ-- ਉੱਥੇ ਹੀ ਪੰਜਾਬ ਰਾਜ ਚੋਣ ਕਮਿਸ਼ਨ ਨੇ ਨਗਰ ਕੌਂਸਲ ਦੀਨਾਨਗਰ, ਗੁਰਦਾਸਪੁਰ ਅਤੇ ਕਾਦੀਆਂ ਦੀਆਂ ਚੋਣਾਂ ਲਈ ਵੀ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਕਮਿਸ਼ਨ ਅਨੁਸਾਰ ਇਨ੍ਹਾਂ ਨਗਰ ਕੌਂਸਲਾਂ ਲਈ ਵੋਟਿੰਗ 10 ਜੂਨ ਨੂੰ ਕਰਵਾਈ ਜਾਵੇਗੀ। ਨਾਮਜ਼ਦਗੀਆਂ 28 ਮਈ ਤੋਂ 1 ਜੂਨ ਤੱਕ ਹੋਣਗੀਆਂ। ਉਮੀਦਵਾਰ ਸੰਬੰਧਤ ਰਿਟਰਨਿੰਗ ਅਧਿਕਾਰੀ ਦੇ ਦਫ਼ਤਰ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਆਪਣੇ ਕਾਗਜ਼ ਜਮ੍ਹਾਂ ਕਰਵਾ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਜਾਂਚ 2 ਜੂਨ ਨੂੰ ਹੋਵੇਗੀ, ਜਦੋਂ ਕਿ ਉਮੀਦਵਾਰ 3 ਜੂਨ ਨੂੰ ਦੁਪਹਿਰ 3 ਵਜੇ ਤੱਕ ਆਪਣਾ ਨਾਮ ਵਾਪਸ ਲੈ ਸਕਣਗੇ। 10 ਜੂਨ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਤੋਂ ਬਾਅਦ ਉਸੇ ਦਿਨ ਗਿਣਤੀ ਹੋਵੇਗੀ। ਪ੍ਰਸ਼ਾਸਨ ਨੇ ਸ਼ਾਂਤੀਪੂਰਨ ਅਤੇ ਨਿਰਪੱਖ ਚੋਣਾਂ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਵੋਟਰਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਵੋਟਿੰਗ ਕਰਨ ਦੀ ਅਪੀਲ ਕੀਤੀ ਗਈ ਹੈ।